ਗੈਂਗਸਟਰਾਂ ਖਿਲਾਫ਼ ਕਾਰਵਾਈ ਜਾਰੀ ਰਹੇਗੀ : ਕੈਪਟਨ
Wednesday, Jan 31, 2018 - 05:28 AM (IST)
ਚੰਡੀਗੜ੍ਹ(ਭੁੱਲਰ)-ਗੈਂਗਸਟਰਾਂ ਦੇ ਮਾਮਲੇ 'ਚ ਦਾਅਵਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਜਦੋਂ ਤੋਂ ਸੂਬੇ ਵਿਚ ਕਾਂਗਰਸ ਸਰਕਾਰ ਆਈ ਹੈ, ਉਸ ਵੇਲੇ ਤੋਂ ਏ-ਕੈਟਾਗਰੀ ਦੇ 47 ਫੀਸਦੀ ਤੇ ਬੀ-ਕੈਟਾਗਰੀ ਦੇ 42 ਫੀਸਦੀ ਗੈਂਗਸਟਰਾਂ ਨੇ ਜਾਂ ਤਾਂ ਆਤਮ-ਸਮਰਪਣ ਕਰ ਦਿੱਤਾ ਹੈ ਅਤੇ ਜਾਂ ਫਿਰ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਪੁਲਸ ਵੱਲੋਂ ਗੈਂਗਸਟਰਾਂ ਖਿਲਾਫ ਵਿੱਢੀ ਕਾਰਵਾਈ ਦੇ ਠੋਸ ਯਤਨਾਂ ਦਾ ਨਤੀਜਾ ਹੈ। ਮੁੱਖ ਮੰਤਰੀ ਨੇ ਅੱਜ ਇਥੇ ਆਖਿਆ ਕਿ ਸੂਬੇ ਵਿਚ ਅਜੇ ਵੀ ਪੁਲਸ ਦੀ ਗ੍ਰਿਫਤ ਤੋਂ ਬਾਹਰ ਗੈਂਗਸਟਰਾਂ ਖਿਲਾਫ ਕਾਰਵਾਈ ਜਾਰੀ ਰੱਖੀ ਜਾਵੇਗੀ। ਇਨ੍ਹਾਂ ਅਪਰਾਧੀਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਲਈ ਹੁਣ ਰਾਹ ਬੰਦ ਹੋ ਗਏ ਹਨ ਅਤੇ ਉਹ ਹੁਣ ਬਹੁਤਾ ਸਮਾਂ ਕਾਨੂੰਨ ਦੀ ਪਕੜ ਤੋਂ ਬਾਹਰ ਨਹੀਂ ਰਹਿ ਸਕਦੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਭਾਵੇਂ ਗੈਂਗਸਟਰਾਂ ਨੂੰ ਕਾਨੂੰਨ ਕਾਰਵਾਈ 'ਚੋਂ ਲੰਘਣਾ ਹੋਵੇਗਾ ਪਰ ਦੂਜੇ ਪਾਸੇ ਸੂਬਾ ਸਰਕਾਰ ਉਨ੍ਹਾਂ ਦੇ ਮੁੜ ਵਸੇਬੇ ਲਈ ਵੀ ਹਰ ਸੰਭਵ ਯਤਨ ਕਰੇਗੀ।
