ਕਾਂਗਰਸੀ ਵਿਧਾਇਕਾਂ ਤੇ ਕੌਂਸਲਰਾਂ ਨੇ ਕੈਪਟਨ ਨੂੰ ਸੌਂਪੇ ਮੇਅਰ ਚੁਣਨ ਦੇ ਅਧਿਕਾਰ

03/02/2018 5:02:25 AM

ਲੁਧਿਆਣਾ(ਹਿਤੇਸ਼)-ਨਗਰ ਨਿਗਮ ਚੋਣਾਂ 'ਚ ਭਾਰੀ ਬਹੁਮਤ ਮਿਲਣ ਦੇ ਬਾਅਦ ਸ਼ੁਰੂ ਹੋਈ ਮੇਅਰ ਚੁਣਨ ਦੀ ਪ੍ਰਕਿਰਿਆ ਤਹਿਤ ਕਾਂਗਰਸ ਵਿਧਾਇਕਾਂ ਤੇ ਨਵੇਂ ਬਣੇ ਕੌਂਸਲਰਾਂ ਨੇ ਸਾਰੇ ਅਧਿਕਾਰ ਸੀ. ਐੱਮ. ਅਮਰਿੰਦਰ ਸਿੰਘ ਨੂੰ ਸੌਂਪ ਦਿੱਤੇ ਹਨ। ਦੱਸਣਯੋਗ ਹੈ ਕਿ ਜਿੱਤ ਹਾਸਲ ਹੋਣ ਦੇ ਬਾਅਦ ਤੋਂ ਹੀ ਮੇਅਰ ਬਣਨ ਦੇ ਦਾਅਵੇਦਾਰ ਖੇਮਿਆਂ 'ਚ ਵੰਡੇ ਗਏ ਹਨ। ਜੋ ਸੰਸਦ ਰਵਨੀਤ ਬਿੱਟੂ ਦਾ ਸਮਰਥਨ ਹਾਸਲ ਕਰਨ ਲਈ ਤਾਂ ਜ਼ੋਰ ਲਾ ਰਹੇ ਹਨ ਪਰ ਉਨ੍ਹਾਂ ਕੌਂਸਲਰਾਂ ਨੂੰ ਅਹੁਦੇ ਦਿਵਾਉਣ ਦੇ ਪਿੱਛੇ ਲਾਬਿੰਗ ਕਰਨ ਵਾਲੇ ਵਿਧਾਇਕ ਜਾਂ ਨੇਤਾ ਅਲੱਗ-ਅਲੱਗ ਹਨ। ਇਸਦੇ ਇਲਾਵਾ ਕਈ ਨੇਤਾਵਾਂ ਨੇ ਚੰਡੀਗੜ੍ਹ ਤੋਂ ਲੈ ਕੇ ਦਿੱਲੀ ਦਰਬਾਰ ਤੱਕ ਹਾਜ਼ਰੀ ਲਾਉਣੀ ਸ਼ੁਰੂ ਕਰ ਦਿੱਤੀ ਹੈ। ਜਿਸ ਨਾਲ ਖਿੱਚੋਤਾਣ ਵਧਣ ਦੇ ਮੱਦੇਨਜ਼ਰ ਪ੍ਰਦੇਸ਼ ਹਾਈਕਮਾਨ ਨੇ ਇਹ ਫਾਰਮੂਲਾ ਵਰਤਿਆ ਹੈ ਕਿ ਕੈਪਟਨ ਅਮਰਿੰਦਰ ਦੇ ਨਾਂ 'ਤੇ ਸਾਰੇ ਅਧਿਕਾਰ ਲੈ ਲਏ ਜਾਣ। ਜਿਸ ਲਈ ਪ੍ਰੋਫਾਰਮਾਂ ਵੀ ਪ੍ਰਦੇਸ਼ ਕਾਂਗਰਸ ਦਫਤਰ ਤੋਂ ਹੀ ਟਾਈਪ ਕਰ ਕੇ ਭੇਜਿਆ ਗਿਆ ਸੀ, ਜਿਸ 'ਤੇ ਵਿਧਾਇਕਾਂ ਦੇ ਇਲਾਵਾ ਵਾਰਡ ਵਾਈਜ਼ ਨਵੇਂ ਬਣੇ ਕੌਂਸਲਰਾਂ ਦੇ ਸਾਈਨ ਕਰਵਾ ਲਏ ਗਏ ਹਨ।
ਕੌਂਸਲਰਾਂ ਨੂੰ ਬੁਲਾ ਕੇ ਜ਼ਿਲਾ ਪ੍ਰਧਾਨ ਨੇ ਖੁਦ ਨਹੀਂ ਦਿੱਤੇ ਦਰਸ਼ਨ
ਕੈਪਟਨ ਨੂੰ ਅਧਿਕਾਰ ਦੇਣ ਬਾਰੇ ਪ੍ਰਸਤਾਵ 'ਤੇ ਸਾਈਨ ਕਰਵਾਉਣ ਦੀ ਪ੍ਰਕਿਰਿਆ ਵੀ ਜ਼ਿਲਾ ਕਾਂਗਰਸ ਦਫਤਰ ਦੀ ਜਗ੍ਹਾ ਪ੍ਰਧਾਨ ਗੁਰਪ੍ਰੀਤ ਗੋਗੀ ਦੇ ਘਰ 'ਤੇ ਹੀ ਹੋਈ ਪਰ ਉਥੇ ਪਹੁੰਚਣ ਵਾਲੇ ਕੌਂਸਲਰਾਂ ਨੂੰ ਪ੍ਰਧਾਨ ਦੇ ਦਰਸ਼ਨ ਨਹੀਂ ਹੋਏ ਤੇ ਉਨ੍ਹਾਂ ਦੀਆਂ ਪਤਨੀਆਂ ਨੇ ਫੁੱਲ ਭੇਟ ਕਰ ਕੇ ਸਾਰਿਆਂ ਦਾ ਸਵਾਗਤ ਕਰਦਿਆਂ ਮੂੰਹ ਮਿੱਠਾ ਕਰਵਾਇਆ।
ਬਿਨਾਂ ਕਾਰਨ ਦੱਸੇ ਲਏ ਪੈਨ-ਆਧਾਰ ਕਾਰਡ ਤੇ 2500 ਦੇ ਚੈੱਕ
ਕੈਪਟਨ ਨੂੰ ਅਧਿਕਾਰ ਦੇਣ ਬਾਰੇ ਪ੍ਰਸਤਾਵ 'ਤੇ ਸਾਈਨ ਕਰਨ ਦੇ ਲਈ ਬੁਲਾਏ ਗਏ ਕੌਂਸਲਰਾਂ ਤੋਂ ਪੈਨ-ਆਧਾਰ ਕਾਰਡ ਦੇ ਨਾਲ 2500 ਦੇ ਚੈੱਕ ਵੀ ਲਏ ਗਏ ਪਰ ਪੰਜਾਬ ਕਾਂਗਰਸ ਦੇ ਆਦੇਸ਼ਾਂ ਦਾ ਹਵਾਲਾ ਦਿੰਦੇ ਹੋਏ ਇਸਦੀ ਵਜ੍ਹਾ ਨਹੀਂ ਦੱਸੀ ਗਈ। ਜਿਸ ਨੂੰ ਲੈ ਕੇ ਜ਼ਿਲਾ ਪ੍ਰਧਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਖੁਦ ਨਹੀਂ ਪਤਾ ਤਾਂ ਕਿਸੇ ਨੂੰ ਕਿਵੇਂ ਦੱਸ ਸਕਦੇ ਹਨ।


Related News