ਜਲਾਲਾਬਾਦ ਦੀਆਂ ਨਹਿਰਾਂ ''ਚ ਗੰਦਗੀ ਦੀ ਭਰਮਾਰ, ਨਹਿਰੀ ਵਿਭਾਗ ਕੁੰਭਕਰਨੀ ਨੀਂਦ ''ਚ

Tuesday, May 19, 2020 - 02:59 PM (IST)

ਜਲਾਲਾਬਾਦ ਦੀਆਂ ਨਹਿਰਾਂ ''ਚ ਗੰਦਗੀ ਦੀ ਭਰਮਾਰ, ਨਹਿਰੀ ਵਿਭਾਗ ਕੁੰਭਕਰਨੀ ਨੀਂਦ ''ਚ

ਜਲਾਲਾਬਾਦ (ਨਿਖੰਜ, ਜਤਿੰਦਰ) : ਪੰਜਾਬ ਅੰਦਰ ਪਿਛਲੇ ਕੁਝ ਸਾਲਾਂ ਤੋਂ ਧਰਤੀ ਦੇ ਹੇਠਲੇ ਪਾਣੀ ਦੇ ਘੱਟ ਰਹੇ ਪੱਧਰ ਦੀ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਸਰਕਾਰ ਵੱਲੋਂ ਹਰ ਸਾਲ ਝੋਨੇ ਦੀ ਲਵਾਈ 20 ਜੂਨ ਤੋਂ ਸ਼ੁਰੂ ਕਰਵਾਈ ਜਾਂਦੀ ਸੀ । ਕੋਰੋਨਾ ਵਾਇਰਸ ਦੇ ਕਾਰਨ ਪੰਜਾਬ ਤੋਂ ਸੈਂਕੜੇ ਮਜ਼ਦੂਰ ਆਪਣੇ ਸੂਬਿਆਂ ਨੂੰ ਵਾਪਸ ਜਾਣ ਕਰ ਕੇ ਇਸ ਵਾਰ ਕਿਸਾਨਾਂ ਨੂੰ ਲੇਬਰ ਦੀ ਸਮੱਸਿਆ ਦੇ ਸਬੰਧ 'ਚ ਜਥੇਬੰਦੀਆਂ ਵੱਲੋਂ ਝੋਨੇ ਦੀ ਲਵਾਈ ਅਗੇਤੀ ਕਰਨ ਦੀ ਮੰਗ ਕੀਤੀ ਗਈ ਸੀ। ਸਰਕਾਰ ਨੇ ਕਿਸਾਨਾਂ ਦੀ ਮੰਗ ਨੂੰ ਪ੍ਰਵਾਨ ਕਰਦੇ ਹੋਏ ਪਿਛਲੇ ਸਾਲਾਂ ਨਾਲੋਂ ਇਸ ਵਾਰ 10 ਦਿਨ ਪਹਿਲਾ ਝੋਨੇ ਦੀ ਲਵਾਈ ਨੂੰ ਸ਼ੁਰੂ ਕਰਵਾਉਣ ਲਈ ਵੱਖ-ਵੱਖ ਸਬੰਧਿਤ ਵਿਭਾਗ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਤਾਂ ਕਿ ਕਿਸਾਨਾਂ ਨੂੰ ਝੋਨੇ ਦੀ ਲਵਾਈ ਕਰਨ ਲਈ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਲਈ ਇੱਕੋ-ਇੱਕ ਨਹਿਰੀ ਪਾਣੀ ਦਾ ਅਹਿਮ ਸਾਧਨ ਹੁੰਦਾ ਹੈ।

ਹੈਰਾਨੀਜਨਕ ਗੱਲ ਇਹ ਹੈ ਕਿ ਸਬੰਧਿਤ ਵਿਭਾਗ ਵੱਲੋਂ ਹਾਲੇ ਤੱਕ ਵੀ ਵਿਧਾਨ ਸਭਾ ਹਲਕੇ ਜਲਾਲਾਬਾਦ ਅੰਦਰ ਨਹਿਰਾਂ ਦੀ ਸਫ਼ਾਈ ਨਹੀਂ ਕਰਵਾਈ ਗਈ ਅਤੇ ਜਿਸ ਦੇ ਕਾਰਨ ਇਲਾਕੇ ਭਰ ਦੀਆਂ ਨਹਿਰਾਂ 'ਚ ਗੰਦਗੀ ਦੀ ਭਰਮਾਰ ਹੋ ਚੁੱਕੀ ਹੈ ਅਤੇ ਕਿਸਾਨਾਂ ਨੂੰ ਨਹਿਰਾਂ ਦੇ ਪਾਣੀ ਦੀ ਬੂੰਦ-ਬੂੰਦ ਲਈ ਤਰਸਣਾ ਪਵੇਗਾ । ਇਸ ਸਬੰਧੀ ਸਾਡੀ ਟੀਮ ਵੱਲੋਂ ਇਲਾਕੇ ਦੀਆਂ ਨਹਿਰਾਂ ਦੇ ਪ੍ਰਬੰਧਾਂ ਬਾਰੇ ਦੌਰਾ ਕੀਤਾ ਗਿਆ ਤਾਂ ਦੇਖਿਆ ਕਿ ਨਿਜ਼ਾਮ ਵਾਂ, ਬਰਕਤ ਵਾਂ, ਫੈਜਵਾਂ, ਲਾਧੂਕਾ ਮਾਈਨਰ ਆਦਿ ਨਹਿਰਾਂ 'ਚ ਗੰਦਗੀ ਦੀ ਭਰਮਾਰ ਹੋਣ ਕਾਰਨ ਇਨ੍ਹਾਂ 'ਚ ਘਾਹ ਆਦਿ ਦਾ ਬੋਲਬਾਲਾ ਵੱਡੇ ਪੱਧਰ 'ਤੇ ਹੋਣ ਕਾਰਨ ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਨਹਿਰੀ ਪਾਣੀ ਲਈ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਨਾਲ ਹੀ ਪਿੰਡ ਮੰਨੇ ਵਾਲਾ ਦੇ ਕੋਲ ਲੰਘਣ ਵਾਲੀ ਨਹਿਰ 'ਚ ਲੋਕਾਂ ਵੱਲੋਂ ਘਰਾਂ ਦਾ ਨਿਕਾਸੀ ਪਾਣੀ ਵੀ ਉਪਰੋਕਤ ਨਹਿਰ 'ਚ ਪਿਛਲੇ ਕਾਫ਼ੀ ਸਮੇਂ ਤੋਂ ਛੱਡਿਆ ਜਾ ਰਿਹਾ ਹੈ ਅਤੇ ਗੰਦੇ ਪਾਣੀ ਨੂੰ ਰੋਕਣ ਲਈ ਕਿਸੇ ਵੀ ਅਧਿਕਾਰੀ ਨੇ ਖੇਚਲ ਨਹੀਂ ਕੀਤੀ।

ਇਹ ਵੀ ਪੜ੍ਹੋ : ਚੀਫ਼ ਸੈਕਟਰੀ ਦੇ ਬਾਈਕਾਟ ਦਾ ਐਲਾਨ ਹਵਾ-ਹਵਾਈ, ਮੰਤਰੀਆਂ ਨਾਲ ਹੋਈ ਬੈਠਕ ]

PunjabKesari

ਨਹਿਰਾਂ ਦੀ ਸਫ਼ਾਈ ਨਾ ਕਰਵਾਈ ਤਾਂ ਯੂਨੀਅਨ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ - ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹ ) ਦੇ ਸੀਨੀਅਰ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਰਾਜਸਥਾਨੀ ਅਤੇ ਬਲਾਕ ਆਗੂ ਹਰਮੀਤ ਸਿੰਘ ਢਾਬਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਝੋਨੇ ਦੀ ਲਵਾਈ 10 ਜੂਨ ਤੋਂ ਕਰਨ ਦਾ ਐਲਾਨ  ਕਰ ਦਿੱਤਾ ਹੈ। ਕਿਸਾਨਾਂ ਆਗੂਆਂ ਨੇ ਕਿਹਾ ਕਿ ਕੁਝ ਕਿਸਾਨ ਝੋਨੇ ਦੀ  ਸਿੱਧੀ ਬਿਜਾਈ ਕਰ ਰਹੇ ਹਨ ਅਤੇ ਜਿਸ  ਨੂੰ 20 ਮਈ ਤੋਂ ਪਾਣੀ ਦੀ ਜ਼ਰੂਰਤ ਸ਼ੁਰੂ ਹੋ ਜਾਵੇਗੀ । ਕਿਸਾਨ ਆਗੂਆਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਵਿਧਾਨ ਸਭਾ ਹਲਕੇ ਅੰਦਰ ਇਲਾਕੇ ਭਰ ਦੀਆਂ ਨਹਿਰਾਂ ਦੀ ਤੁਰੰਤ ਸਫ਼ਾਈ ਕਰਵਾਈ ਜਾਵੇ ਅਤੇ ਨਾਲ ਖੇਤੀ ਸੈਕਟਰ ਲਈ 12 ਘੰਟੇ ਨਿਰਵਿਘਨ ਬਿਜਲੀ ਸਪਲਾਈ ਤੁਰੰਤ ਸ਼ੁਰੂ ਕੀਤੀ ਜਾਵੇ ਅਤੇ ਕਿਸਾਨਾਂ ਨੂੰ ਨਹਿਰੀ ਪਾਣੀ ਮੁੱਹਈਆਕਰਵਾਇਆ ਜਾਵੇ ਤਾਂ ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।

ਜਲਦੀ ਹੀ ਨਹਿਰਾਂ ਦੀ ਸਫ਼ਾਈ ਦਾ ਕੰਮ ਸ਼ੁਰੂ ਹੋ ਜਾਵੇਗਾ- ਜੇ. ਈ. ਚਰਨਜੀਤ ਸਿੰਘ
ਇਸ ਮਾਮਲੇ ਸਬੰਧੀ ਜਦੋਂ ਨਹਿਰੀ ਵਿਭਾਗ ਜਲਾਲਾਬਾਦ ਦੇ ਜੇ. ਈ. ਚਰਨਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੁੱਝ ਸਮਾਂ ਪਹਿਲਾ ਨਰਮਾ ਬੈਲਟ ਖੇਤਰ ਨੂੰ ਪਾਣੀ ਦੇਣ ਲਈ ਨਹਿਰਾਂ 'ਚ ਪਾਣੀ ਛੱਡਿਆ ਹੋਇਆ ਸੀ ਅਤੇ ਜਿਸ ਦੇ ਕਾਰਨ ਨਹਿਰਾਂ ਦੀ ਸਫ਼ਾਈ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਹੁਣ ਨਹਿਰਾਂ 'ਚ ਪਾਣੀ ਬੰਦ ਕਰ ਦਿੱਤਾ ਗਿਆ ਹੈ ਅਤੇ ਜਲਦੀ ਹੀ ਨਹਿਰਾਂ ਦੀ ਸਫ਼ਾਈ ਦਾ ਕੰਮ ਸ਼ੁਰੂ ਹੋ ਜਾਵੇਗਾ।  

ਇਹ ਵੀ ਪੜ੍ਹੋ : 14 ਸਾਲਾ ਟੀ. ਬੀ. ਦੀ ਮਰੀਜ਼ ਲੜਕੀ ਨਿਕਲੀ ''ਕੋਰੋਨਾ'' ਪਾਜ਼ੇਟਿਵ


author

Anuradha

Content Editor

Related News