ਭਗਵੰਤ ਮਾਨ ਜੇ ਕਾਂਗਰਸ ''ਚ ਸ਼ਾਮਲ ਹੋਣ ਲਈ ਤਰਲੇ ਪਾਏਗਾ ਤਾਂ ਵੀ ਨਹੀਂ ਲਵਾਂਂਗੇ : ਅਮਰਿੰਦਰ
Thursday, May 09, 2019 - 02:08 PM (IST)
ਜਲੰਧਰ/ਚੰਡੀਗੜ੍ਹ (ਧਵਨ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਐੈੱਮ. ਪੀ. ਭਗਵੰਤ ਮਾਨ ਵੱਲੋਂ ਕੁਝ ਦਿਨਾਂ ਤੋਂ ਲਗਾਤਾਰ ਉਨ੍ਹਾਂ ਵਿਰੁੱਧ ਕੀਤੇ ਜਾ ਰਹੇ ਮਾੜੇ ਪ੍ਰਚਾਰ ਦਾ ਕਰਾਰਾ ਜਵਾਬ ਦਿੰਦੇ ਹੋਏ ਕਿਹਾ ਕਿ ਭਗਵੰਤ ਮਾਨ ਡਰਪੋਕ ਨੇਤਾ ਹਨ। ਉਨ੍ਹਾਂ ਦੀ ਕੀਮਤ 'ਜ਼ੀਰੋ' ਹੈ। ਉਹ ਹਿਤਾਸ਼ਾ ਦੀ ਹਾਲਤ 'ਚ ਪਾ ਕੇ ਕਾਂਗਰਸ ਵਿਰੁੱਧ ਉਨ੍ਹਾਂ ਦੀ ਪਾਰਟੀ ਦੇ ਆਗੂਆਂ ਨੂੰ ਖਰੀਦਣ ਦੇ ਦੋਸ਼ ਲਾ ਰਹੇ ਹਨ।
ਬਠਿੰਡਾ ਸਮੇਤ ਕਈ ਥਾਵਾਂ 'ਤੇ ਚੋਣ ਪ੍ਰਚਾਰ ਕਰ ਰਹੇ ਕੈਪਟਨ ਨੇ ਕਿਹਾ ਕਿ ਅਸਲ 'ਚ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਹੋਂਦ ਖਤਮ ਹੋ ਗਈ ਹੈ। ਇਸ ਕਾਰਨ ਸਭ ਤੋਂ ਵੱਡੀ ਪ੍ਰ੍ਰੇਸ਼ਾਨੀ ਭਗਵੰਤ ਮਾਨ ਨੂੰ ਹੋ ਰਹੀ ਹੈ। ਮਾਨ ਵੱਲੋਂ ਮੁੱਖ ਮੰਤਰੀ ਨੂੰ ਉਨ੍ਹਾਂ ਦੀ ਕੀਮਤ ਬਾਰੇ ਦਿੱਤੇ ਗਏ ਬਿਆਨ ਦਾ ਜਵਾਬ ਦਿੰਦੇ ਹੋਏ ਕੈਪਟਨ ਨੇ ਕਿਹਾ ਕਿ ਮੈਂ ਤਾਂ ਭਗਵੰਤ ਮਾਨ ਦੀ ਕੀਮਤ 'ਜ਼ੀਰੋ' ਲਾਉਂਦਾ ਹਾਂ। ਜੇ ਉਹ ਕਾਂਗਰਸ 'ਚ ਸ਼ਾਮਲ ਹੋਣ ਲਈ ਤਰਲੇ ਵੀ ਕਰਨਗੇ ਤਾਂ ਵੀ ਉਨ੍ਹਾਂ ਨੂੰ ਪਾਰਟੀ 'ਚ ਸ਼ਾਮਲ ਨਹੀਂ ਕੀਤਾ ਜਾਏਗਾ। ਲੋਕਾਂ ਵੱਲੋਂ ਲੋਕ ਸਭਾ ਦੀਆਂ ਚੋਣਾਂ 'ਚ ਕਾਂਗਰਸ ਅਤੇ ਅਕਾਲੀ ਦਲ ਦੋਹਾਂ ਦੇ ਉਮੀਦਵਾਰਾਂ ਕੋਲੋਂ ਪੁੱਛੇ ਜਾ ਰਹੇ ਸਵਾਲਾਂ 'ਤੇ ਟਿੱਪਣੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਇਕ ਸਿਹਤਮੰਦ ਲੋਕਰਾਜ ਦੀ ਨਿਸ਼ਾਨੀ ਹੈ। ਇਸ ਤਰ੍ਹਾਂ ਉਹ ਵੋਟਰਾਂ ਅੰਦਰ ਆ ਰਹੀ ਜਾਗਰੂਕਤਾ ਵੇਖ ਰਹੇ ਹਨ। ਮੇਰੇ ਕੋਲੋਂ ਵੀ ਕਈ ਥਾਵਾਂ 'ਤੇ ਵੋਟਰਾਂ ਨੇ ਕਈ ਤਰ੍ਹਾਂ ਦੇ ਸਵਾਲ ਪੁੱਛੇ ਤੇ ਮੈਂ ਖੁਸ਼ ਹੋ ਕੇ ਜਵਾਬ ਦਿੱਤੇ। ਮੈਂ ਲੋਕਾਂ ਨੂੰ ਜਵਾਬ ਦੇ ਕੇ ਸੰਤੁਸ਼ਟ ਕੀਤਾ। ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਸਭ ਵਾਅਦੇ ਪੂਰੇ ਕੀਤੇ ਜਾਣਗੇ। ਮੁੱਖ ਮੰਤਰੀ ਨੇ ਇਹ ਗੱਲ ਮੁੜ ਕਹੀ ਕਿ ਐੱਸ. ਆਈ. ਟੀ. ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲਿਆਂ 'ਚ ਕਲੀਨ ਚਿਟ ਨਹੀਂ ਦਿੱਤੀ ਹੈ। ਲੋਕ ਸਭਾ ਦੀਆਂ ਚੋਣਾਂ ਖਤਮ ਹੋਣ ਪਿੱਛੋਂ ਇਸ ਮਾਮਲੇ ਨੂੰ ਆਖਰੀ ਸਿੱਟੇ ਤਕ ਪਹੁੰਚਾਇਆ ਜਾਏਗਾ। ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲੇ 'ਚ ਜੋ ਵੀ ਦੋਸ਼ੀ ਹੋਵੇਗਾ, ਨੂੰ ਬਖਸ਼ਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਕੈਪਟਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ ਹੋ ਰਹੀ ਦੇਰੀ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਜੇ ਕੇਂਦਰ 'ਚ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਗੁਰਦੁਆਰਿਆਂ ਦੀਆਂ ਚੋਣਾਂ ਤੁਰੰਤ ਕਰਵਾ ਦਿੱਤੀਆਂ ਜਾਣਗੀਆਂ। ਉਨ੍ਹਾਂ ਦੋਸ਼ ਲਾਇਆ ਹੈ ਕਿ ਅਕਾਲੀ ਦਲ ਵਲੋਂ ਸ਼੍ਰੋਮਣੀ ਕਮੇਟੀ ਦੀ ਸਿਆਸੀ ਹਿੱਤਾਂ ਲਈ ਦੁਰਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਅਕਾਲੀਆਂ 'ਤੇ ਦੋਸ਼ ਲਾਇਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਦੇ ਹੋਏ ਆਪਣੇ ਸਿਆਸੀ ਹਿੱਤ ਪੂਰੇ ਕਰਦੇ ਆ ਰਹੇ ਹਨ। ਹੁਣ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦਾ ਮਾਮਲਾ ਕਾਫੀ ਗੰਭੀਰ ਹੈ। ਉਹ ਹੰਕਾਰੀ ਬਾਦਲਾਂ ਨੂੰ ਇਕ ਵਾਰ ਮੁੜ ਤੋਂ ਹਰਾਉਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਸਾਬਕਾ ਬਾਦਲ ਸਰਕਾਰ ਸਰਕਾਰੀ ਨੌਕਰੀਆਂ 'ਚ 1.2 ਲੱਖ ਅਹੁਦੇ ਖਾਲੀ ਛੱਡ ਗਈ ਸੀ। ਇਨ੍ਹਾਂ ਨੂੰ ਕਾਂਗਰਸ ਸਰਕਾਰ ਵੱਲੋਂ ਲੋਕ ਸਭਾ ਦੀਆਂ ਚੋਣਾਂ ਦੇ ਖਤਮ ਹੋਣ ਤੋਂ ਬਾਅਦ ਭਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਏਗੀ। ਅਕਾਲੀਆਂ ਨੇ ਆਪਣੇ 10 ਸਾਲ ਦੇ ਰਾਜਕਾਲ ਦੌਰਾਨ ਸਿਰਫ 40,000 ਨੌਕਰੀਆਂ ਦਿੱਤੀਆਂ ਜਦਕਿ ਕਾਂਗਰਸ ਸਰਕਾਰ ਪਿਛਲੇ 2 ਸਾਲ 'ਚ 8 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਦਿਵਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਬੇਅਦਬੀ ਦੇ ਮਾਮਲੇ ਲੋਕ ਭੁੱਲੇ ਨਹੀਂ। ਸਿੱਖ ਭਾਈਚਾਰਾ ਚੋਣਾਂ 'ਚ ਅਕਾਲੀਆਂ ਨੂੰ ਸਬਕ ਸਿਖਾਏਗਾ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੋਟਾਂ ਤਾਂ ਮੰਗ ਰਹੀ ਹੈ ਪਰ ਉਨ੍ਹਾਂ ਕਿਸਾਨਾਂ ਲਈ ਕੁਝ ਵੀ ਨਹੀਂ ਕੀਤਾ।