ਮੁੱਖ ਮੰਤਰੀ ਕੈਪਟਨ ਨੇ ਪੁਲਸ ਅਫਸਰਾਂ ਕੋਲੋਂ ਅਪਰਾਧ ਵਿਰੋਧੀ ਮੁਹਿੰਮ ਸਬੰਧੀ ਲਈ ਜਾਣਕਾਰੀ

12/09/2017 6:03:46 PM

ਕਪੂਰਥਲਾ (ਭੂਸ਼ਣ)— ਨਿਊ ਕੈਂਟ ਕਪੂਰਥਲਾ 'ਚ ਸ਼ੁੱਕਰਵਾਰ ਨੂੰ ਭਾਰਤੀ ਫੌਜ ਵੱਲੋਂ ਕੀਤੇ ਗਏ ਵਿਸ਼ੇਸ਼ ਸਮਾਗਮ ਦੌਰਾਨ ਹਿੱਸਾ ਲੈਣ ਆਏ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਜਲੰਧਰ ਜ਼ੋਨ ਦੇ ਸੀਨੀਅਰ ਪੁਲਸ ਅਫਸਰਾਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਜਿੱਥੇ ਨਸ਼ੇ ਅਤੇ ਗੈਂਗਸਟਰਾਂ ਖਿਲਾਫ ਚਲ ਰਹੀ ਮੁਹਿੰਮ ਸਬੰਧੀ ਜਾਣਕਾਰੀ ਹਾਸਲ ਕੀਤੀ, ਉਥੇ ਹੀ ਇਸ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਪੁਲਸ ਅਫਸਰਾਂ ਨੂੰ ਆਉਣ ਵਾਲੇ ਦਿਨਾਂ 'ਚ ਵੀ ਇਸ ਅਪਰਾਧ ਵਿਰੋਧੀ ਮੁਹਿੰਮ ਨੂੰ ਜਾਰੀ ਰੱਖ ਕੇ ਖਤਰਨਾਕ ਅਪਰਾਧੀਆਂ ਨੂੰ ਸਲਾਖਾਂ ਪਿੱਛੇ ਭੇਜਣ ਦੇ ਹੁਕਮ ਦਿੱਤੇ।
ਇਸ ਮੀਟਿੰਗ 'ਚ ਆਈ. ਜੀ. ਜਲੰਧਰ ਜ਼ੋਨ ਅਰਪਿਤ ਸ਼ੁਕਲਾ, ਡੀ. ਆਈ. ਜੀ. ਜਲੰਧਰ ਰੇਂਜ ਜਸਕਰਨ ਸਿੰਘ ਅਤੇ ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਸ਼ਰਮਾ ਸਮੇਤ ਕਈ ਸੀਨੀਅਰ ਪੁਲਸ ਅਫਸਰ ਮੌਜੂਦ ਸਨ। 
ਸਮਾਗਮ ਦੌਰਾਨ ਪੁੱਜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਖਰੇ ਤੌਰ 'ਤੇ ਸੀਨੀਅਰ ਪੁਲਸ ਅਫਸਰਾਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਉਨ੍ਹਾਂ ਤੋਂ ਕ੍ਰਾਇਮ ਨੂੰ ਰੋਕਣ ਸੰਬੰਧੀ ਚਲਾਈ ਜਾ ਰਹੀ ਇਸ ਮੁਹਿੰਮ ਸਬੰਧੀ ਜਾਣਕਾਰੀ ਹਾਸਲ ਕੀਤੀ। ਇਸ ਮੀਟਿੰਗ ਦੌਰਾਨ ਆਈ. ਜੀ. ਜਲੰਧਰ ਜ਼ੋਨ ਅਰਪਿਤ ਸ਼ੁਕਲਾ ਅਤੇ ਜਲੰਧਰ ਰੇਂਜ ਦੇ ਡੀ. ਆਈ. ਜੀ. ਜਸਕਰਨ ਸਿੰਘ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਜਲੰਧਰ ਜ਼ੋਨ ਤਹਿਤ ਆਉਂਦੇ ਸਾਰੇ 6 ਜ਼ਿਲਿਆਂ, ਜਿਨ੍ਹਾਂ 'ਚ ਜਲੰਧਰ ਦਿਹਾਤੀ, ਕਪੂਰਥਲਾ, ਹੁਸ਼ਿਆਰਪੁਰ, ਲੁਧਿਆਣਾ ਦਿਹਾਤੀ, ਨਵਾਂ ਸ਼ਹਿਰ ਅਤੇ ਖੰਨਾ ਆਉਂਦੇ ਹਨ 'ਚ ਡਰੱਗ ਖਿਲਾਫ ਛੇੜੀ ਗਈ ਮੁਹਿੰਮ ਦੌਰਾਨ ਜਿੱਥੇ ਪਿਛਲੇ 9 ਮਹੀਨਿਆਂ ਦੌਰਾਨ ਸੈਂਕੜਿਆਂ ਦੀ ਗਿਣਤੀ 'ਚ ਡਰੱਗ ਸਮੱਲਗਰਾਂ ਨੂੰ ਸਲਾਖਾਂ ਪਿਛੇ ਭੇਜਿਆ ਗਿਆ ਹੈ, ਉਥੇ ਹੀ ਡਰੱਗ ਸਮੱਗਲਰਾਂ ਦੀ ਕਰੋੜਾਂ ਰੁਪਏ ਦੀ ਜਾਇਦਾਦ ਨੂੰ ਸਰਕਾਰੀ ਤੌਰ 'ਤੇ ਅਟੈਚ ਕੀਤਾ ਗਿਆ ਹੈ, ਜਿਸ ਦੌਰਾਨ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਨ ਵਾਲੇ ਕਈ ਵੱਡੇ ਗੈਂਗਸਟਰਾਂ ਨੂੰ ਕਾਬੂ ਕਰਕੇ ਕਤਲ ਅਤੇ ਲੁੱਟ-ਖੋਹ ਦੇ ਕਈ ਮਾਮਲਿਆਂ ਨੂੰ ਸੁਲਝਾਇਆ ਗਿਆ ਹੈ।
ਮੀਟਿੰਗ ਦੌਰਾਨ ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਸ਼ਰਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਹਿਰ 'ਚ ਚਲਾਈ ਜਾ ਰਹੀ ਅਪਰਾਧ ਵਿਰੋਧੀ ਮੁਹਿੰਮ ਨੂੰ ਜਿੱਥੇ ਕਈ ਸੂਬਿਆਂ 'ਚ ਵੱਡੀ ਗਿਣਤੀ 'ਚ ਏ. ਟੀ. ਐੱਮ. ਤੋੜ ਕੇ ਕਰੋੜਾਂ ਰੁਪਏ ਦੀ ਰਕਮ ਲੁੱਟਣ ਵਾਲੇ 2 ਵੱਡੇ ਗੈਂਗਸਟਰਾਂ ਦੀ ਗ੍ਰਿਫਤਾਰੀ ਸਬੰਧੀ ਜਾਣਕਾਰੀ ਦਿੱਤੀ, ਉਥੇ ਹੀ ਕਪੂਰਥਲਾ ਪੁਲਸ ਵੱਲੋਂ ਜ਼ਿਲੇ ਦੀਆਂ ਚਾਰਾਂ ਸਬ-ਡਿਵੀਜ਼ਨਾਂ 'ਚ ਚਲ ਰਹੀ ਅਪਰਾਧ ਵਿਰੋਧੀ ਮੁਹਿੰਮ ਦੌਰਾਨ ਫੜੇ ਗਏ ਖਤਰਨਾਕ ਅਪਰਾਧੀਆਂ ਸਬੰਧੀ ਜਾਣਕਾਰੀ ਲਈ। ਜਿਸ ਦੌਰਾਨ ਮੁੱਖ ਮੰਤਰੀ ਨੇ ਪੁਲਸ ਅਫਸਰਾਂ ਨੂੰ ਅਪਰਾਧ ਵਿਰੋਧੀ ਮੁਹਿੰਮ ਲਗਾਤਾਰ ਜਾਰੀ ਰਖਣ ਦੇ ਹੁਕਮ ਦਿੱਤੇ। 
ਵਧੀਆ ਕੰਮ ਕਰਨ ਵਾਲੇ ਪੁਲਸ ਅਫਸਰਾਂ ਨੂੰ ਸਨਮਾਨਤ ਕਰਨ ਦਾ ਐਲਾਨ
ਇਸ ਵਿਸ਼ੇਸ਼ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਪੁਲਸ ਅਫਸਰ ਅਪਰਾਧ ਵਿਰੋਧੀ ਮੁਹਿੰਮ 'ਚ ਵਧੀਆ ਕੰਮ ਕਰਨਗੇ, ਉਨ੍ਹਾਂ ਨੂੰ ਵਿਭਾਗੀ ਤਰੱਕੀ ਦੇ ਨਾਲ-ਨਾਲ ਸਨਮਾਨਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਵੱਡੀ ਗਿਣਤੀ 'ਚ ਪੁਲਸ ਅਫਸਰਾਂ ਨੂੰ ਤਰੱਕੀ ਦਿੱਤੀ ਗਈ ਹੈ। ਇਸ ਮੌਕੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਪਰਾਧ ਵਿਰੋਧੀ ਮੁਹਿੰਮ ਨੂੰ ਵਧੀਆ ਤਰੀਕੇ ਨਾਲ ਚਲਾਉਣ ਲਈ ਜਿਥੇ ਆਈ. ਜੀ. ਜ਼ੋਨਲ ਅਰਪਿਤ ਸ਼ਕਲਾ, ਡੀ. ਆਈ. ਜੀ. ਜਲੰਧਰ ਰੇਂਜ ਜਸਕਰਨ ਸਿੰਘ ਅਤੇ ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਸ਼ਰਮਾ ਨੂੰ ਸ਼ਾਬਾਸ਼ ਦਿੱਤੀ, ਉਥੇ ਹੀ ਐੱਸ. ਪੀ. ਡੀ. ਕਪੂਰਥਲਾ ਜਗਜੀਤ ਸਿੰਘ ਸਰੋਆ ਤੇ ਡੀ. ਐੱਸ. ਪੀ. ਫਗਵਾੜਾ ਸੰਦੀਪ ਸਿੰਘ ਮੰਡ ਨੂੰ ਵੀ ਵਧੀਆ ਕੰਮ ਲਈ ਸ਼ਾਬਾਸ਼ ਕਹੀ।


Related News