ਪ੍ਰਵੇਜ਼ ਵਲੋਂ ਭੇਟ ਕੀਤੇ ਘੋੜੇ ''ਸੁਲਤਾਨ'' ਨੂੰ 14 ਸਾਲ ਬਾਅਦ ਮਿਲੇ ਕੈਪਟਨ ਅਮਰਿੰਦਰ

Thursday, Mar 01, 2018 - 07:11 AM (IST)

ਪ੍ਰਵੇਜ਼ ਵਲੋਂ ਭੇਟ ਕੀਤੇ ਘੋੜੇ ''ਸੁਲਤਾਨ'' ਨੂੰ 14 ਸਾਲ ਬਾਅਦ ਮਿਲੇ ਕੈਪਟਨ ਅਮਰਿੰਦਰ

ਜਲੰਧਰ/ਫਿਲੌਰ (ਧਵਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਪਾਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਵੇਜ਼ ਇਲਾਹੀ ਵਲੋਂ ਭੇਟ ਕੀਤੇ ਗਏ ਘੋੜੇ 'ਸੁਲਤਾਨ' ਨੂੰ 14 ਸਾਲਾਂ ਬਾਅਦ ਮਿਲੇ। ਇਹ ਘੋੜਾ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਦੇ ਮੁੱਖ ਮੰਤਰੀ ਵਜੋਂ ਪਹਿਲੇ ਕਾਰਜਕਾਲ ਦੌਰਾਨ ਪਾਕਿਸਤਾਨੀ ਦੌਰੇ ਦੌਰਾਨ ਤੱਤਕਾਲੀ ਮੁੱਖ ਮੰਤਰੀ ਪ੍ਰਵੇਜ਼ ਇਲਾਹੀ ਨੇ ਤੋਹਫੇ ਵਜੋਂ ਭੇਟ ਕੀਤਾ ਸੀ। ਬਦਕਿਸਮਤੀ ਨਾਲ ਪਾਕਿ ਮੁੱਖ ਮੰਤਰੀ ਵਲੋਂ ਦਿੱਤਾ ਗਿਆ ਘੋੜਾ ਜ਼ਿਆਦਾ ਦਿਨ ਤਕ ਜਿਊਂਦਾ ਨਹੀਂ ਰਿਹਾ, ਜਿਸ ਤੋਂ ਪ੍ਰਵੇਜ਼ ਇਲਾਹੀ ਬਹੁਤ ਦੁਖੀ ਹੋਏ। ਇਸ ਤੋਂ ਬਾਅਦ ਇਲਾਹੀ ਨੇ ਇਕ ਹੋਰ ਘੋੜਾ ਕੈਪਟਨ ਨੂੰ ਤੋਹਫੇ ਵਜੋਂ ਭੇਜਿਆ, ਜਿਸ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪੁਲਸ ਅਕਾਦਮੀ ਫਿਲੌਰ ਨੂੰ ਦੇ ਦਿੱਤਾ ਸੀ। ਕੈਪਟਨ ਅਮਰਿੰਦਰ ਸਿੰਘ ਅੱਜ ਜਦੋਂ ਪੰਜਾਬ ਪੁਲਸ ਅਕਾਦਮੀ ਫਿਲੌਰ 'ਚ ਪਾਸਿੰਗ ਹਾਊਸ ਪਰੇਡ 'ਚ ਹਿੱਸਾ ਲੈਣ ਲਈ ਆਏ ਤਾਂ ਉਨ੍ਹਾਂ ਨੇ ਸੁਲਤਾਨ ਨੂੰ ਮਿਲਣ ਦੀ ਇੱਛਾ ਜ਼ਾਹਿਰ ਕੀਤੀ। ਕੈਪਟਨ ਇਸ ਘੋੜੇ ਨੂੰ ਸੰਨੀ ਕਿਡ ਦੇ ਨਾਂ ਨਾਲ ਬੁਲਾਉਂਦੇ ਰਹੇ ਹਨ। ਮੁੱਖ ਮੰਤਰੀ ਨੇ ਅਕਾਦਮੀ 'ਚ ਆਉਂਦਿਆਂ ਹੀ ਪੁਲਸ ਅਧਿਕਾਰੀਆਂ ਨਾਲ ਉਕਤ ਘੋੜੇ ਸਬੰਧੀ ਗੱਲਬਾਤ ਕੀਤੀ ਅਤੇ ਉਸ ਦੀ ਸਿਹਤ ਬਾਰੇ ਜਾਣਕਾਰੀ ਹਾਸਲ ਕੀਤੀ। ਅਧਿਕਾਰੀਆਂ ਨੇ ਤੁਰੰਤ ਘੋੜੇ ਨੂੰ ਨੇੜਲੇ ਸਥਾਨ 'ਤੇ ਪਹੁੰਚਾਇਆ, ਜਿਥੇ ਮੁੱਖ ਮੰਤਰੀ ਨੇ ਉਸ ਨੂੰ ਦੇਖਿਆ। ਕੈਪਟਨ ਦੀ ਸੁਲਤਾਨ ਨਾਲ ਲੰਬੇ ਸਮੇਂ ਬਾਅਦ ਮੁਲਾਕਾਤ ਹੋਈ ਪਰ ਮੁੱਖ ਮੰਤਰੀ ਮੁਲਾਕਾਤ ਤੋਂ ਬਾਅਦ ਕਾਫੀ ਖੁਸ਼ ਦਿਖਾਈ ਦੇ ਰਹੇ ਸਨ। ਇਸ ਤਰ੍ਹਾਂ ਮੁੱਖ ਮੰਤਰੀ ਦੇ ਘੋੜੇ ਨਾਲ ਪੁਰਾਣੇ ਸਬੰਧ ਮੁੜ ਸੁਰਜੀਤ ਹੋ ਗਏ।


Related News