ਖਤਰਨਾਕ ਗੈਂਗਸਟਰਾਂ ਅਤੇ ਅੱਤਵਾਦੀਆਂ ਲਈ ਮੁੱਖ ਮੰਤਰੀ ਅਮਰਿੰਦਰ ਵਲੋਂ ਨਵਾਂ ਹਾਈ ਸਕਿਓਰਿਟੀ ਜ਼ੋਨ ਬਣਾਉਣ ਨੂੰ ਹਰੀ ਝੰਡੀ

Tuesday, Jun 26, 2018 - 06:32 AM (IST)

ਜਲੰਧਰ(ਧਵਨ, ਅਸ਼ਵਨੀ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਠਿੰਡਾ ਜੇਲ, ਜਿਸ ਨੂੰ ਅਸਲ 'ਚ ਮਹਿਲਾ ਜੇਲ ਕਿਹਾ ਜਾਂਦਾ, ਨੂੰ ਹਾਈ ਸਕਿਓਰਿਟੀ ਜੇਲ ਵਿਚ ਤਬਦੀਲ ਕਰਨ ਦਾ ਫੈਸਲਾ ਲਿਆ ਹੈ, ਜਿੱਥੇ ਖ਼ਤਰਨਾਕ ਗੈਂਗਸਟਰਾਂ ਅਤੇ ਅੱਤਵਾਦੀਆਂ ਨੂੰ ਰੱਖਿਆ ਜਾਵੇਗਾ। ਇਸ ਸਮੇਂ ਇਨ੍ਹਾਂ ਨੂੰ ਨਾਭਾ ਦੀ ਹਾਈ ਸਕਿਓਰਿਟੀ ਜੇਲ ਵਿਚ ਬੰਦ ਰੱਖਿਆ ਹੋਇਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਸ ਸਬੰਧੀ ਸੂਬੇ ਦੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਡੀ. ਜੀ. ਪੀ. ਸੁਰੇਸ਼ ਅਰੋੜਾ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਵਧੀਕ ਮੁੱਖ ਸਕੱਤਰ ਗ੍ਰਹਿ ਐੱਨ. ਐੱਸ. ਕਲਸੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਤੇਜਵੀਰ ਸਿੰਘ, ਡੀ. ਜੀ. ਪੀ. (ਇੰਟੈਲੀਜੈਂਸ) ਦਿਨਕਰ ਗੁਪਤਾ, ਏ. ਡੀ. ਜੀ. ਪੀ. ਜੇਲ ਇਕਬਾਲਪ੍ਰੀਤ ਸਹੋਤਾ, ਆਈ. ਜੀ. (ਜੇਲ) ਆਰ. ਕੇ. ਅਰੋੜਾ ਨਾਲ ਉੱਚ ਪੱਧਰੀ ਮੀਟਿੰਗ ਵਿਚ ਉਕਤ ਫੈਸਲਾ ਲਿਆ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਖਤਰਨਾਕ ਅਪਰਾਧੀਆਂ, ਗੈਂਗਸਟਰਾਂ ਅਤੇ ਅੱਤਵਾਦੀਆਂ ਲਈ ਸੂਬੇ ਵਿਚ ਨਵਾਂ ਹਾਈ ਸਕਿਓਰਿਟੀ ਜ਼ੋਨ ਬਣਾਉਣ ਦਾ ਫੈਸਲਾ ਲਿਆ ਹੈ, ਜਿਸ ਨਾਲ ਜੇਲਾਂ ਵਿਚ ਬੰਦ ਗੈਂਗਸਟਰਾਂ ਵਿਚਾਲੇ ਗੈਂਗਵਾਰ ਨੂੰ ਰੋਕਿਆ ਜਾ ਸਕੇਗਾ। ਮੁੱਖ ਮੰਤਰੀ ਨੇ ਜੇਲ ਵਿਭਾਗ ਵਲੋਂ ਦਿੱਤੇ ਗਏ ਮਤਿਆਂ ਨੂੰ ਹਰੀ ਝੰਡੀ ਦੇ ਦਿੱਤੀ, ਜਿਸ ਦੇ ਤਹਿਤ ਹੁਣ ਸਰਕਾਰ ਵਲੋਂ ਜੇਲਾਂ ਦੀ ਸੁਰੱਖਿਆ ਅਤੇ ਜੇਲ ਸੁਧਾਰਾਂ ਨੂੰ ਲੈ ਕੇ ਉੱਚ ਪੱਧਰੀ ਸਮੀਖਿਆ ਕੀਤੀ ਜਾਵੇਗੀ। ਗੈਂਗਸਟਰਾਂ ਦੀਆਂ ਸਰਗਰਮੀਆਂ 'ਤੇ ਰੋਜ਼ਾਨਾ ਨਜ਼ਰ ਰੱਖਣ ਲਈ ਜੇਲਾਂ ਵਿਚ ਖਾਸ ਖੇਤਰ ਬਣਾਏ ਜਾਣਗੇ, ਜਿਨ੍ਹਾਂ ਵਿਚ ਸੁਰੱਖਿਆ ਨੂੰ ਲੈ ਕੇ ਵਿਸ਼ੇਸ਼ ਤੌਰ 'ਤੇ ਗੰਭੀਰਤਾ ਦਿਖਾਈ ਜਾਵੇਗੀ। ਗੈਂਗਸਟਰਾਂ ਅਤੇ ਅਪਰਾਧੀਆਂ ਦੀਆਂ ਧਮਕੀਆਂ ਤੇ ਖਤਰਿਆਂ ਨੂੰ ਦੇਖਦੇ ਹੋਏ ਜੇਲ ਵਿਭਾਗ ਨੇ ਨਵੇਂ ਹਾਈ ਸਕਿਓਰਿਟੀ ਜ਼ੋਨ ਬਣਾਉਣ ਦਾ ਫੈਸਲਾ ਲਿਆ ਹੈ। ਇਹ ਮਤਾ ਮੁੱਖ ਮੰਤਰੀ ਨੇ ਪਾਸ ਕਰ ਦਿੱਤਾ ਹੈ ਕਿ ਬਠਿੰਡਾ ਜੇਲ ਨੂੰ ਹਾਈ ਸਕਿਓਰਿਟੀ ਜੇਲ ਵਿਚ ਬਦਲ ਦਿੱਤਾ ਜਾਵੇ, ਜਿਥੇ ਗੈਂਗਸਟਰਾਂ ਨੂੰ ਸ਼ਿਫਟ ਕੀਤਾ ਜਾਵੇਗਾ। ਦੋਹਾਂ ਜੇਲਾਂ ਵਿਚ ਗੈਂਗਸਟਰਾਂ ਨੂੰ ਰੱਖਣ ਦੀ ਸਮਰੱਥਾ 250-250 ਰੱਖੀ ਜਾਵੇਗੀ। ਇਸ ਦੇ ਲਈ ਮੁੱਖ ਮੰਤਰੀ ਨੇ 5 ਕਰੋੜ ਰੁਪਏ ਰਾਸ਼ੀ ਦੀ ਮਨਜ਼ੂਰੀ ਦੇ ਦਿੱਤੀ ਹੈ। ਮੀਟਿੰਗ 'ਚ ਬਠਿੰਡਾ ਜੇਲ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਦਾ ਫੈਸਲਾ ਲਿਆ ਗਿਆ ਹੈ। 


Related News