ਕੈਪਟਨ ਸੰਵਿਧਾਨ ਨੂੰ ਛਿੱਕੇ ''ਤੇ ਟੰਗ ਕੇ ਰਾਜਿਆਂ ਵਾਂਗ ਚਲਾ ਰਹੇ ਨੇ ਰਾਜ : ਖਹਿਰਾ

Tuesday, Jun 12, 2018 - 06:47 AM (IST)

ਚੰਡੀਗੜ੍ਹ(ਬਿਊਰੋ)-ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਸੰਵਿਧਾਨ ਅਤੇ ਲੋਕਤੰਤਤਰ ਨੂੰ ਛਿੱਕੇ 'ਤੇ ਟੰਗ ਕੇ ਪੰਜਾਬ 'ਚ ਆਪਣਾ ਰਾਜ ਰਾਜਿਆਂ ਵਾਂਗ ਚਲਾ ਰਹੇ ਹਨ। ਅੱਜ ਇਥੇ ਜਾਰੀ ਬਿਆਨ 'ਚ ਖਹਿਰਾ ਨੇ ਦੋਸ਼ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਇਕ ਗੈਰ-ਹਾਜ਼ਰ ਮੁੱਖ ਮੰਤਰੀ ਹਨ, ਜੋ ਕਿ ਵਿਦੇਸ਼ੀ ਮਿੱਤਰਾਂ ਨਾਲ ਛੁੱਟੀਆਂ ਮਨਾ ਰਹੇ ਹਨ ਜਦਕਿ ਪੰਜਾਬ ਜ਼ਹਿਰੀਲੇ ਪਾਣੀਆਂ, ਭ੍ਰਿਸ਼ਟਾਚਾਰ, ਡਰੱਗਸ ਦੇ ਕੋਹੜ, ਵਧ ਰਹੀ ਬੇਰੋਜ਼ਗਾਰੀ, ਕਿਸਾਨਾਂ ਦੀਆਂ ਖੁਦਕੁਸ਼ੀਆਂ, ਅਮਨ ਕਾਨੂੰਨ ਦੇ ਭੰਗ ਹੋਣ ਆਦਿ ਵਰਗੇ ਗੰਭੀਰ ਮੁੱਦਿਆਂ ਦਾ ਸਾਹਮਣਾ ਕਰ ਰਿਹਾ ਹੈ। ਖਹਿਰਾ ਨੇ ਕਿਹਾ ਕਿ ਪੰਜਾਬ ਵਿਚ ਕੈਂਸਰ, ਹੈਪੇਟਾਈਟਸ ਆਦਿ ਵਰਗੀਆਂ ਗੰਭੀਰ ਬੀਮਾਰੀਆਂ ਫੈਲਾ ਰਹੇ ਪਾਣੀਆਂ ਵਿਚਲੇ ਵੱਡੇ ਪੱਧਰ ਦੇ ਪ੍ਰਦੂਸ਼ਣ ਸਬੰਧੀ ਕੈਪਟਨ ਅਮਰਿੰਦਰ ਸਿੰਘ ਦਾ ਢਿੱਲ-ਮੱਠ ਵਾਲਾ ਰਵੱਈਆ ਮੁੱਖ ਮੰਤਰੀ ਦੇ ਅੱਖਾਂ ਮੀਚੀ ਰੱਖਣ ਦੀ ਤਾਜ਼ਾ ਮਿਸਾਲ ਹੈ। ਖਹਿਰਾ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਇਲੈਕਟ੍ਰਾਨਿਕ ਮੀਡੀਆ ਨੂੰ ਮੁੱਖ ਮੰਤਰੀ ਵੱਲੋਂ ਦਿੱਤੇ ਗਏ ਬਿਆਨ ਤੋਂ ਉਹ ਹੈਰਾਨ ਰਹਿ ਗਏ ਸਨ ਜਦ ਪੱਤਰਕਾਰਾਂ ਨੇ ਦਰਿਆਵਾਂ ਵਿਚਲੇ ਪ੍ਰਦੂਸ਼ਣ ਬਾਰੇ ਸਵਾਲ ਕੀਤਾ ਸੀ ਤਾਂ ਮੁੱਖ ਮੰਤਰੀ ਨੇ ਜ਼ਹਿਰੀਲੇ ਪਾਣੀਆਂ ਦੇ ਮੁੱਦੇ ਨੂੰ ਹੋਰ ਕੁਝ ਨਹੀਂ ਬਲਕਿ ਬਕਵਾਸ ਆਖ ਕੇ ਪੱਲਾ ਝਾੜ ਲਿਆ। ਖਹਿਰਾ ਨੇ ਇਹ ਵੀ ਦੋਸ਼ ਲਾਇਆ ਕਿ ਲੋਕਾਂ ਵਲੋਂ ਦਿੱਤੇ ਗਏ ਜਨਮਤ ਅਤੇ ਕੈਬਨਿਟ ਦੀ ਮੁੱਖ ਮੰਤਰੀ ਦੁਰਵਰਤੋਂ ਕਰ ਰਹੇ ਹਨ ਅਤੇ ਲੋਕ ਹਿੱਤ ਕੰਮ ਕਰਨ ਦੀ ਬਜਾਏ ਆਪਣੇ ਪਾਰਟੀ ਨਜ਼ਦੀਕੀਆਂ ਨੂੰ ਲਾਹਾ ਪਹੁੰਚਾਉਣ ਦੀਆਂ ਗਲਤ ਰਵਾਇਤਾਂ ਪਾ ਰਹੇ ਹਨ।


Related News