ਕੈਪਟਨ ਅਮਰਿੰਦਰ ਨੇ ਸੂਬੇ ਨੂੰ ਬਰਬਾਦ ਕਰਨ ਲਈ ਅਕਾਲੀਆਂ ਤੇ ਭਾਜਪਾ ਨਾਲ ਮਿਲੀਭੁਗਤ ਕੀਤੀ : ਚੰਨੀ
Wednesday, Nov 24, 2021 - 01:14 AM (IST)
ਚੰਡੀਗੜ੍ਹ/ਬੰਗਾ(ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਸਾਬਕਾ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ’ਤੇ ਸੂਬੇ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਲਈ ਅਕਾਲੀਆਂ ਅਤੇ ਭਾਜਪਾ ਨਾਲ ਮਿਲੀਭੁਗਤ ਕਰਨ ਦਾ ਦੋਸ਼ ਲਾਉਂਦਿਆਂ ਸਖ਼ਤ ਆਲੋਚਨਾ ਕੀਤੀ।
ਇੱਥੇ ਅੱਜ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਨੇ ਆਪਣੇ ਕਾਰਜਕਾਲ ਦੌਰਾਨ ਪੰਜਾਬ ਦੇ ਹਿੱਤਾਂ ਨੂੰ ਖਤਰੇ ’ਚ ਪਾ ਕੇ ਬਾਦਲ ਪਰਿਵਾਰ ਅਤੇ ਮੋਦੀ ਦੇ ਹਿੱਤਾਂ ਦੀ ਰਾਖੀ ਕੀਤੀ ਹੈ। ਇਸੇ ਕਾਰਨ ਕਾਂਗਰਸੀ ਵਿਧਾਇਕਾਂ ਨੇ ਇਕਜੁਟ ਹੋ ਕੇ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਕਰ ਦਿੱਤਾ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਕੈ. ਅਮਰਿੰਦਰ ਸਿੰਘ ਵਲੋਂ ਬਣਾਈ ਗਈ ਨਵੀਂ ਪਾਰਟੀ ਦਾ ਮੰਤਵ ਵੀ ਅਕਾਲੀਆਂ ਅਤੇ ਭਾਜਪਾ ਨੂੰ ਫਾਇਦਾ ਪਹੁੰਚਾਉਣਾ ਅਤੇ ਸੂਬੇ ਨੂੰ ਬਰਬਾਦ ਕਰਨਾ ਹੈ।
ਅਕਾਲੀਆਂ ’ਤੇ ਅਨੁਸੂਚਿਤ ਜਾਤੀਆਂ ਦੇ ਹਿੱਤਾਂ ਨੂੰ ਨਜ਼ਰਅੰਦਾਜ ਕਰਨ ਦਾ ਦੋਸ਼ ਲਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਦਾ ਬਸਪਾ ਨਾਲ ਨਾਪਾਕ ਗਠਜੋੜ ਹੈ ਅਤੇ ਉਨ੍ਹਾਂ ਨੂੰ ਜਾਣਬੁੱਝ ਕੇ ਕਮਜ਼ੋਰ ਸੀਟਾਂ ਅਲਾਟ ਕੀਤੀਆਂ ਹਨ। ਇਨ੍ਹਾਂ ਸੀਟਾਂ ’ਤੇ ਜਿੱਤ ਨਾਲ ਅਕਾਲੀ ਭਾਜਪਾ ਨੂੰ ਲਾਭ ਪਹੁੰਚਾਉਣਗੇ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਸ ਗਠਜੋੜ ਦਾ ਮੁੱਖ ਮੰਤਵ ਇਹ ਯਕੀਨੀ ਬਣਾਉਣਾ ਹੈ ਕਿ ਐੱਸ. ਸੀ. ਭਾਈਚਾਰੇ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਇਆ ਜਾਵੇ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪਾਰਟੀ ਪੱਧਰ ਤੋਂ ਬਾਹਰ ਜਾ ਕੇ ਕੁਝ ਸਿਆਸਤਦਾਨਾਂ ਵਲੋਂ ਕੀਤੇ ਨਾਪਾਕ ਗਠਜੋੜ ਨੇ ਪੰਜਾਬ ਨੂੰ ਲੁੱਟਣ ਲਈ ਆਮ ਆਦਮੀ ਤੋਂ ਸੱਤਾ ਖੋਹ ਲਈ ਹੈ। ਉਨ੍ਹਾਂ ਕਿਹਾ ਕਿ ਇਸ ਗਰੁੱਪ ਦੇ ਮੈਂਬਰਾਂ ਦਾ ਆਪਣੇ ਨਿੱਜ ਸਵਾਰਥਾਂ ਲਈ ਸੂਬੇ ਨੂੰ ਲੁੱਟਣ ਦੇ ਰੂਪ ’ਚ ਆਪਸੀ ਸਬੰਧ ਹੈ। ਉਨ੍ਹਾਂ ਦੋਸ਼ ਲਾਇਆ ਕਿ ਉਹ ਸੱਤਾ ਦੇ ਲਾਲਚ ’ਚ ਅਜਿਹਾ ਕਰ ਰਹੇ ਹਨ ਜਿੱਥੇ ਹਰ ਪੰਜ ਸਾਲ ਬਾਅਦ ਸ਼ਾਸਕ ਬਦਲਦਾ ਹੈ ਪਰ ਸੱਤਾ ਉਨ੍ਹਾਂ ਦੇ ਹੱਥਾਂ ’ਚ ਰਹਿੰਦੀ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਹੁਣ ਇਹ ਗਠਜੋੜ ਟੁੱਟ ਗਿਆ ਹੈ ਅਤੇ ਸੱਤਾ ਆਮ ਆਦਮੀ ਕੋਲ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕ ਜਾਣਦੇ ਹਨ ਕਿ ਪੂਰੇ ਉੱਤਰੀ ਖੇਤਰ ਨਾਲੋਂ ਪੰਜਾਬ ’ਚ ਪੈਟਰੋਲ ਅਤੇ ਡੀਜ਼ਲ ਸਭ ਤੋਂ ਸਸਤਾ ਹੈ ਅਤੇ ਇਸੇ ਤਰ੍ਹਾਂ ਬਿਜਲੀ ਦੇ ਰੇਟ ਵੀ ਪੂਰੇ ਦੇਸ਼ ਨਾਲੋਂ ਸਭ ਤੋਂ ਸਸਤੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪਹਿਲਾਂ ਹੀ ਸੂਬੇ ’ਚ ਰੇਤ ਅਤੇ ਟਰਾਂਸਪੋਰਟ ਮਾਫੀਆ ’ਤੇ ਨੱਥ ਪਾ ਚੁੱਕੀ ਹੈ ਅਤੇ ਅਗਲੀ ਵਾਰੀ ਕੇਬਲ ਮਾਫੀਆ ਦੀ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਕੇਬਲ ਮਾਫੀਆ ਬਾਦਲ ਪਰਿਵਾਰ ਦੇ ਹੱਥਾਂ ’ਚ ਖੇਡਦਾ ਹੈ ਜੋ ਲੋਕਾਂ ਤੋਂ ਮੋਟੀਆਂ ਦਰਾਂ ਵਸੂਲ ਰਿਹਾ ਹੈ ਅਤੇ ਇਸ ਮਾਫੀਆ ਨੂੰ ਜਲਦੀ ਹੀ ਨੱਥ ਪਾਈ ਜਾਵੇਗੀ।