ਦੁਕਾਨਦਾਰ ਨੂੰ ਗੱਲਾਂ ''ਚ ਉਲਝਾ ਕੇ ਗੱਲੇ ''ਚੋਂ ਇਕ ਲੱਖ ਰੁਪਏ ਕੀਤੇ ਚੋਰੀ
Thursday, Jun 18, 2026 - 05:39 PM (IST)
ਬਠਿੰਡਾ (ਵਿਜੈ ਵਰਮਾ)- ਬਠਿੰਡਾ ਸ਼ਹਿਰ ਵਿੱਚ ਲਗਾਤਾਰ ਵੱਧ ਰਹੀਆਂ ਚੋਰੀ ਅਤੇ ਲੁੱਟਖੋਹ ਦੀਆਂ ਘਟਨਾਵਾਂ ਵਿਚਕਾਰ ਹੁਣ ਦੁਕਾਨਦਾਰਾਂ ਨੂੰ ਨਿਸ਼ਾਨਾ ਬਣਾਉਣ ਵਾਲਾ ਇਕ ਕਥਿਤ ਸ਼ਾਤਿਰ ਮੁੜ ਸਰਗਰਮ ਹੋ ਗਿਆ ਹੈ। ਤਾਜ਼ਾ ਮਾਮਲੇ 'ਚ ਇਕ ਵਿਅਕਤੀ ਗਾਹਕ ਬਣ ਕੇ ਦੁਕਾਨ 'ਚ ਦਾਖ਼ਲ ਹੋਇਆ, ਦੁਕਾਨਦਾਰ ਨੂੰ ਗੱਲਾਂ ਵਿੱਚ ਉਲਝਾਇਆ ਅਤੇ ਮੌਕਾ ਮਿਲਦੇ ਹੀ ਗੱਲੇ ਵਿੱਚੋਂ ਕਰੀਬ ਇਕ ਲੱਖ ਰੁਪਏ ਦੀ ਨਕਦੀ ਚੋਰੀ ਕਰਕੇ ਫਰਾਰ ਹੋ ਗਿਆ। ਇਸ ਘਟਨਾ ਤੋਂ ਬਾਅਦ ਵਪਾਰੀਆਂ 'ਚ ਡਰ ਅਤੇ ਰੋਸ ਦਾ ਮਾਹੌਲ ਹੈ।
ਇਹ ਵੀ ਪੜ੍ਹੋ: ਪੰਜਾਬ ਪੁਲਸ ਵਿਭਾਗ 'ਚ ਫੇਰਬਦਲ! ਇਨ੍ਹਾਂ ਤਿੰਨ ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ
ਜਾਣਕਾਰੀ ਅਨੁਸਾਰ ਇਹ ਵਾਰਦਾਤ ਵਾਲਮੀਕਿ ਚੌਂਕ ਸਥਿਤ ਬਾਲਾ ਜੀ ਗੈਸ ਏਜੰਸੀ 'ਚ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਆਮ ਗਾਹਕ ਵਾਂਗ ਦੁਕਾਨ 'ਤੇ ਆਇਆ ਅਤੇ ਗੱਲਬਾਤ ਦੌਰਾਨ ਦੁਕਾਨਦਾਰ ਦਾ ਧਿਆਨ ਦੂਜੇ ਪਾਸੇ ਕਰ ਦਿੱਤਾ। ਇਸ ਦੌਰਾਨ ਉਸ ਨੇ ਗੱਲੇ 'ਚ ਪਈ ਕਰੀਬ ਇਕ ਲੱਖ ਰੁਪਏ ਦੀ ਰਕਮ ਕੱਢ ਲਈ ਅਤੇ ਚੁੱਪਚਾਪ ਉਥੋਂ ਨਿਕਲ ਗਿਆ। ਜਦੋਂ ਤੱਕ ਦੁਕਾਨਦਾਰ ਨੂੰ ਚੋਰੀ ਦਾ ਪਤਾ ਲੱਗਿਆ ਤਦ ਤੱਕ ਦੋਸ਼ੀ ਕਾਫ਼ੀ ਦੂਰ ਜਾ ਚੁੱਕਾ ਸੀ। ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਦੋਸ਼ੀ ਦੀ ਪਛਾਣ ਕਰਕੇ ਉਸ ਨੂੰ ਜਲਦ ਕਾਬੂ ਕੀਤਾ ਜਾ ਸਕੇ।
ਨੌਜਵਾਨ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸੋਨੂ ਮਹੇਸ਼ਵਰੀ ਨੇ ਦਾਅਵਾ ਕੀਤਾ ਕਿ ਧੋਬੀਆਣਾ ਬਸਤੀ ਦਾ ਇਕ ਵਿਅਕਤੀ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਕਈ ਵਾਰਦਾਤਾਂ ਵਿੱਚ ਸ਼ਾਮਲ ਹੋਣ ਦੇ ਦੋਸ਼ਾਂ ਦਾ ਸਾਹਮਣਾ ਕਰ ਚੁੱਕਾ ਹੈ। ਉਨ੍ਹਾਂ ਕਿਹਾ ਕਿ ਉਕਤ ਵਿਅਕਤੀ ਦੁਕਾਨਦਾਰਾਂ ਨੂੰ ਗੱਲਾਂ 'ਚ ਉਲਝਾ ਕੇ ਜਾਂ ਉਨ੍ਹਾਂ ਦਾ ਧਿਆਨ ਭਟਕਾ ਕੇ ਨਕਦੀ ਚੋਰੀ ਕਰਨ ਦਾ ਆਦੀ ਹੈ।
ਇਹ ਵੀ ਪੜ੍ਹੋ: ਚੰਡੀਗੜ੍ਹ ਮੈਡੀਕਲ ਸਟੋਰ ਕਤਲ ਕਾਂਡ ਦੇ ਮੁਲਜ਼ਮਾਂ ਦਾ ਐਨਕਾਊਂਟਰ
ਉਨ੍ਹਾਂ ਦੱਸਿਆ ਕਿ 25 ਫਰਵਰੀ 2026 ਨੂੰ ਰਾਮ ਜੀ ਦਾਸ ਐਂਡ ਕੰਪਨੀ ਦੀ ਦੁਕਾਨ ਤੋਂ ਕਰੀਬ 36 ਹਜ਼ਾਰ ਰੁਪਏ ਦੀ ਚੋਰੀ ਹੋਈ ਸੀ, ਜਦਕਿ 18 ਅਗਸਤ 2025 ਨੂੰ ਇੱਕ ਕਰਿਆਨਾ ਸਟੋਰ ਨੂੰ ਵੀ ਇਸੇ ਤਰੀਕੇ ਨਾਲ ਨਿਸ਼ਾਨਾ ਬਣਾਇਆ ਗਿਆ ਸੀ। ਉਸ ਮਾਮਲੇ ਵਿੱਚ ਕੋਤਵਾਲੀ ਪੁਲਿਸ ਨੇ ਕੇਸ ਦਰਜ ਕੀਤਾ ਸੀ।
ਹਾਲਾਂਕਿ ਮੌਜੂਦਾ ਮਾਮਲੇ 'ਚ ਪੁਲਸ ਵੱਲੋਂ ਅਜੇ ਕਿਸੇ ਵਿਅਕਤੀ ਦੇ ਨਾਮ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ ਅਤੇ ਜਾਂਚ ਜਾਰੀ ਹੈ। ਲਗਾਤਾਰ ਸਾਹਮਣੇ ਆ ਰਹੀਆਂ ਅਜਿਹੀਆਂ ਘਟਨਾਵਾਂ ਨੇ ਵਪਾਰੀਆਂ ਦੀ ਚਿੰਤਾ ਵਧਾ ਦਿੱਤੀ ਹੈ। ਨੌਜਵਾਨ ਵੈਲਫੇਅਰ ਸੋਸਾਇਟੀ ਨੇ ਪੁਲਸ ਪ੍ਰਸ਼ਾਸਨ ਤੋਂ ਅਜਿਹੇ ਸ਼ਾਤਿਰ ਤੱਤਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਸੋਸਾਇਟੀ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਣਪਛਾਤੇ ਲੋਕਾਂ 'ਤੇ ਨਜ਼ਰ ਰੱਖਣ, ਗੱਲੇ ਵਿੱਚ ਜ਼ਿਆਦਾ ਨਕਦੀ ਨਾ ਰੱਖਣ ਅਤੇ ਸੀ. ਸੀ. ਟੀ. ਵੀ. ਸਮੇਤ ਹੋਰ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਤਾਂ ਜੋ ਅਜਿਹੀਆਂ ਵਾਰਦਾਤਾਂ ਨੂੰ ਰੋਕਿਆ ਜਾ ਸਕੇ।
ਇਹ ਵੀ ਪੜ੍ਹੋ: ਪੰਜਾਬ 'ਚ 48 ਘੰਟੇ ਅਹਿਮ! ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, 4 ਦਿਨ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦਾ Alert
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
