ਕੈਨੇਡਾ ਬੈਠੇ ਮੁੰਡੇ ਦੀ ਲੱਗੀ ਪੰਜਾਬ ਪੁਲਸ ''ਚ ਨੌਕਰੀ, ਚਾਈਂ-ਚਾਈਂ ਪਰਤਿਆ ਵਾਪਸ
Tuesday, Feb 25, 2025 - 04:03 PM (IST)

ਸਮਰਾਲਾ (ਵਿਪਨ): ਪੰਜਾਬ ਦੇ ਨੌਜਵਾਨਾਂ ਵਿਚ ਵਿਦੇਸ਼ ਜਾਣ ਦੇ ਰੁਝਾਨ ਲਈ ਤਾਂ ਕਈ ਵਾਰ ਭੰਡਿਆ ਜਾਂਦਾ ਹੈ, ਪਰ ਇਹ ਗੱਲ ਕੋਈ ਵਿਰਲਾ ਹੀ ਕਰਦਾ ਹੈ ਕਿ ਜ਼ਿਆਦਾਤਰ ਨੌਜਵਾਨ ਇੱਥੇ ਚੰਗੀ ਨੌਕਰੀ ਨਾ ਮਿਲਣ ਤੋਂ ਦੁਖੀ ਹੋ ਕੇ ਹੀ ਵਿਦੇਸ਼ ਦਾ ਰੁਖ ਕਰਦੇ ਹਨ। ਜੇਕਰ ਨੌਜਵਾਨਾਂ ਨੂੰ ਇੱਥੇ ਹੀ ਰੋਜ਼ਗਾਰ ਦੇ ਚੰਗੇ ਮੌਕੇ ਮਿਲਦੇ ਹਨ ਤਾਂ ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਰੁਝਾਨ ਨੂੰ ਠੱਲ੍ਹ ਪਾਈ ਜਾ ਸਕਦੀ ਹੈ। ਇਸ ਗੱਲ ਦੀ ਮਿਸਾਲ ਪੇਸ਼ ਕਰ ਰਿਹਾ ਹੈ ਪੰਜਾਬ ਪੁਲਸ ਦਾ ਸਬ ਇੰਸਪੈਕਟਰ ਸਿਕੰਦਰ ਸਿੰਘ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ 26 ਲੱਖ ਪਰਿਵਾਰਾਂ ਨਾਲ ਜੁੜੀ ਵੱਡੀ ਖ਼ਬਰ, ਆਧਾਰ ਕਾਰਡਾਂ ਬਾਰੇ Order ਜਾਰੀ
ਜਦੋਂ ਸਿਕੰਦਰ ਸਿੰਘ ਨੇ ਆਪਣੀ M.Tech ਪੂਰੀ ਕੀਤੀ ਤਾਂ ਉਸ ਨੂੰ ਇਕ ਕਾਲਜ ਵਿਚ ਨੌਕਰੀ ਮਿਲੀ। ਇਸ ਨੌਕਰੀ ਤੋਂ ਉਸ ਨੂੰ ਮਹਿਜ਼ 12 ਹਜ਼ਾਰ ਰੁਪਏ ਤਨਖ਼ਾਹ ਮਿਲ ਰਹੀ ਸੀ। ਸਿਕੰਦਰ ਸਿੰਘ ਸਰਕਾਰੀ ਨੌਕਰੀ ਕਰਨੀ ਚਾਹੁੰਦਾ ਸੀ। ਇਸ ਲਈ ਉਸ ਨੇ ਪਹਿਲਾਂ 2016 ਵਿਚ ਪਟਵਾਰੀ ਦੀ ਪ੍ਰੀਖਿਆ ਦਿੱਤੀ, ਪਰ ਸਿਰਫ਼ 6 ਨੰਬਰ ਘੱਟ ਆਉਣ ਕਾਰਨ ਪ੍ਰੀਖਿਆ ਪਾਸ ਨਹੀਂ ਹੋਈ। ਇਸ ਮਗਰੋਂ ਉਸ ਨੇ ਨੌਕਰੀ ਬਦਲੀ ਤੇ ਕੰਪਿਊਟਰ ਟੀਚਰ ਵਜੋਂ ਆਪਣੀਆਂ ਸੇਵਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਨੌਕਰੀ ਤੋਂ ਉਸ ਨੂੰ 15 ਹਜ਼ਾਰ ਰੁਪਏ ਮਿਲਦੇ ਸਨ। ਨੌਕਰੀ ਦੇ ਨਾਲ-ਨਾਲ ਉਸ ਨੇ ਪੜ੍ਹਾਈ ਵੀ ਜਾਰੀ ਰੱਖੀ ਤੇ 2019 ਵਿਚ ਯੂ.ਜੀ.ਸੀ. ਨੈਟ ਦੀ ਪ੍ਰੀਖਿਆ ਪਾਸ ਕਰ ਲਈ। ਇਸ ਦੇ ਬਾਵਜੂਦ ਉਸ ਨੂੰ ਚੰਗੀ ਨੌਕਰੀ ਨਹੀਂ ਮਿਲੀ। ਸਾਲ 2022 ਵਿਚ ਉਸ ਨੂੰ ਪੰਜਾਬ ਪੁਲਸ ਦੀ ਭਰਤੀ ਪ੍ਰੀਖਿਆ ਦਿੱਤੀ, ਪਰ ਉਸ ਦਾ ਨਤੀਜਾ ਨਾ ਆਉਣ ਤੋਂ ਉਹ ਪ੍ਰੇਸ਼ਾਨ ਹੋ ਗਿਆ। ਮਿਹਨਤ ਦਾ ਮੁੱਲ ਨਾ ਪੈਣ ਕਾਰਨ ਅਤੇ ਪਰਿਵਾਰ ਦੀ ਆਰਥਿਕ ਸਥਿਤੀ ਕਾਰਨ ਉਹ ਬਹੁਤ ਪ੍ਰੇਸ਼ਾਨ ਹੋ ਗਿਆ ਤੇ ਹਾਰ ਕੇ ਵਿਦੇਸ਼ ਜਾਣ ਦਾ ਫ਼ੈਸਲਾ ਕਰ ਲਿਆ।
2022 ਦੀ ਅਖ਼ੀਰ ਵਿਚ ਹੀ ਉਸ ਨੇ ਕਿਸੇ ਤਰ੍ਹਾਂ 20 ਲੱਖ ਰੁਪਏ ਦਾ ਕਰਜ਼ਾ ਲਿਆ ਤੇ ਕੈਨੇਡਾ ਦਾ ਵੀਜ਼ਾ ਅਪਲਾਈ ਕੀਤਾ। ਅਗਲੇ ਸਾਲ ਉਹ ਸਟੱਡੀ ਵੀਜ਼ਾ 'ਤੇ ਕੈਨੇਡਾ ਪਹੁੰਚ ਗਿਆ। ਪਰ ਜੋ ਕੁਝ ਉਹ ਕੈਨੇਡਾ ਬਾਰੇ ਸੋਚ ਕੇ ਗਿਆ ਸੀ, ਉੱਥੇ ਹਾਲਾਤ ਉਸ ਤੋਂ ਵੱਖਰੇ ਸਨ। ਕੈਨੇਡਾ ਵਿਚ ਉਹ ਕਾਲਜ 'ਚ ਪੜ੍ਹਾਈ ਦੇ ਨਾਲ-ਨਾਲ ਪਾਰਟ ਟਾਈਮ ਸਟੋਰ 'ਤੇ ਕੰਮ ਕਰ ਰਿਹਾ ਸੀ। ਉੱਥੇ ਦੀ ਕਮਾਈ ਤੇ ਖਰਚੇ ਵੇਖ ਕੇ ਉਸ ਨੂੰ ਅਹਿਸਾਸ ਹੋਇਆ ਕਿ ਉਹ ਗਲਤ ਫ਼ੈਸਲਾ ਲੈ ਚੁੱਕਿਆ ਹੈ।
ਇਹ ਖ਼ਬਰ ਵੀ ਪੜ੍ਹੋ - ਹੱਦ ਹੋ ਗਈ! ਡਿਪੋਰਟ ਹੋ ਕੇ ਵੀ ਨਾ ਟਲ਼ਿਆ ਪੰਜਾਬੀ ਮੁੰਡਾ, ਜੁਗਾੜ ਲਗਾ ਕੇ ਮੁੜ ਪੁੱਜਿਆ ਅਮਰੀਕਾ
ਸਿਕੰਦਰ ਨੇ ਦੱਸਿਆ ਕਿ ਉਹ ਰੋਜ਼ਾਨਾ ਇਕ ਮਸ਼ੀਨ ਵਾਂਗ ਇੱਕੋ ਰੂਟੀਨ ਵਿਚ ਘਰ ਤੋਂ ਕਾਲਜ, ਫ਼ਿਰ ਸਟੋਰ 'ਤੇ ਤੇ ਫ਼ਿਰ ਵਾਪਸ ਘਰ ਆ ਕੇ ਦਿਨ ਲੰਘਾਉਣ ਲੱਗ ਪਿਆ। ਫ਼ਿਰ ਇਕ ਦਿਨ ਅਚਾਨਕ ਉਸ ਨੂੰ ਦੋਸਤ ਦਾ ਫ਼ੋਨਾ ਆਇਆ ਤੇ ਉਸ ਨੇ ਦੱਸਿਆ ਕਿ ਜੋ ਉਹ ਪੰਜਾਬ ਪੁਲਸ ਦੀ ਪ੍ਰੀਖਿਆ ਦੇ ਕੇ ਗਿਆ ਸੀ, ਉਹ ਉਸ ਵਿਚੋਂ ਪਾਸ ਹੋ ਗਿਆ ਹੈ। ਉਸ ਦੇ ਮਾਪਿਆਂ ਨੇ ਵੀ ਉਸ ਨੂੰ ਵਾਪਸ ਆ ਕੇ ਨਾਲ ਰਹਿਣ ਦੀ ਸਲਾਹ ਦਿੱਤੀ। ਇੰਝ ਉਹ ਮਹਿਜ਼ 3 ਮਹੀਨਿਆਂ ਵਿਚ ਹੀ ਕੈਨੇਡਾ ਤੋਂ ਵਾਪਸ ਪਰਤ ਆਇਆ। ਵਾਪਸ ਆ ਕੇ ਉਸ ਨੇ ਸਬ-ਇੰਸਪੈਕਟਰ ਦੀ ਟ੍ਰੇਨਿੰਗ ਜੁਆਇਨ ਕੀਤੀ ਤੇ ਹੁਣ ਉਹ ਪੰਜਾਬ ਪੁਲਸ ਵਿਚ ਸਬ ਇੰਸਪੈਕਟਰ ਵਜੋਂ ਸੇਵਾਵਾਂ ਦੇ ਰਿਹਾ ਹੈ। ਸਿਕੰਦਰ ਸਿੰਘ ਨੇ ਕਿਹਾ ਕਿ ਉਸ ਨੂੰ ਆਪਣੇ ਫ਼ੈਸਲੇ 'ਤੇ ਮਾਣ ਹੈ। ਉਹ ਹੁਣ ਪਰਿਵਾਰ ਦੇ ਵੀ ਕੋਲ ਹੈ ਤੇ ਇੱਥੇ ਚੰਗੀ ਜ਼ਿੰਦਗੀ ਬਿਤਾ ਰਿਹਾ ਹੈ। ਉਸ ਨੇ ਹੋਰ ਨੌਜਵਾਨਾਂ ਨੂੰ ਵੀ ਆਪਣੀ ਮਿੱਟੀ 'ਚ ਰਹਿ ਕੇ ਹੀ ਮਿਹਨਤ ਕਰਨ ਦੀ ਅਪੀਲ ਕੀਤੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8