ਕੈਪਟਨ ਰਾਜੀਵ ਗਾਂਧੀ ਨੂੰ ਕਲੀਨ ਚਿੱਟ ਦੇਣ ਦੀ ਬਜਾਏ ਤੱਥਾਂ ਦੀ ਪੜਚੋਲ ਕਰਨ : ਜੀ. ਕੇ.

02/13/2018 7:19:13 AM

ਜਲੰਧਰ(ਚਾਵਲਾ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਦਿੱਲੀ ਪੁੱਜਣ ਤੋਂ ਪਹਿਲਾਂ 1984 ਸਿੱਖ ਕਤਲੇਆਮ ਸ਼ੁਰੂ ਹੋਣ ਦੇ ਕੀਤੇ ਗਏ ਦਾਅਵੇ ਨੂੰ ਝੂਠਾ ਕਰਾਰ ਦਿੰਦਿਆਂ ਕਿਹਾ ਕਿ ਕੈਪਟਨ ਰਾਜੀਵ ਗਾਂਧੀ ਨੂੰ ਕਲੀਨ ਚਿੱਟ ਦੇਣ ਦੀ ਥਾਂ ਤੱਥਾਂ ਦੀ ਪੜਚੋਲ ਕਰਨੀ ਚਾਹੀਦੀ ਹੈ ਅਤੇ ਗਾਂਧੀ ਪਰਿਵਾਰ ਦੀ ਭੂਮਿਕਾ ਦੀ ਜਾਂਚ 'ਤੇ ਸਵਾਲ ਚੁੱਕਣ ਦੀ ਥਾਂ ਸੱਚ ਦੇ ਬਾਹਰ ਆਉਣ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ। ਜੀ. ਕੇ. ਨੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਕਿਤਾਬ 'ਦਿ ਟਰਬੁਲੇਂਟ ਇਅਰਸ' ਦਾ ਹਵਾਲਾ ਦਿੱਤਾ ਕਿ 31 ਅਕਤੂਬਰ 1984 ਦਾ ਦਿਨ ਰਾਜੀਵ ਗਾਂਧੀ ਨੇ ਕਿਸ ਤਰ੍ਹਾਂ ਬਿਤਾਇਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਬਣਨ ਉਪਰੰਤ ਨਵੇਂ ਬਣੇ 4 ਕੈਬਨਿਟ ਮੰਤਰੀਆਂ ਪ੍ਰਣਬ ਮੁਖਰਜੀ, ਪੀ. ਸ਼ਿਵਸ਼ੰਕਰ, ਪੀ. ਵੀ. ਨਰਸਿਮ੍ਹਾ ਰਾਓ ਅਤੇ ਬੂਟਾ ਸਿੰਘ ਨਾਲ ਪਹਿਲੀ ਮੀਟਿੰਗ ਦੌਰਾਨ ਰਾਜੀਵ ਗਾਂਧੀ ਨੇ ਇੰਦਰਾ ਗਾਂਧੀ ਦੀ ਮ੍ਰਿਤਕ ਦੇਹ ਨੂੰ ਲੋਕਾਂ ਦੇ ਦਰਸ਼ਨਾਂ ਲਈ 3 ਦਿਨ ਲਈ ਤੀਨ ਮੂਰਤੀ ਭਵਨ 'ਚ ਰੱਖਣ ਦੇ ਨਾਲ ਹੀ 3 ਨਵੰਬਰ ਨੂੰ ਅੰਤਿਮ ਸੰਸਕਾਰ ਕਰਨ ਦਾ ਫੈਸਲਾ ਲਿਆ ਸੀ। ਉਨ੍ਹਾਂ ਸਵਾਲ ਕੀਤਾ ਕਿ ਲੱਗਭਗ 4 ਵਜੇ ਰਾਜੀਵ ਗਾਂਧੀ ਦੇ ਦਿੱਲੀ ਪੁੱਜਣ ਤੋਂ ਬਾਅਦ ਹੀ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੀ ਗੱਡੀ ਅਤੇ ਉਨ੍ਹਾਂ ਦੇ ਸਿੱਖ ਸੁਰੱਖਿਆ ਕਰਮਚਾਰੀਆਂ 'ਤੇ ਹੋਏ ਹਮਲੇ ਬਾਰੇ ਕੈਪਟਨ ਦੀ ਕੀ ਦਲੀਲ ਹੈ। 


Related News