ਫ਼ੌਜੀ ਵਾਹਨਾਂ ''ਤੇ ਸੀ ਦੁਸ਼ਮਣ ਦੀ ਨਜ਼ਰ! ਬਠਿੰਡਾ ''ਚ ਹਾਈਵੇ ਕਿਨਾਰੇ ਲੱਗੇ ਗੁਪਤ ਕੈਮਰੇ ਨੇ ਖੋਲ੍ਹਿਆ ਰਾਜ਼
Monday, Jun 15, 2026 - 05:18 PM (IST)
ਬਠਿੰਡਾ (ਵਿਜੇ ਵਰਮਾ) : ਰਾਸ਼ਟਰੀ ਸੁਰੱਖਿਆ ਨਾਲ ਜੁੜੇ ਇੱਕ ਬਹੁਤ ਹੀ ਗੰਭੀਰ ਮਾਮਲੇ 'ਚ ਬਠਿੰਡਾ ਪੁਲਸ ਅਤੇ ਕਾਊਂਟਰ ਇੰਟੈਲੀਜੈਂਸ ਦੀ ਸਾਂਝੀ ਟੀਮ ਨੇ ਕਥਿਤ ਜਾਸੂਸੀ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ ਹੈ ਕਿ ਬਠਿੰਡਾ-ਮਲੋਟ ਰੋਡ 'ਤੇ ਸਰਕਾਰੀ ਬਿਜਲੀ ਦੇ ਖੰਭੇ 'ਤੇ ਗੁਪਤ ਤੌਰ 'ਤੇ ਸੋਲਰ ਪਾਵਰ ਨਾਲ ਚੱਲਣ ਵਾਲਾ ਕੈਮਰਾ ਲਗਾ ਕੇ ਫ਼ੌਜ, ਪੁਲਸ ਅਤੇ ਹੋਰ ਸੁਰੱਖਿਆ ਏਜੰਸੀਆਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖੀ ਜਾ ਰਹੀ ਸੀ ਅਤੇ ਉਸ ਦੀ ਫੁਟੇਜ ਪਾਕਿਸਤਾਨ ਅਤੇ ਕੈਨੇਡਾ 'ਚ ਬੈਠੇ ਦੇਸ਼ ਵਿਰੋਧੀ ਤੱਤਾਂ ਤੱਕ ਪਹੁੰਚਾਈ ਜਾ ਰਹੀ ਸੀ। ਪੁਲਸ ਮੁਤਾਬਕ ਥਾਣਾ ਥਰਮਲ ਬਠਿੰਡਾ 'ਚ 9 ਜੂਨ 2026 ਨੂੰ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਮਾਰਚ ਮਹੀਨੇ ਲਗਾਇਆ ਗਿਆ ਸੀ ਕੈਮਰਾ
ਜਾਂਚ 'ਚ ਸਾਹਮਣੇ ਆਇਆ ਕਿ ਬਠਿੰਡਾ-ਮਲੋਟ ਨੈਸ਼ਨਲ ਹਾਈਵੇ 'ਤੇ ਅੰਬੂਜਾ ਫੈਕਟਰੀ ਦੇ ਸਾਹਮਣੇ ਸਰਕਾਰੀ ਬਿਜਲੀ ਦੇ ਖੰਭੇ 'ਤੇ ਮਾਰਚ ਮਹੀਨੇ ਦੌਰਾਨ ਸੋਲਰ ਊਰਜਾ ਨਾਲ ਚੱਲਣ ਵਾਲਾ ਇੱਕ ਕੈਮਰਾ ਲਗਾਇਆ ਗਿਆ ਸੀ। ਕੈਮਰੇ 'ਚ ਐਕਟਿਵ ਸਿਮ ਕਾਰਡ ਲੱਗਾ ਹੋਣ ਕਾਰਨ ਇਸ ਰਾਹੀਂ ਲਗਾਤਾਰ ਲਾਈਵ ਨਿਗਰਾਨੀ ਕੀਤੀ ਜਾ ਰਹੀ ਸੀ। ਮੁੱਢਲੀ ਜਾਂਚ ਮੁਤਾਬਕ ਕੈਮਰੇ ਦਾ ਮੁੱਖ ਮਕਸਦ ਰਾਜਸਥਾਨ, ਫਾਜ਼ਿਲਕਾ ਅਤੇ ਫਿਰੋਜ਼ਪੁਰ ਸਰਹੱਦ ਵੱਲ ਜਾਣ ਵਾਲੇ ਫ਼ੌਜੀ ਵਾਹਨਾਂ, ਸੁਰੱਖਿਆ ਬਲਾਂ ਦੀ ਤਾਇਨਾਤੀ ਅਤੇ ਸੰਵੇਦਨਸ਼ੀਲ ਗਤੀਵਿਧੀਆਂ ਬਾਰੇ ਜਾਣਕਾਰੀ ਇਕੱਠੀ ਕਰਨਾ ਸੀ। ਇਹ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਫੁਟੇਜ ਪਾਕਿਸਤਾਨ ਅਤੇ ਕੈਨੇਡਾ 'ਚ ਸਰਗਰਮ ਨੈੱਟਵਰਕ ਤੱਕ ਭੇਜੀ ਜਾ ਰਹੀ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਇਕ ਹੋਰ ਸਰਕਾਰੀ ਛੁੱਟੀ ਦਾ ਐਲਾਨ, ਭਖਦੀ ਗਰਮੀ ਵਿਚਾਲੇ ਮੁਲਾਜ਼ਮਾਂ ਦੀਆਂ ਲੱਗੀਆਂ ਮੌਜਾਂ
ਤਕਨੀਕੀ ਜਾਂਚ ਅਤੇ ਹਿਊਮਨ ਇੰਟੈਲੀਜੈਂਸ ਰਾਹੀਂ ਟਰੇਸ ਹੋਇਆ ਨੈੱਟਵਰਕ
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਐੱਸ. ਐੱਸ. ਪੀ. ਬਠਿੰਡਾ ਡਾ. ਜੋਤੀ ਯਾਦਵ ਬੈਂਸ ਦੇ ਨਿਰਦੇਸ਼ਾਂ 'ਤੇ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ। ਬਠਿੰਡਾ ਪੁਲਸ ਅਤੇ ਕਾਊਂਟਰ ਇੰਟੈਲੀਜੈਂਸ ਦੀਆਂ ਟੀਮਾਂ ਨੇ ਸੀ. ਸੀ. ਟੀ. ਵੀ. ਫੁਟੇਜ, ਤਕਨੀਕੀ ਸਬੂਤਾਂ ਅਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਪੂਰੇ ਨੈੱਟਵਰਕ ਨੂੰ ਟਰੇਸ ਕੀਤਾ। 10 ਜੂਨ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਅਜਨਾਲਾ ਖੇਤਰ ਦੇ ਪਿੰਡ ਸਰਾਏ ਦੇ ਰਹਿਣ ਵਾਲੇ 40 ਸਾਲਾ ਅਸ਼ੋਕ ਸਿੰਘ ਪੁੱਤਰ ਪ੍ਰਕਾਸ਼ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਸ ਤੋਂ ਪੁੱਛਗਿੱਛ ਦੇ ਆਧਾਰ 'ਤੇ 14 ਜੂਨ ਨੂੰ ਪਿੰਡ ਸਰਾਏ ਦੇ ਹੀ 22 ਸਾਲਾ ਅਕਾਸਦੀਪ ਸਿੰਘ ਪੁੱਤਰ ਬਲਦੇਵ ਸਿੰਘ ਨੂੰ ਵੀ ਕਾਬੂ ਕਰ ਲਿਆ ਗਿਆ।
ਇਹ ਵੀ ਪੜ੍ਹੋ : ਪਾਵਰਕਾਮ ਨੇ ਖ਼ਪਤਕਾਰਾਂ ਨੂੰ ਦਿੱਤੀ ਵੱਡੀ ਰਾਹਤ! ਬਿਜਲੀ ਮੀਟਰਾਂ ਨੂੰ ਲੈ ਕੇ ਤੁਰੰਤ ਕੀਤੀ ਕਾਰਵਾਈ
ਦੋ ਹੋਰ ਮੁਲਜ਼ਮ ਰਡਾਰ 'ਤੇ, ਅੰਤਰਰਾਸ਼ਟਰੀ ਕਨੈਕਸ਼ਨਾਂ ਦੀ ਜਾਂਚ
ਪੁਲਸ ਰਿਮਾਂਡ ਦੌਰਾਨ ਦੋ ਹੋਰ ਵਿਅਕਤੀਆਂ ਦੀ ਸ਼ਮੂਲੀਅਤ ਵੀ ਸਾਹਮਣੇ ਆਈ ਹੈ। ਮਾਮਲੇ 'ਚ ਕੁੱਲ ਚਾਰ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਦੋ ਗ੍ਰਿਫ਼ਤਾਰ ਹੋ ਚੁੱਕੇ ਹਨ, ਜਦੋਂ ਕਿ ਬਾਕੀ ਦੋ ਦੀ ਭਾਲ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਂਚ ਏਜੰਸੀਆਂ ਦਾ ਮੰਨਣਾ ਹੈ ਕਿ ਮੁਲਜ਼ਮਾਂ ਨੇ ਬਹੁਤ ਸੋਚ-ਸਮਝ ਕੇ ਅਜਿਹੀ ਥਾਂ ਦੀ ਚੋਣ ਕੀਤੀ ਸੀ, ਜਿੱਥੋਂ ਨੈਸ਼ਨਲ ਹਾਈਵੇ ਤੋਂ ਲੰਘਣ ਵਾਲੀਆਂ ਸੁਰੱਖਿਆ ਏਜੰਸੀਆਂ ਅਤੇ ਫ਼ੌਜੀ ਵਾਹਨਾਂ ਦੀਆਂ ਗਤੀਵਿਧੀਆਂ 'ਤੇ ਲਗਾਤਾਰ ਨਜ਼ਰ ਰੱਖੀ ਜਾ ਸਕੇ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਮਾਮਲਾ ਸਿਰਫ਼ ਸਥਾਨਕ ਪੱਧਰ ਤੱਕ ਸੀਮਤ ਨਹੀਂ ਲੱਗਦਾ, ਸਗੋਂ ਇਸ ਦੇ ਤਾਰ ਅੰਤਰਰਾਸ਼ਟਰੀ ਨੈੱਟਵਰਕ ਨਾਲ ਜੁੜੇ ਹੋਣ ਦੀ ਸੰਭਾਵਨਾ ਹੈ। ਗ੍ਰਿਫ਼ਤਾਰ ਮੁਲਜ਼ਮਾਂ ਤੋਂ ਪੁੱਛਗਿੱਛ ਤੋਂ ਬਾਅਦ ਆਉਣ ਵਾਲੇ ਦਿਨਾਂ 'ਚ ਹੋਰ ਕਈ ਵੱਡੇ ਖ਼ੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
