ਕੈਪਟਨ ਅਤੇ ਬਾਦਲਾਂ ਨੇ ਪੰਜਾਬ ਨੂੰ ਵਾਰੀ-ਵਾਰੀ ਲੁੱਟਿਆ : ਖਹਿਰਾ
Wednesday, Dec 05, 2018 - 11:30 AM (IST)
ਭਦੌੜ (ਰਾਕੇਸ਼)— ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲਾਂ ਨੇ ਵਾਰੀ-ਵਾਰੀ ਪੰਜਾਬ ਦੀ ਸੱਤਾ 'ਤੇ ਕਾਬਜ਼ ਹੋ ਕੇ ਪੰਜਾਬ ਨੂੰ ਦੱਬ ਕੇ ਲੁੱਟਿਆ ਹੈ, ਜਿਸ ਕਾਰਨ ਇਨ੍ਹਾਂ ਦੇ ਕਾਰੋਬਾਰ ਵੱਧ ਫੁੱਲ ਕੇ ਅਰਬਾਂ-ਖ਼ਰਬਾਂ 'ਚ ਪੁੱਜ ਗਏ ਹਨ ਪਰ ਇਨ੍ਹਾਂ ਵੱਲੋਂ ਮਚਾਈ ਲੁੱਟ ਕਾਰਨ ਪੰਜਾਬ ਢਾਈ ਲੱਖ ਕਰੋੜ ਦਾ ਕਰਜ਼ਾਈ ਹੋ ਗਿਆ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਇਨਸਾਫ਼ ਮਾਰਚ ਤਹਿਤ ਮੰਗਲਵਾਰ ਨੂੰ ਭਦੌੜ ਪੁੱਜੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਵਿਰੋਧੀ ਧਿਰ ਦੇ ਨੇਤਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ 3 ਸਾਲ ਬੀਤਣ ਦੇ ਬਾਵਜੂਦ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਅਤੇ 2 ਨੌਜਵਾਨਾਂ ਨੂੰ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਪੰਜਾਬ ਸਰਕਾਰ ਸਜ਼ਾਵਾਂ ਦਿਵਾਉਣ 'ਚ ਅਸਫ਼ਲ ਰਹੀ ਹੈ। ਇਸ ਤੋਂ ਇਲਾਵਾ ਬੇਰੋਜ਼ਗਾਰੀ, ਨਸ਼ੇ, ਰਿਸ਼ਵਤਖੋਰੀ ਨੂੰ ਠੱਲ੍ਹ ਪਾਉਣ 'ਚ ਵੀ ਅਸਫ਼ਲ ਰਹਿੰਦਿਆਂ ਲੋਕਾਂ ਨਾਲ ਬੇਇਨਸਾਫ਼ੀ ਕੀਤੀ ਗਈ ਹੈ, ਜਿਸ ਕਰਕੇ ਸਾਨੂੰ ਇਨਸਾਫ਼ ਮਾਰਚ ਕੱਢਣ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਲੋਕਾਂ ਨੂੰ ਜ਼ੋਰਦਾਰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੇ ਭਲੇ ਲਈ ਬਾਦਲਾਂ ਅਤੇ ਕੈਪਟਨ ਦੇ ਚੁੰਘਲ 'ਚੋਂ ਨਿਕਲ ਕੇ ਤੀਜੇ ਬਦਲ ਨਾਲ ਜੁੜਨ ਦੀ ਲੋੜ ਹੈ।
ਇਸ ਮੌਕੇ ਵਿਧਾਇਕ ਪਿਰਮਲ ਸਿੰਘ ਧੌਲਾ, ਸਾਬਕਾ ਜ਼ਿਲਾ ਪ੍ਰਧਾਨ ਕਾਲਾ ਢਿੱਲੋਂ, ਸੁਖਚੈਨ ਚੈਨਾ, ਕਾਮਰੇਡ ਹੇਮ ਰਾਜ ਸ਼ਰਮਾ, ਭਾਈ ਓਂਕਾਰ ਸਿੰਘ ਬਰਾੜ, ਅਜਮੇਰ ਮਹਿਲ ਕਲਾਂ, ਐਡਵੋਕੇਟ ਨਰੇਸ਼ ਬਾਵਾ, ਮੈਡਮ ਜਸਵੰਤ ਕੌਰ, ਰੇਸ਼ਮ ਜੰਗੀਆਣਾ, ਗੋਰਾ ਭਦੌੜ, ਗੁਰਮੁੱਖ ਸਿੰਘ ਪਰਜਾਪਤ ਆਦਿ ਹਾਜ਼ਰ ਸਨ।
