ਕੈ. ਅਮਰਿੰਦਰ ਤੇ ਸੁਨੀਲ ਜਾਖੜ ਵਿਚਾਲੇ ਆਈ ਤ੍ਰੇੜ!
Saturday, Apr 27, 2019 - 09:35 AM (IST)
ਜਲੰਧਰ (ਚੋਪੜਾ)—ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵਿਚਾਲੇ ਪੈਦਾ ਹੋਈ ਤ੍ਰੇੜ ਲਗਾਤਾਰ ਵਧਦੀ ਜਾ ਰਹੀ ਹੈ, ਬੀਤੇ ਕੱਲ ਇਹ ਤ੍ਰੇੜ ਹੋਰ ਵੀ ਵੱਧ ਗਈ ਜਦ ਕੈਪਟਨ ਨੇ ਕਾਂਗਰਸ ਪ੍ਰਧਾਨ ਨੂੰ ਭਰੋਸੇ 'ਚ ਲਏ ਬਿਨਾਂ ਆਮ ਆਦਮੀ ਪਾਰਟੀ (ਆਪ) ਦੇ ਮਾਨਸਾ ਤੋਂ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੂੰ ਕਾਂਗਰਸ 'ਚ ਸ਼ਾਮਲ ਕਰਵਾ ਲਿਆ। ਬਠਿੰਡਾ ਤੋਂ ਕਾਂਗਰਸ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਨਾਮਜ਼ਦਗੀ ਦਾਖਲ ਕਰਵਾਉਣ ਪਹੁੰਚੇ ਕੈਪਟਨ ਨੇ ਜਦ ਮਾਨਸ਼ਾਹੀਆ ਨੂੰ ਪਾਰਟੀ 'ਚ ਸ਼ਾਮਲ ਕੀਤਾ, ਉਸ ਸਮੇਂ ਜਾਖੜ ਪੰਚਕੂਲਾ 'ਚ ਸਨ ਤੇ ਉਨ੍ਹਾਂ ਨੂੰ ਇਸ ਬਾਰੇ ਬਾਅਦ 'ਚ ਪਤਾ ਲੱਗਾ। ਮਾਨਸ਼ਾਹੀਆ ਨੂੰ ਕਾਂਗਰਸ 'ਚ ਲਿਆਉਣ 'ਚ ਪੰਜਾਬ ਦੇ ਗ੍ਰਾਮੀਣ ਵਿਕਾਸ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਮੁੱਖ ਭੂਮਿਕਾ ਨਿਭਾਈ ਹੈ ਤੇ ਮਾਨਸ਼ਾਹੀਆ ਤੇ ਬਾਜਵਾ ਦੋਵੇਂ ਇਸ ਗੱਲ ਨੂੰ ਲੈ ਕੇ ਕਾਫੀ ਦਿਨਾਂ ਤੋਂ ਇਕ-ਦੂਜੇ ਨਾਲ ਸੰਪਰਕ 'ਚ ਸਨ। ਸੂਤਰਾਂ ਦੀ ਮੰਨੀਏ ਤਾਂ ਬਾਜਵਾ ਤੇ ਜਾਖੜ ਦੋਵੇਂ ਇਸੇ ਹਫਤੇ ਚੰਡੀਗੜ੍ਹ 'ਚ ਇਕੱਠੇ ਸਨ ਪਰ ਫਿਰ ਵੀ ਉਨ੍ਹਾਂ ਨੇ ਆਪ ਵਿਧਾਇਕ ਨੂੰ ਕਾਂਗਰਸ 'ਚ ਸ਼ਾਮਲ ਕਰਵਾਉਣ ਦੀ ਗੱਲ ਸੂਬਾ ਕਾਂਗਰਸ ਪ੍ਰਧਾਨ ਤੋਂ ਲੁਕੋਈ ਰੱਖੀ।
ਇਸ ਘਟਨਾਕ੍ਰਮ ਤੋਂ ਬਾਅਦ ਕਾਂਗਰਸ ਦੇ ਗਲਿਆਰੇ 'ਚ ਇਹ ਚਰਚਾ ਤੇਜ਼ ਹੋ ਗਈ ਹੈ ਕਿ ਕੈਪਟਨ-ਜਾਖੜ ਐਪੀਸੋਡ ਕਾਰਨ ਕਾਂਗਰਸ 'ਚ ਆਉਣ ਵਾਲੇ ਦਿਨਾਂ 'ਚ ਵੱਡੀ ਹਲਚਲ ਹੋਣ ਵਾਲੀ ਹੈ। ਉੱਧਰ ਤ੍ਰਿਪਤ ਬਾਜਵਾ ਦੇ ਇਕ ਨੇੜਲੇ ਦਾ ਕਹਿਣਾ ਹੈ ਕਿ ਸਾਰਾ ਘਟਨਾਕ੍ਰਮ ਅਚਾਨਕ ਹੋਇਆ ਹੈ ਕਿਉਂਕਿ ਮੁੱਖ ਮੰਤਰੀ ਨੇ ਨਾਮਜ਼ਦਗੀ ਲਈ ਹੋਰ ਹਲਕਿਆਂ 'ਚ ਜਾਣਾ ਸੀ, ਇਸ ਲਈ ਮਾਨਸ਼ਾਹੀਆ ਨੂੰ ਲੈ ਕੇ ਤੁਰੰਤ ਫੈਸਲਾ ਕੀਤਾ ਗਿਆ। ਹਾਲਾਂਕਿ ਕੈਪਟਨ ਨੇ ਆਪਣੇ ਖਾਸ ਕੇਵਲ ਢਿੱਲੋਂ ਨੂੰ ਬਠਿੰਡਾ ਤੋਂ ਟਿਕਟ ਦੇਣ ਦੀ ਵਕਾਲਤ ਕਰਨ ਦੌਰਾਨ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਦੱਸਿਆ ਸੀ ਕਿ ਕਈ ਆਪ ਵਿਧਾਇਕ ਕਾਂਗਰਸ 'ਚ ਸ਼ਾਮਲ ਹੋਣ ਲਈ ਉਨ੍ਹਾਂ ਨਾਲ ਸੰਪਰਕ ਕਰ ਰਹੇ ਹਨ ਪਰ ਜੋ ਵੀ ਹੋਵੇ ਆਪ ਵਿਧਾਇਕ ਦੇ ਕਾਂਗਰਸ 'ਚ ਸ਼ਾਮਲ ਹੋਣ ਦੌਰਾਨ ਜਿਸ ਤਰ੍ਹਾਂ ਸੂਬਾ ਪ੍ਰਧਾਨ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ।
ਪ੍ਰਤਾਪ ਬਾਜਵਾ ਨਾਲ ਸਿਆਸੀ ਜੰਗ 'ਚ ਜਾਖੜ ਬਣੇ ਸਨ ਕੈਪਟਨ ਦੇ ਸਾਰਥੀ
ਗੁਰਦਾਸਪੁਰ ਹਲਕੇ 'ਚ ਵਧ ਸਕਦੀਆਂ ਹਨ ਜਾਖੜ ਦੀਆਂ ਮੁਸ਼ਕਲਾਂ
ਕੈਪਟਨ ਅਮਰਿੰਦਰ ਨਾਲ ਪੈਦਾ ਹੋਏ ਮਤਭੇਦਾਂ ਦੇ ਕਾਰਨ 2019 ਦੀਆਂ ਲੋਕ ਸਭਾ ਚੋਣਾਂ 'ਚ ਗੁਰਦਾਸਪੁਰ ਹਲਕੇ ਤੋਂ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ ਕਿਉਂਕਿ ਗੁਰਦਾਸਪੁਰ ਨਾਲ ਸਬੰਧਤ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਜੇ ਤੱਕ ਜਾਖੜ ਦੀ ਚੋਣ ਮੁਹਿੰਮ 'ਚ ਸ਼ਾਮਲ ਨਹੀਂ ਹੋਏ ਹਨ। 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਹੋਈ ਸਿਆਸੀ ਜੰਗ 'ਚ ਜਾਖੜ ਹੀ ਕੈਪਟਨ ਅਮਰਿੰਦਰ ਦੇ ਸਾਰਥੀ ਬਣੇ ਸਨ। ਜ਼ਿਕਰਯੋਗ ਹੈ ਕਿ 2012 ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੀ ਹਾਰ ਤੋਂ ਬਾਅਦ ਕਾਂਗਰਸ ਹਾਈ ਕਮਾਨ ਨੇ ਸੂਬਾ ਕਾਂਗਰਸ ਦੀ ਕਮਾਨ ਕੈਪਟਨ ਹੱਥੋਂ ਖੋਹ ਕੇ ਪ੍ਰਤਾਪ ਬਾਜਵਾ ਨੂੰ ਸੌਂਪ ਦਿੱਤੀ ਪਰ 2017 ਦੀਆਂ ਚੋਣਾਂ ਦੌਰਾਨ ਕੈਪਟਨ ਨੇ ਪ੍ਰਧਾਨਗੀ ਨੂੰ ਲੈ ਕੇ ਬਾਜਵਾ ਵਿਰੁੱਧ ਬਗਾਵਤ ਦਾ ਝੰਡਾ ਚੁੱਕ ਲਿਆ ਸੀ। ਉਨ੍ਹਾਂ ਨੇ ਤਾਂ ਪ੍ਰਧਾਨਗੀ ਨਾ ਮਿਲਣ 'ਤੇ ਵੱਖਰੀ ਪਾਰਟੀ ਬਣਾਉਣ ਤੱਕ ਦੀ ਧਮਕੀ ਦੇ ਦਿੱਤੀ ਸੀ। ਉਸ ਦੌਰਾਨ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਨੇ ਕੈਪਟਨ ਦਾ ਖੁੱਲ੍ਹ ਕੇ ਸਾਥ ਦਿੱਤਾ ਸੀ ਤੇ ਕੈਪਟਨ ਨੂੰ ਮੁੜ ਤੋਂ ਪ੍ਰਧਾਨਗੀ ਮਿਲ ਗਈ।
ਇਸ ਦੌਰਾਨ ਵਿਧਾਨ ਸਭਾ ਚੋਣਾਂ 'ਚ ਅਬੋਹਰ ਤੋਂ ਹਾਰ ਝੱਲਣ ਵਾਲੇ ਜਾਖੜ ਦਾ ਸਿਆਸੀ ਭਵਿੱਖ ਖਤਰੇ 'ਚ ਆ ਗਿਆ ਸੀ ਪਰ ਪੰਜਾਬ 'ਚ 117 'ਚੋਂ 77 ਸੀਟਾਂ ਜਿੱਤ ਕੇ ਮੁੱਖ ਮੰਤਰੀ ਬਣੇ ਕੈਪਟਨ ਨੇ ਜਾਖੜ ਦਾ ਹੱਥ ਫੜ ਲਿਆ ਤੇ ਉਨ੍ਹਾਂ ਨੂੰ ਆਪਣੀ ਜਗ੍ਹਾ ਕਾਂਗਰਸ ਦਾ ਸੂਬਾ ਪ੍ਰਧਾਨ ਬਣਵਾਇਆ। ਇਸ ਤੋਂ ਬਾਅਦ ਗੁਰਦਾਸਪੁਰ ਉਪ ਚੋਣ 'ਚ ਜਾਖੜ ਨੂੰ ਟਿਕਟ ਦਿਵਾ ਕੇ ਉਨ੍ਹਾਂ ਨੂੰ ਮੁੜ ਬੁਲੰਦੀ 'ਤੇ ਪਹੁੰਚਾਇਆ ਪਰ ਹੁਣ ਲੋਕ ਸਭਾ ਚੋਣਾਂ 'ਚ ਜਾਖੜ ਦੀ ਹਾਲਤ ਦੋ ਧਾਰੀ ਤਲਵਾਰ 'ਤੇ ਖੜੇ ਹੋਣ ਵਾਂਗ ਹੈ। ਇਕ ਪਾਸੇ ਮੁੱਖ ਮੰਤਰੀ ਦਾ ਧੜਾ ਉਨ੍ਹਾਂ ਨਾਲ ਕਾਫੀ ਨਾਰਾਜ਼ ਹੈ ਤੇ ਦੂਜੇ ਪਾਸੇ ਪ੍ਰਤਾਪ ਬਾਜਵਾ ਦਾ ਧੜਾ ਉਨ੍ਹਾਂ ਤੋਂ ਦੂਰੀ ਬਣਾ ਕੇ ਖੜ੍ਹਾ ਹੈ। ਜੇ ਮੌਜੂਦਾ ਹਾਲਾਤ ਇਸੇ ਤਰ੍ਹਾਂ ਰਹੇ ਤਾਂ ਜਾਖੜ ਲਈ ਜਿੱਤ ਹਾਸਲ ਕਰਨਾ ਮੁਸ਼ਕਲ ਹੋ ਸਕਦਾ ਹੈ।