ਤੇਲ ਵਾਲਾ ਕੈਂਟਰ ਅਗਵਾ ਕਰਕੇ ਲਿਜਾਣ ਵਾਲੇ 2 ਦੋਸ਼ੀਆਂ ’ਚੋਂ ਇਕ ਅਸਲੇ ਸਮੇਤ ਕਾਬੂ

11/03/2021 4:31:11 PM

ਫ਼ਰੀਦਕੋਟ (ਰਾਜਨ) : ਸਥਾਨਕ ਥਾਣਾ ਸਿਟੀ ਪੁਲਸ ਵੱਲੋਂ ਹਥਿਆਰਾਂ ਦੀ ਨੋਕ ’ਤੇ ਇਕ ਤੇਲ ਦਾ ਕੈਂਟਰ ਡਰਾਇਵਰ ਨੂੰ ਜ਼ਖਮੀ ਕਰਕੇ ਅਗਵਾ ਕਰਕੇ ਲਿਜਾਣ ਵਾਲੇ ਦੋ ਦੋਸ਼ੀਆਂ ਵਿਚੋਂ ਇਕ ਨੂੰ ਅਸਲੇ ਅਤੇ ਕੈਂਟਰ ਸਮੇਤ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ ਜਦਕਿ ਦੋਸ਼ੀ ਦੇ ਦੂਸਰੇ ਸਾਥੀ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਪ੍ਰਾਪਤ ਵੇਰਵੇ ਅਨੁਸਾਰ ਵੀਰਪਾਲ ਕੌਰ ਪਤਨੀ ਗੁਰਪ੍ਰੀਤ ਸਿੰਘ ਵਾਸੀ ਘੱਲ ਖੁਰਦ ਜੋ ਹਾਈਵੇ ਚਹਿਲ ਰੋਡ ’ਤੇ ਢਾਬਾ ਚਲਾ ਰਹੀ ਹੈ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਜਦੋਂ ਉਹ ਆਪਣੇ ਭਤੀਜੇ ਪਲਵਿੰਦਰ ਸਿੰਘ ਨਾਲ ਢਾਬੇ ’ਤੇ ਮੌਜੂਦ ਸੀ ਤਾਂ ਇਕ ਤੇਲ ਦਾ ਕੈਂਟਰ ਜਿਸਨੂੰ ਡਰਾਇਵਰ ਗੁਰਪ੍ਰੀਤ ਸਿੰਘ ਪੁੱਤਰ ਅਮਰ ਸਿੰਘ ਚਲਾ ਰਿਹਾ ਸੀ ਅਤੇ ਉਸਦੇ ਨਾਲ ਕੰਡਕਟਰ ਨਿਸ਼ਾਨ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਜ਼ਿਲ੍ਹਾ ਤਰਨਤਾਰਨ, ਜੋ ਪਹਿਲਾਂ ਵੀ ਉਸਨੂੰ ਕਈ ਵਾਰ ਭੱਠੀਆਂ ਜਲਾਉਣ ਲਈ ਕੈਂਟਰ ’ਚੋਂ ਤੇਲ ਕੱਢ੍ਹ ਕੇ ਵੇਚ ਦਿੰਦੇ ਸਨ ਢਾਬੇ ’ਤੇ ਆਏ। ਬਿਆਨ ਕਰਤਾ ਅਨੁਸਾਰ ਜਦੋਂ ਇਹ ਦੋਵੇਂ ਕੈਂਟਰ ਢਾਬੇ ਦੇ ਪਿਛਲੇ ਪਾਸੇ ਖੜ੍ਹਾ ਕਰਕੇ ਤੇਲ ਕੱਢ੍ਹ ਰਹੇ ਸਨ ਤਾਂ ਇਕ ਕਾਰ ਦੇ ਸਵਾਰ ਹੋ ਕੇ ਦੀਪਕ ਚੁਵਸੀਆ ਵਾਸੀ ਜੰਡਿਆਲਾ ਅਤੇ ਸੁਖਦੇਵ ਸਿੰਘ ਵਾਸੀ ਗੋਇੰਦਵਾਲ ਆਏ।

ਇਨ੍ਹਾਂ ਵਿਚੋਂ ਸੁਖਦੇਵ ਸਿੰਘ ਨੇ ਡਰਾਇਵਰ ਗੁਰਪ੍ਰੀਤ ਸਿੰਘ ਨੂੰ ਬਾਹਾਂ ਤੋਂ ਫੜ੍ਹ ਲਿਆ ਤੇ ਦੂਸਰੇ ਦੋਸ਼ੀ ਦੀਪਕ ਚੁਵਸੀਆ ਨੇ ਆਪਣੀ ਡੱਬ ਵਿਚੋਂ ਰਿਵਾਲਵਰ ਕੱਢ੍ਹ ਕੇ ਗੁਰਪ੍ਰੀਤ ਸਿੰਘ ਦੀ ਲੱਤ ’ਤੇ ਫਾਇਰ ਮਾਰ ਕੇ ਉਸਨੂੰ ਆਪਣੀ ਕਾਰ ਵਿਚ ਬਿਠਾ ਲਿਆ। ਬਿਆਨ ਕਰਤਾ ਅਨੁਸਾਰ ਇਹ ਦੋਵੇਂ ਦੋਸ਼ੀ ਆਪਣੀ ਕਾਰ ਦੇ ਨਾਲ ਹੀ ਤੇਲ ਵਾਲਾ ਕੈਂਟਰ ਕੰਡਕਟਰ ਨਿਸ਼ਾਨ ਸਿੰਘ ਨੂੰ ਚਲਾਉਣ ਲਈ ਆਖਕੇ ਨਾਲ ਹੀ ਅਗਵਾ ਕਰਕੇ ਲੈ ਗਏ। ਇਸ ਮਾਮਲੇ ਵਿਚ ਸਹਾਇਕ ਥਾਣੇਦਾਰ ਰਾਜਪਾਲ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਦੋਸ਼ੀ ਕੋਲੋਂ 32 ਬੋਰ ਰਿਵਾਲਵਰ, 4 ਜ਼ਿੰਦਾ ਕਾਰਤੂਸ, 2 ਖੋਲ ਕਾਰਤੂਸ ਅਤੇ ਇਕ ਰਾਈਫ਼ਲ 315 ਬੋਰ ਅਤੇ ਅਗਵਾ ਕੀਤਾ ਕੈਂਟਰ ਵੀ ਬਰਾਮਦ ਕਰ ਲਿਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਗੁਪਤ ਇਤਲਾਹ ਮਿਲੀ ਸੀ ਕਿ ਇਨ੍ਹਾਂ ਦੋਸ਼ੀਆਂ ਨੇ ਤੇਲ ਦਾ ਕੈਂਟਰ ਅਗਵਾ ਕਰਕੇ ਮਚਾਕੀ ਮੱਲ ਸਿੰਘ ਹੈੱਡ ਸਰਹੰਦ ਫੀਡਰ ਨਹਿਰ ਕੋਲ ਖੜ੍ਹਾ ਕੀਤਾ ਹੋਇਆ ਜਿਸ ’ਤੇ ਪੁਲਸ ਪਾਰਟੀ ਵੱਲੋਂ ਰੇਡ ਮਾਰਕੇ ਦੋਸ਼ੀ ਦੀਪਕ ਚੁਵਸੀਆ ਨੂੰ ਉਕਤ ਅਨੁਸਾਰ ਅਸਲੇ ਸਮੇਤ ਕਾਬੂ ਕਰ ਲਿਆ ਗਿਆ ਜਦਕਿ ਇਸਦੇ ਦੂਸਰੇ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ। ਉਨ੍ਹਾਂ ਦੱਸਿਆ ਕਿ ਇਸ ਦੋਸ਼ੀ ਨੂੰ ਸਥਾਨਕ ਅਦਾਲਤ ਵਿਚ ਪੇਸ਼ ਕਰਕੇ 3 ਦਿਨ ਦਾ ਪੁਲਸ ਰਿਮਾਂਡ ਹਾਸਿਲ ਕਰ ਲਿਆ ਹੈ ਤਾਂ ਜੋ ਇਸਦੇ ਦੂਸਰੇ ਸਾਥੀ ਅਤੇ ਉਸ ਕਾਰ ਦੀ ਬਰਾਮਦਗੀ ਵੀ ਹੋ ਸਕੇ ਜੋ ਇਨ੍ਹਾਂ ਦੋਵਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੀ ਸੀ।


Gurminder Singh

Content Editor

Related News