'ਜਗ ਬਾਣੀ' ਵਿਸ਼ੇਸ਼: ਪੰਜਾਬ ਦੇ ਹਰ ਭੱਖਦੇ ਮਸਲੇ 'ਤੇ ਮੁੱਖ ਮੰਤਰੀ ਨਾਲ ਖਾਸ ਮੁਲਾਕਾਤ (ਵੀਡੀਓ)

05/02/2019 6:51:27 PM

ਜਲੰਧਰ : ਲੋਕ ਸਭਾ ਚੋਣਾਂ ਦੌਰਾਨ ਰਾਸ਼ਟਰਵਾਦ ਨੂੰ ਮੁੱਦਾ ਬਣਾ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਿੱਖਾ ਹਮਲਾ ਬੋਲਿਆ ਹੈ। 'ਜਗ ਬਾਣੀ' ਦੇ ਪ੍ਰਤੀਨਿਧੀ ਰਮਨਦੀਪ ਸਿੰਘ ਸੋਢੀ ਨਾਲ ਕੀਤੀ ਗਈ ਵਿਸ਼ੇਸ਼ ਇੰਟਰਵਿਊ 'ਚ ਕੈ. ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕੀ ਦੇਸ਼ ਦੀ ਫੌਜ ਨੂੰ ਮੋਦੀ ਦੀ ਫੌਜ ਦੱਸਣਾ ਹੀ ਰਾਸ਼ਟਰਵਾਦ ਹੈ? ਪ੍ਰਧਾਨ ਮੰਤਰੀ ਸਰਹੱਦ 'ਤੇ ਰੋਜ਼ਾਨਾ ਸ਼ਹੀਦ ਹੋ ਰਹੇ ਜਵਾਨਾਂ ਦੇ ਮਾਮਲੇ 'ਚ ਜਵਾਬ ਕਿਉਂ ਨਹੀਂ ਦਿੰਦੇ। ਇੰਟਰਵਿਊ ਦੌਰਾਨ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਪ੍ਰਤੀ ਰਵੱਈਏ, ਕਾਂਗਰਸ ਦੀ ਚੋਣ ਤਿਆਰੀ, ਬਾਲਾਕੋਟ ਦੀ ਏਅਰ ਸਟ੍ਰਾਈਕ ਬਾਰੇ, ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਅਤੇ ਅਕਾਲੀ ਨੇਤਾਵਾਂ ਦੇ ਕਾਰਵਾਈ ਸਬੰਧੀ ਸਾਰੇ ਸਵਾਲਾਂ ਦੇ ਜਵਾਬ ਦਿੱਤੇ।

ਸ : ਮੋਦੀ ਰਾਸ਼ਟਰਵਾਦ ਦੀਆਂ ਗੱਲਾਂ ਕਰ ਰਹੇ ਹਨ। ਕੀ ਇਸ ਨਾਲ ਭਾਜਪਾ ਨੂੰ ਲਾਭ ਹੋਵੇਗਾ?

ਜ : ਹਰ ਭਾਰਤੀ ਰਾਸ਼ਟਰਵਾਦੀ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਕਾਂਗਰਸ ਰਾਸ਼ਟਰ ਵਿਰੋਧੀ ਹੈ? ਅਸੀਂ ਵੀ ਰਾਸ਼ਟਰਵਾਦ ਦੀ ਗੱਲ ਕਰ ਰਹੇ ਹਾਂ ਪਰ ਇਸ ਦਾ ਮਤਲਬ ਇਹ ਹੈ ਕਿ ਹਿੰਦੁਸਤਾਨ ਦੀ ਫੌਜ ਮੇਰੀ ਫੌਜ ਹੈ। ਇਹ ਮੋਦੀ ਦੀ ਫੌਜ ਕਿਥੋਂ ਹੋ ਗਈ। ਇਹ ਤਾਂ ਹਿੰਦੁਸਤਾਨ ਦੀ ਫੌਜ ਹੈ। ਮੋਦੀ ਕਹਿ ਰਹੇ ਹਨ ਕਿ ਮੈਂ ਫੌਜ ਨੂੰ ਤਾਕਤ ਦਿੱਤੀ ਹੈ। ਕਿਹੜੀ ਤਾਕਤ ਦਿੱਤੀ ਹੈ? 1947 ਵਿਚ ਫੌਜ ਨੂੰ ਤਾਕਤ ਮਿਲੀ ਸੀ। ਉਦੋਂ ਜਵਾਹਰ ਲਾਲ ਨਹਿਰੂ ਪ੍ਰਧਾਨ ਮੰਤਰੀ ਸਨ। 1965 ਵਿਚ ਫੌਜ ਨੂੰ ਤਾਕਤ ਮਿਲੀ ਸੀ। ਉਦੋਂ ਲਾਲ ਬਹਾਦਰ ਸ਼ਾਸਤਰੀ ਪ੍ਰਧਾਨ ਮੰਤਰੀ ਸਨ। 1971 ਵਿਚ ਇੰਦਰਾ ਗਾਂਧੀ ਨੇ ਫੌਜ ਨੂੰ ਤਾਕਤ ਦਿੱਤੀ ਸੀ। ਇਹ ਸਿਸਟਮ ਫੰਕਸ਼ਨ ਦਾ ਹਿੱਸਾ ਹੈ।

ਸ : ਪ੍ਰਧਾਨ ਮੰਤਰੀ ਬਾਲਾਕੋਟ ਦੀ ਏਅਰ ਸਟ੍ਰਾਈਕ ਦਾ ਕ੍ਰੈਡਿਟ ਲੈ ਰਹੇ ਹਨ। ਤੁਸੀਂ ਇਸ ਬਾਰੇ ਕੀ ਕਹੋਗੇ?
ਜ : ਕੀ ਕ੍ਰੈਡਿਟ ਹੈ? ਇਕ ਵਿੰਗ ਕਮਾਂਡਰ ਜਾ ਕੇ ਆਪਣੀ ਡਿਊਟੀ ਪੂਰੀ ਕੀਤੀ ਹੈ। ਰੋਜ਼ਾਨਾ ਸਰਹੱਦ 'ਤੇ ਜਵਾਨ ਸ਼ਹੀਦ ਹੋ ਰਹੇ ਹਨ। ਉਨ੍ਹਾਂ ਬਾਰੇ ਵੀ ਤਾਂ ਗੱਲ ਕਰੋ। 

ਸ : ਪ੍ਰਧਾਨ ਮੰਤਰੀ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਵੀ ਸਿਹਰਾ ਲੈ ਰਹੇ ਹਨ। ਤੁਸੀਂ ਇਸ ਬਾਰੇ ਕੀ ਕਹੋਗੇ?
ਜ : ਉਹ ਤਾਂ ਕਹਿਣਗੇ ਹੀ। ਉਥੇ ਹੁਣ ਗੁਰਦੁਆਰਾ ਸਾਹਿਬ ਵਿਖੇ ਜੋ ਪੁਰਾਤਨ ਖੂਹ ਮਿਲਿਆ ਹੈ, ਉਸ ਬਾਰੇ ਵੀ ਉਹ ਇਹ ਕਹਿਣਗੇ ਕਿ ਉਸ ਨੂੰ ਉਨ੍ਹਾਂ ਖੋਦਿਆ ਹੈ। ਉਨ੍ਹਾਂ ਦਾ ਇਹ ਤਰੀਕਾ ਹੈ ਇੰਝ ਕਹਿਣ ਦਾ। ਉਹ ਹਰ ਚੀਜ਼ ਨੂੰ ਆਪਣੀ ਕਹਿ ਰਹੇ ਹਨ।

ਸ : ਕੀ ਰਾਹੁਲ ਨਰਿੰਦਰ ਮੋਦੀ ਨੂੰ ਟੱਕਰ ਦੇ ਸਕਦੇ ਹਨ?
ਜ : ਮੈਨੂੰ ਲੱਗਦਾ ਹੈ ਕਿ ਰਾਹੁਲ ਮੋਦੀ ਦੇ ਮੁਕਾਬਲੇ ਵਧੀਆ ਹਨ। ਨੇਤਾ ਉਹੀ ਹੁੰਦਾ ਹੈ ਜੋ ਸਭ ਨੂੰ ਨਾਲ ਲੈ ਕੇ ਚੱਲਦਾ ਹੈ। ਮੋਦੀ ਸਾਰੇ ਕੰਮ ਇਕੱਲੇ ਕਰਦੇ ਹਨ। ਮੋਦੀ ਦੇ ਸਭ ਮੰਤਰੀਆਂ ਦੀਆਂ ਫਾਈਲਾਂ ਪੀ. ਐੱਮ. ਦੇ ਘਰ ਜਾਂਦੀਆਂ ਹਨ। ਉਥੇ ਵੱਖ-ਵੱਖ ਮੰਤਰਾਲਿਆਂ ਦੇ ਡੈਸਕ ਬਣੇ ਹੋਏ ਹਨ। ਉਹੀ ਫੈਸਲਾ ਕਰਦੇ ਹਨ। ਤੁਸੀਂ ਸੀ. ਐੱਮ. ਵਾਂਗ ਦੇਸ਼ ਨਹੀਂ ਚਲਾ ਸਕਦੇ। ਇਕ ਸੂਬਾ ਅਤੇ ਦੇਸ਼ ਨੂੰ ਚਲਾਉਣ ਵਿਚ ਫਰਕ ਹੁੰਦਾ ਹੈ। ਭਾਰਤ ਬਹੁਤ ਵੱਡਾ ਹੈ, ਇਸ ਲਈ ਪ੍ਰਧਾਨ ਮੰਤਰੀ ਨੂੰ ਲਿਬਰਲ ਹੋਣਾ ਚਾਹੀਦਾ ਹੈ ਅਤੇ ਮੰਤਰੀਆਂ ਨੂੰ ਕੰਮ ਕਰਨ ਦੀ ਤਾਕਤ ਮਿਲਣੀ ਚਾਹੀਦੀ ਹੈ। ਇਸ ਮਾਮਲੇ ਵਿਚ ਰਾਹੁਲ ਦੀ ਇਹ ਤਾਰੀਫ ਹੈ ਕਿ ਉਹ ਕਿਸੇ ਮਾਮਲੇ ਵਿਚ ਆਪਣੀ ਰਾਇ ਬਣਾ ਵੀ ਚੁੱਕੇ ਹੁੰਦੇ ਹਨ ਤਾਂ ਵੀ ਉਹ ਦਲੀਲ ਦੇਣ 'ਤੇ ਆਪਣਾ ਵਿਚਾਰ ਬਦਲ ਲੈਂਦੇ ਹਨ।

ਸ : ਕੀ ਬਤੌਰ ਮੁੱਖ ਮੰਤਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਤੁਹਾਡਾ ਤਜਰਬਾ ਚੰਗਾ ਰਿਹਾ ਹੈ ? ਕੀ ਉਨ੍ਹਾਂ ਪੰਜਾਬ ਦੇ ਵਿਕਾਸ ਦੇ ਮਾਮਲੇ ਵਿਚ ਸਹਿਯੋਗ ਦਿੱਤਾ ਹੈ।
ਜ : ਜੇ ਮੈਂ ਇਸ ਮਾਮਲੇ ਵਿਚ ਨਰਿੰਦਰ ਮੋਦੀ ਦੀ ਤੁਲਨਾ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਕਰਾਂ ਤਾਂ ਉਹ ਮੋਦੀ ਦੇ ਮੁਕਾਬਲੇ ਕਿਤੇ ਵਧੀਆ ਸਨ ਅਤੇ ਪੰਜਾਬ ਨੂੰ ਪੂਰਾ ਸਹਿਯੋਗ ਦਿੰਦੇ ਸਨ। ਇਕ ਵਾਰ ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਤੁਸੀਂ ਪੰਜਾਬ ਵਿਚ ਅਕਾਲੀਆਂ ਨੂੰ ਸਹਿਯੋਗ ਦਿੰਦੇ ਹੋ, ਜਿਸ ਕਾਰਨ ਅਕਾਲੀ ਪੰਜਾਬ ਵਿਚ ਮਜ਼ਬੂਤ ਹੋ ਰਹੇ ਹਨ ਤਾਂ ਉਨ੍ਹਾਂ ਮੈਨੂੰ ਕਿਹਾ ਸੀ ਕਿ ਮੈਂ ਦੇਸ਼ ਦਾ ਪ੍ਰਧਾਨ ਮੰਤਰੀ ਹਾਂ। ਇਸ ਨਾਤੇ ਮੈਨੂੰ ਪੰਜਾਬ ਦਾ ਵੀ ਧਿਆਨ ਰੱਖਣਾ ਪੈਂਦਾ ਹੈ। ਮੋਦੀ ਅਜਿਹੇ ਨਹੀਂ ਹਨ। ਪੰਜਾਬ ਦੀ 31 ਹਜ਼ਾਰ ਕਰੋੜ ਰੁਪਏ ਦੀ ਰਕਮ ਦੇ ਮਾਮਲੇ ਵਿਚ ਮੋਦੀ ਸਰਕਾਰ ਨੇ ਬਿਲਕੁਲ ਸਹਿਯੋਗ ਨਹੀਂ ਦਿੱਤਾ। ਪਿਛਲੀ ਸਰਕਾਰ ਦੀ ਗਲਤੀ ਕਾਰਨ 31 ਹਜ਼ਾਰ ਕਰੋੜ ਰੁਪਿਆ ਪੰਜਾਬ ਦੇ ਕਰਜ਼ੇ ਵਿਚ ਜੁੜ ਗਿਆ। ਮੋਦੀ ਸਰਕਾਰ ਨੇ ਇਸ ਸਬੰਧੀ ਕੋਈ ਸਹਿਯੋਗ ਨਹੀਂ ਦਿੱਤਾ। ਵਿੱਤ ਮੰਤਰੀ ਅਤੇ ਪ੍ਰਧਾਨ ਮੰਤਰੀ ਦੋਵਾਂ ਨੇ ਇਹ ਗੱਲ ਮੰਨੀ ਕਿ ਇਸ ਵਿਚ ਪਿਛਲੀ ਸਰਕਾਰ ਦੀ ਗਲਤੀ ਹੈ ਪਰ ਪੂਰੇ ਮਾਮਲੇ ਵਿਚ ਕੋਈ ਗੰਭੀਰ ਕਾਰਵਾਈ ਨਹੀਂ ਹੋਈ। ਇਸੇ ਤਰ੍ਹਾਂ ਸ੍ਰੀ ਕਰਤਾਪੁਰ ਸਾਹਿਬ ਦੇ ਲਾਂਘੇ ਲਈ ਅਸੀਂ ਪੈਸੇ ਮੰਗੇ ਪਰ ਉਹ ਨਹੀਂ ਮਿਲੇ। ਗ੍ਰਹਿ ਮੰਤਰਾਲਾ ਅਧੀਨ ਇਕ ਕਮੇਟੀ ਦਾ ਗਠਨ ਜ਼ਰੂਰ ਕੀਤਾ ਗਿਆ ਪਰ ਜਿਹੜਾ ਗੰਭੀਰ ਮੁੱਦਾ ਸੀ ਅਤੇ ਉਸ 'ਤੇ ਪ੍ਰਧਾਨ ਮੰਤਰੀ ਨੂੰ ਖੁਦ ਅੱਗੇ ਆਉਣਾ ਚਾਹੀਦਾ ਸੀ, ਸਬੰਧੀ ਕੁਝ ਨਹੀਂ ਹੋਇਆ। ਨਾ ਤਾਂ ਪ੍ਰਧਾਨ ਮੰਤਰੀ ਆਏ ਅਤੇ ਨਾ ਪੈਸਾ ਮਿਲਿਆ। ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਲਈ ਪੈਸੇ ਮੰਗੇ ਪਰ ਨਹੀਂ ਮਿਲੇ।


Anuradha

Content Editor

Related News