ਫਿਰ ਉੱਠਿਆ ਮੁੱਖ ਮੰਤਰੀ ਦੀ ਪਾਕਿਸਤਾਨੀ ਮਿੱਤਰ ਅਰੂਸਾ ਆਲਮ ਦਾ ਮਾਮਲਾ

Friday, Aug 03, 2018 - 05:28 AM (IST)

ਫਿਰ ਉੱਠਿਆ ਮੁੱਖ ਮੰਤਰੀ ਦੀ ਪਾਕਿਸਤਾਨੀ ਮਿੱਤਰ ਅਰੂਸਾ ਆਲਮ ਦਾ ਮਾਮਲਾ

ਚੰਡੀਗੜ੍ਹ(ਸ਼ਰਮਾ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਕਿਸਤਾਨੀ ਮਿੱਤਰ ਅਰੂਸਾ ਆਲਮ ਦਾ ਮਾਮਲਾ ਇਕ ਵਾਰ ਫਿਰ ਸੁਰਖੀਆਂ ਵਿਚ ਆ ਗਿਆ ਹੈ। ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਮੰਤਰੀ ਮੰਡਲ ਦੇ ਸਹੁੰ ਚੁੱਕ ਸਮਾਰੋਹ ਵਿਚ ਅਰੂਸਾ ਆਲਮ ਵੀ ਮਹਿਮਾਨ ਦੇ ਰੂਪ ਵਿਚ ਮੌਜੂਦ ਸੀ। ਹਾਲਾਂਕਿ ਇਹ ਸੱਚਾਈ ਜਗ ਜ਼ਾਹਿਰ ਸੀ ਪਰ ਇਸ ਸਬੰਧੀ ਪੰਜਾਬ ਦੇ ਰਾਜਪਾਲ ਦਫ਼ਤਰ ਨੇ ਸੂਚਨਾ ਦਾ ਅਧਿਕਾਰ ਐਕਟ ਦੇ ਤਹਿਤ ਆਰ. ਟੀ. ਆਈ. ਐਕਟੀਵਿਸਟ ਐਡਵੋਕੇਟ ਐੱਚ. ਸੀ. ਅਰੋੜਾ ਵਲੋਂ ਮੰਗੀ ਗਈ ਜਾਣਕਾਰੀ ਆਧਿਕਾਰਕ ਤੌਰ 'ਤੇ ਪ੍ਰਦਾਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਅਰੋੜਾ ਨੇ ਐਕਟ ਦੇ ਤਹਿਤ ਰਾਜਪਾਲ ਦਫ਼ਤਰ ਦੇ ਸੂਚਨਾ ਅਧਿਕਾਰੀ ਕੋਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੰਤਰੀ ਮੰਡਲ ਦੇ ਪਿਛਲੇ ਸਾਲ 16 ਮਾਰਚ ਨੂੰ ਹੋਏ ਸਹੁੰ ਚੁੱਕ ਸਮਾਰੋਹ ਵਿਚ ਸੱਦੇ ਮਹਿਮਾਨਾਂ ਦੀ ਸੂਚੀ ਮੰਗੀ ਸੀ। ਨਾਲ ਹੀ ਇਹ ਵੀ ਮੰਗ ਕੀਤੀ ਸੀ ਕਿ ਉਨ੍ਹਾਂ ਵਿਦੇਸ਼ੀ ਮਹਿਮਾਨਾਂ ਦੇ ਨਾਵਾਂ ਦੀ ਸੂਚੀ ਵੱਖਰੇ ਤੌਰ 'ਤੇ ਪ੍ਰਦਾਨ ਕੀਤੀ ਜਾਵੇ, ਜੋ ਇਸ ਸਮਾਰੋਹ ਵਿਚ ਸ਼ਾਮਲ ਹੋਏ ਸਨ। ਅਰੋੜਾ ਅਨੁਸਾਰ ਉਨ੍ਹਾਂ ਨੂੰ ਰਾਜਪਾਲ ਦਫ਼ਤਰ ਦੀ ਸੂਚਨਾ ਅਧਿਕਾਰੀ ਸ਼ਿਖਾ ਨਹਿਰਾ ਨੇ ਪੰਜਾਬ ਦੇ ਰਾਜਪਾਲ ਵਲੋਂ 23 ਫਰਵਰੀ, 2006 ਨੂੰ ਜਾਰੀ ਉਸ ਨੋਟੀਫਿਕੇਸ਼ਨ ਨੂੰ ਭੇਜਦਿਆਂ ਕਿਹਾ ਹੈ ਕਿ ਇਸ ਨੋਟੀਫਿਕੇਸ਼ਨ ਦੇ ਆਧਾਰ 'ਤੇ ਉਕਤ ਜਾਣਕਾਰੀ ਪ੍ਰਦਾਨ ਨਹੀਂ ਕੀਤੀ ਜਾ ਸਕਦੀ ਪਰ ਅਰੋੜਾ ਨੇ ਇਸ ਜਵਾਬ 'ਤੇ ਹੈਰਾਨੀ ਜਤਾਉਂਦਿਆਂ ਕਿਹਾ ਹੈ ਕਿ ਉਕਤ ਨੋਟੀਫਿਕੇਸ਼ਨ ਦੇ ਤਹਿਤ ਪੰਜਾਬ ਸਰਕਾਰ ਦੇ ਗ੍ਰਹਿ ਤੇ ਨਿਆਂ ਵਿਭਾਗ ਅਨੁਸਾਰ 'ਸਕਿਓਰਿਟੀ ਵਿੰਗ' ਨੂੰ ਸੂਚਨਾ ਦਾ ਅਧਿਕਾਰ ਐਕਟ ਦੇ ਤਹਿਤ ਜਾਣਕਾਰੀ ਨਾ ਦੇਣ ਦੀ ਛੋਟ ਪ੍ਰਦਾਨ ਕੀਤੀ ਗਈ ਹੈ। ਅਰੋੜਾ ਨੇ ਕਿਹਾ ਹੈ ਕਿ ਹੁਣ ਉਹ ਪਹਿਲਾਂ ਅਪੀਲੀਏਟ ਅਥਾਰਟੀ ਕੋਲ ਅਪੀਲ ਦਰਜ ਕਰਨਗੇ, ਜੇਕਰ ਫਿਰ ਵੀ ਜਾਣਕਾਰੀ ਪ੍ਰਦਾਨ ਨਾ ਕੀਤੀ ਗਈ ਤਾਂ ਫਿਰ ਸੂਚਨਾ ਕਮਿਸ਼ਨ ਦਾ ਦਰਵਾਜ਼ਾ ਖੜਕਾਇਆ ਜਾਵੇਗਾ। 


Related News