ਕਾਂਗਰਸੀ ਵਰਕਰਾਂ ’ਤੇ ਕੈਪਟਨ ਸਰਕਾਰ ਬਣਨ ਦਾ ਚੜ੍ਹਿਆ ਸਰੂਰ ਉਤਰਨ ਲੱਗਾ

Wednesday, Jul 04, 2018 - 01:50 AM (IST)

ਕਾਂਗਰਸੀ ਵਰਕਰਾਂ ’ਤੇ ਕੈਪਟਨ ਸਰਕਾਰ ਬਣਨ ਦਾ ਚੜ੍ਹਿਆ ਸਰੂਰ ਉਤਰਨ ਲੱਗਾ

ਜ਼ੀਰਾ(ਅਕਾਲੀਆਂਵਾਲਾ)-ਇਕ ਦਹਾਕੇ ਬਾਅਦ ਪੰਜਾਬ ਦੀ ਸੱਤਾ ’ਤੇ ਕਾਬਜ਼ ਹੋਈ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਆਪਣੀ ਸੱਤਾ ’ਤੇ ਬਿਰਾਜਮਾਨ ਹੋਇਆ ਇਕ ਸਾਲ ਤੋਂ ਵਧ ਸਮਾਂ  ਹੋ ਗਿਆ ਹੈ ਪਰ ਇਹ ਸਰਕਾਰ ਜਿਥੇ ਪੰਜਾਬ ਦੇ ਲੋਕਾਂ ਨਾਲ ਵਾਅਦੇ ਪੂਰੇ ਕਰਨ ਤੋਂ ਅਸਮਰੱਥ ਨਜ਼ਰ ਆਈ ਹੈ, ਉਥੇ ਆਪਣੇ ਕਾਂਗਰਸੀ ਵਰਕਰਾਂ ਨੂੰ ਵੀ ਸੰਤੁਸ਼ਟ ਨਾ ਕਰ ਸਕੀ, ਜਿਸ ਕਾਰਨ ਕਾਂਗਰਸੀ ਵਰਕਰਾਂ ’ਤੇ ਕਾਂਗਰਸ ਸਰਕਾਰ ਬਣਨ ਦਾ ਚਡ਼੍ਹਿਆ ਸਰੂਰ ਵੀ ਉਤਰਨ ਲੱਗਾ ਹੈ।  ਕਾਂਗਰਸੀ ਵਰਕਰਾਂ ਨੂੰ ਜੋ ਇਸ ਸਰਕਾਰ ਤੋਂ ਕਿਸੇ ਨਾ ਕਿਸੇ ਅਹੁਦੇਦਾਰੀ ਦੀ ਮਿਲਣ ਦੀ ਆਸ ਸੀ, ਉਹ ਵੀ ਪੂਰੀ ਹੁੰਦੀ ਨਜ਼ਰ ਨਹੀਂ ਆ ਰਹੀ ਕਿਉਂਕਿ ਨਾ ਤਾਂ ਸਰਕਾਰ ਵੱਲੋਂ ਕਿਸੇ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਾਇਆ ਜਾ ਰਿਹਾ ਹੈ ਅਤੇ ਨਾ ਹੀ ਕਿਸੇ ਬੋਰਡ ਕਾਰਪੋਰੇਸ਼ਨ ਦੇ ਚੇਅਰਮੈਨ ਲਾਏ ਗਏ ਹਨ, ਜਿਸ ਕਾਰਨ 10 ਸਾਲ  ਅਕਾਲੀ-ਭਾਜਪਾ ਗਠਜੋਡ਼ ਹਕੂਮਤ ਨਾਲ ਟੱਕਰ ਲੈਣ ਵਾਲੇ ਕਾਂਗਰਸੀ ਆਗੂਆਂ ਦੇ ਮਨਾਂ ’ਚ ਨਿਰਾਸ਼ਾ ਹੈ ਕਿ ਕੈਪਟਨ ਸਰਕਾਰ ਦੇ ਰਾਜ  ’ਚ ਵਫਾਦਾਰੀਆਂ ਦੇ ਮੁੱਲ ਨਹੀਂ ਪੈ ਰਹੇ। ਪਿੰਡਾਂ ਦੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਵੀ ਇਸ ਸਰਕਾਰ ਦੀ ਕਾਰਜਗੁਜ਼ਾਰੀ ’ਤੇ ਵੀ ਸਵਾਲੀਆ ਚਿੰਨ ਲੱਗ ਰਿਹਾ ਹੈ ਕਿਉਂਕਿ 5 ਸਾਲਾਂ ਬਾਅਦ ਜੂਨ-ਜੁਲਾਈ ਵਿਚ ਜ਼ਿਲਾ ਪ੍ਰੀਸ਼ਦ, ਬਲਾਕ ਸੰਮਤੀਆਂ ਅਤੇ ਪੰਚਾਇਤਾਂ ਦੀਆਂ ਚੋਣਾਂ ਹੋ ਜਾਇਆ ਕਰਦੀਆਂ ਹਨ ਪਰ ਕੈਪਟਨ ਸਰਕਾਰ ਜਿਥੇ ਵਾਅਦਿਆਂ ਨੂੰ ਪੂਰਾ ਕਰਨ ’ਚ ਦੇਰੀ ਵਰਤ ਰਹੀ ਹੈ, ਉਥੇ ਆਪਣੇ ਵਰਕਰਾਂ ਤੇ ਆਗੂਆਂ ਨੂੰ ਵੀ ਇੰਤਜ਼ਾਰ ਦੀ ਕਤਾਰ ਵਿਚ ਖਡ਼੍ਹਾ ਕਰ ਕੇ ਰੱਖ ਦਿੱਤਾ ਹੈ। 
 ਰਿਜ਼ਰਵੇਸ਼ਨ ਦਾ ਡਰ ਵੀ ਸਤਾ ਰਿਹੈ ਆਗੂਆਂ ਨੂੰ 
 ਪਿੰਡਾਂ ’ਚ ਪੰਚਾਇਤ ਚੋਣਾਂ ਸਬੰਧੀ ਬੇਸ਼ੱਕ ਸਰਗਰਮੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ ਪਰ ਕਾਂਗਰਸੀ ਆਗੂਆਂ ਨੂੰ ਰਿਜ਼ਰਵੇਸ਼ਨ ਦਾ ਡਰ ਵੀ ਸਤਾ ਰਿਹਾ ਹੈ। ਇਸ ਮਸਲੇ  ਸਬੰਧੀ ਵੀ ਸਰਕਾਰ ਦੀ ਕਾਰਗੁਜ਼ਾਰੀ ਬਹੁਤ ਢਿੱਲੀ ਨਜ਼ਰ ਆ ਰਹੀ ਹੈ। ਜੇਕਰ ਰਿਜ਼ਰਵੇਸ਼ਨ ਬਾਰੇ ਸਪੱਸ਼ਟ ਹੋ ਜਾਂਦਾ ਤਾਂ ਫਿਰ ਵੀ ਇਸ ਸਥਿਤੀ ’ਚ ਕੁਝ ਬਦਲਾਅ ਜ਼ਰੂਰ ਆ ਜਾਣਾ ਸੀ।
ਨਵਿਆਂ ਦੇ ਚਾਅ ’ਚ  ਪਿੰਡਾਂ ਦੇ ਵਿਕਾਸ ਕਾਰਜ ਵੀ ਰੁਕੇ 
 ਇਕ ਸਾਲ ਤੋਂ ਸੱਤਾ ’ਤੇ ਕਾਬਜ਼ ਹੋਈ ਕਾਂਗਰਸ ਸਰਕਾਰ ਨੇ ਅਕਾਲੀ ਸਰਪੰਚਾਂ ਦੇ ਵਿਕਾਸ ਕਾਰਜ ਰੋਕ ਰੱਖੇ ਹਨ ਤਾਂ ਕਿ ਨਵੇਂ ਬਣਨ ਵਾਲੇ ਕਾਂਗਰਸੀ ਸਰਪੰਚਾਂ ਹੱਥੋਂ ਵਿਕਾਸ ਕਾਰਜ ਕਰਵਾਏ ਜਾਣ , ਜਿਸ ਦਾ ਸਿਹਰਾ  ਕਾਂਗਰਸੀ ਆਗੂਆਂ ਨੂੰ ਮਿਲ ਸਕੇ  ਪਰ ਸਰਕਾਰ ਦਾ ਇਹ ਫੈਸਲਾ ਵੀ ਉਸ ਦੇ ਉਲਟ ਨਜ਼ਰ ਆ ਰਿਹਾ ਹੈ ਕਿਉਂਕਿ ਕਈ ਕਾਂਗਰਸੀ ਆਗੂ ਵਿਕਾਸ ਕਰਵਾਉਣ ਦੇ ਇਛੁੱਕ ਹਨ ਤੇ ਉਨ੍ਹਾਂ ਨੂੰ ਪਿੰਡਾਂ ’ਚੋਂ ਨਹੋਰੇ ਮਿਲ ਰਹੇ ਹਨ ਕਿ ਤੁਹਾਡੀ ਸਰਕਾਰ ਆਈ ਹੈ ਤਾਂ ਪਿੰਡਾਂ ’ਚ ਵਿਕਾਸ ਕਾਰਜ ਵੀ ਰੁਕ ਗਏ ਹਨ। ਪਿੰਡਾਂ ਵਿਚ ਵਿਕਾਸ ਕਾਰਜ ਰੁਕਣ ਕਰ ਕੇ ਸਫਾਈ ਪ੍ਰਬੰਧਾਂ ਦਾ ਵੀ ਬੁਰਾ ਹਾਲ ਹੋ ਗਿਆ ਹੈ। ਬਰਸਾਤੀ ਮੌਸਮ ਹੋਣ ਕਰ ਕੇ ਪਾਣੀ ਦੇ ਵਿਕਾਸ ਲਈ ਬਣੇ ਨਾਲੇ ਵੀ ਜਾਮ ਹੋ ਗਏ ਹਨ।


Related News