ਅੱਤਵਾਦੀ ਗਤੀਵਿਧੀਆਂ ਦੇ ਮਾਮਲੇ ’ਚ ਕੈਨੇਡਾ ਦੂਸਰਾ ਪਾਕਿਸਤਾਨ ਬਣ ਚੁੱਕਿਐ : ਬਿੱਟਾ

Wednesday, Oct 11, 2023 - 03:18 PM (IST)

ਅੱਤਵਾਦੀ ਗਤੀਵਿਧੀਆਂ ਦੇ ਮਾਮਲੇ ’ਚ ਕੈਨੇਡਾ ਦੂਸਰਾ ਪਾਕਿਸਤਾਨ ਬਣ ਚੁੱਕਿਐ : ਬਿੱਟਾ

ਜਲੰਧਰ : ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ’ਚ ਜਾਰੀ ਤਣਾਅ ਦਰਮਿਆਨ ਆਲ ਇੰਡੀਆ ਐਂਟੀ ਟੈਰਰਿਜ਼ਮ ਫਰੰਟ ਦੇ ਪ੍ਰਧਾਨ ਮਨਿੰਦਰਜੀਤ ਸਿੰਘ ਬਿੱਟਾ ਨੇ ਵੱਡਾ ਬਿਆਨ ਦਿੱਤਾ ਹੈ। ਬਿੱਟਾ ਨੇ ਕਿਹਾ ਹੈ ਕਿ ਕੱਲ ਤੱਕ ਪਾਕਿਸਤਾਨ ਭਾਰਤ ’ਚ ਵੱਖਵਾਦ ਨੂੰ ਹਵਾ ਦੇ ਕੇ ਦਹਿਸ਼ਤ ਫੈਲਾ ਰਿਹਾ ਸੀ ਅਤੇ ਹੁਣ ਇਸ ਕੰਮ ਨੂੰ ਕੈਨੇਡਾ ਨੇ ਸ਼ੁਰੂ ਕਰ ਦਿੱਤਾ ਹੈ। ਕੈਨੇਡਾ ਦੂਸਰਾ ਪਾਕਿਸਤਾਨ ਬਣ ਗਿਆ ਹੈ। ਅੱਜ ਭਾਰਤ ’ਚ ਨਕਸਲਵਾਦ ਕੰਟਰੋਲ ’ਚ ਹੈ। ਕੇਂਦਰ ਸਰਕਾਰ ਦੇ ਉਸਾਰੂ ਫੈਸਲਿਆਂ ਕਾਰਨ ਕਸ਼ਮੀਰ ’ਚ ਵੀ ਅੱਤਵਾਦ ਆਖਰੀ ਸਾਹ ਲੈ ਰਿਹਾ ਹੈ ਪਰ ਪੰਜਾਬ ’ਚ ਅੱਤਵਾਦ ਫਿਰ ਤੋਂ ਸਿਰ ਚੁੱਕ ਰਿਹਾ ਹੈ। ਅਜਿਹਾ ਇਸ ਲਈ ਹੈ ਕਿ ਪਾਕਿਸਤਾਨ ਦੀ ਆਰਥਿਕਤਾ ਟੁੱਟਣ ਤੋਂ ਬਾਅਦ ਹੁਣ ਕੈਨੇਡਾ ਖਾਲਿਸਤਾਨੀ ਮੁਹਿੰਮ ਨੂੰ ਉਤਸ਼ਾਹ ਦੇ ਰਿਹਾ ਹੈ। ਜਸਟਿਨ ਟਰੂਡੋ ਸਰਕਾਰ ਖਾਲਿਸਤਾਨੀਆਂ ਦੇ ਵੋਟ ਬੈਂਕ ’ਤੇ ਟਿਕੀ ਹੋਈ ਹੈ ਅਤੇ ਉਸ ਨੂੰ ਹਵਾ ਦੇ ਰਹੀ ਹੈ ਪਰ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਹ ਭਾਰਤ ਨੇ ਸਪੱਸ਼ਟ ਕਰ ਦਿੱਤਾ ਹੈ। ਟਰੂਡੋ ਦੀ ਸਰਕਾਰ ਖਾਲਿਸਤਾਨੀ ਅੱਤਵਾਦੀਆਂ ਦੇ ਸਹਾਰੇ ਚੱਲ ਰਹੀ ਹੈ ਅਤੇ ਉਸ ਨੂੰ ਸਾਡੇ ਇੱਥੇ ਗੰਦੀ ਰਾਜਨੀਤੀ ਕਰਨ ਵਾਲੀਆਂ ਕੁਝ ਤਾਕਤਾਂ, ਚੰਦ ਲੋਕ ਸਮਰਥਨ ਦੇ ਰਹੇ ਹਨ।

‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਮਨਿੰਦਰਜੀਤ ਸਿੰਘ ਬਿੱਟਾ ਨੇ ਕਿਹਾ ਕਿ ਸਿੱਖ ਦੋ ਫੀਸਦੀ ਹਨ ਪਰ ਇਸ ਦੇ ਬਾਵਜੂਦ ਪੂਰੀ ਦੁਨੀਆ ਸਾਨੂੰ ਸਾਡੇ ਗੁਰੂਆਂ ਦੀਆਂ ਕੁਰਬਾਨੀਆਂ ਸਦਕਾ ਪੂਰੇ ਸਤਿਕਾਰ ਨਾਲ ਵੇਖਦੀ ਹੈ। ਸਾਡੀ ਪੱਗ ਅੱਗੇ ਸਾਰੇ ਨਤਮਸਤਕ ਹਨ ਪਰ ਫਿਰ ਖਾਲਿਸਤਾਨ ਦੀ ਚਰਚਾ ਕਿਉਂ ਹੁੰਦੀ ਹੈ। ਕਿਉਂ ਤਿਰੰਗੇ ਦਾ ਅਪਮਾਨ ਕੀਤਾ ਜਾਂਦਾ ਹੈ। ਇਹੀ ਨਹੀਂ, ਸ਼ਹੀਦੇ ਆਜ਼ਮ ਭਗਤ ਸਿੰਘ ਤੱਕ ਦਾ ਅਪਮਾਨ ਕੀਤਾ ਜਾਂਦਾ ਹੈ। ਅਸੀਂ ਅਜਿਹਾ ਕਰ ਕੇ ਆਪਣੀ ਹੀ ਪਛਾਣ ਨਾਲ ਖਿਲਵਾੜ ਨਹੀਂ ਕਰ ਰਹੇ। ਚੰਦ ਅਖੌਤੀ ਖਾਲਿਸਤਾਨੀ, ਜੋ ਪੰਜਾਬ ਆਉਣ ਤੋਂ ਵੀ ਡਰਦੇ ਹਨ, ਸਮੁੱਚੀ ਸਿੱਖ ਕੌਮ ਨੂੰ ਕਿਸ ਦਿਸ਼ਾ ਵੱਲ ਲੈ ਕੇ ਜਾ ਰਹੇ ਹਨ। ਸਾਨੂੰ ਸੋਚਣਾ ਪਵੇਗਾ ਕਿ ਗੁਰੂਆਂ ਨੇ ਸਾਨੂੰ ਕਿੰਨਾ ਸੋਹਣਾ ਸਰੂਪ ਦਿੱਤਾ ਹੈ ਅਤੇ ਅਸੀਂ ਵਿਦੇਸ਼ੀ ਇਸ਼ਾਰਿਆਂ ’ਤੇ ਨੱਚਣ ਵਾਲੇ ਕੁਝ ਲੋਕਾਂ ਦੇ ਭੜਕਾਵੇ ’ਚ ਆ ਕੇ ਆਪਣੀ ਉਸ ਸੱਚੀ ਅਤੇ ਸਤਿਕਾਰਤ ਪਛਾਣ ਨੂੰ ਕਿੰਨਾ ਵਿਗਾੜ ਕੇ ਰੱਖ ਦਿੱਤਾ ਹੈ। ਇਸ ਨੂੰ ਰੋਕਣਾ ਹੋਵੇਗਾ ਅਤੇ ਇਹ ਕੰਮ ਕੋਈ ਦੂਸਰਾ ਨਹੀਂ ਕਰੇਗਾ। ਇਹ ਕੰਮ ਸਿੱਖ ਕੌਮ ਨੂੰ ਹੀ ਕਰਨਾ ਪਵੇਗਾ। ਖਾਲਿਸਤਾਨ ਕੋਈ ਧਾਰਣਾ ਨਹੀਂ ਹੈ। ਖਾਲਿਸਤਾਨ ਨਾ ਕਦੇ ਸੀ, ਨਾ ਹੈ ਤੇ ਨਾ ਹੀ ਕਦੇ ਬਣੇਗਾ। ਚੰਦ ਸ਼ਾਤਿਰ ਲੋਕਾਂ ਨੇ ਸਿੱਖਾਂ ਦੀ ਪਛਾਣ ਹੀ ਖਰਾਬ ਕਰ ਦਿੱਤੀ ਹੈ। ਜਿਸ ਸਿੱਖ ਕੌਮ ’ਤੇ ਪੂਰੀ ਦੁਨੀਆ ਭਰੋਸਾ ਕਰਦੀ ਸੀ, ਅੱਜ ਇਨ੍ਹਾਂ ਚੰਦ ਖਾਲਿਸਤਾਨੀਆਂ ਨੇ ਉਸ ਕੌਮ ਦੀ ਪਛਾਣ ਹੀ ਬਦਲ ਦਿੱਤੀ ਹੈ। ਸਾਡੀ ਪਛਾਣ ਦੇਸ਼ ਲਈ ਕੁਰਬਾਨੀਆਂ ਦੇਣ ਵਾਲਿਆਂ ਦੀ ਹੈ, ਮਾਵਾਂ-ਧੀਆਂ ਦੀ ਇੱਜ਼ਤ ਬਚਾਉਣ ਵਾਲਿਆਂ ਦੀ ਹੈ, ਨਾ ਕਿ ਕਿਸੇ ਬੇਕਸੂਰ ਨੂੰ ਮਾਰਨ ਵਾਲੇ ਦੀ। ਸਾਨੂੰ ਇਹ ਤੈਅ ਕਰਨਾ ਹੀ ਹੋਵੇਗਾ ਕਿ ਅਸੀਂ ਕਿਸ ਪਛਾਣ ਨਾਲ ਰਹਿਣਾ ਚਾਹੁੰਦੇ ਹਾਂ।

ਇਹ ਵੀ ਪੜ੍ਹੋ : ਵੱਡੀ ਪਲਾਨਿੰਗ ਦੀ ਰੌਂਅ 'ਚ ਚੀਨ, ਪੰਜਾਬ ਦੇ ਉਦਯੋਗਾਂ ਲਈ ਖ਼ਤਰੇ ਦੀ ਘੰਟੀ

ਖਾਲਿਸਤਾਨ ਚਾਹੀਦਾ ਹੈ ਤਾਂ ਲਾਹੌਰ ਤੋਂ ਸ਼ੁਰੂ ਕਰੋ...
ਬਿੱਟਾ ਕਹਿੰਦੇ ਹਨ ਕਿ ਜੇ ਖਾਲਿਸਤਾਨ ਬਣਾਉਣਾ ਹੈ ਤਾਂ ਲਾਹੌਰ ਵਾਲੇ ਪਾਸੇ ਤੋਂ ਬਣਾਓ। ਫਿਰ ਮੈਂ ਵੀ ਨਾਲ ਹਾਂ। ਕਾਬੁਲ ਕੰਧਾਰ ਤੋਂ ਸ਼ੁਰੂ ਕਰੋ। ਇੱਥੇ ਕਿਉਂ ਬੇਗੁਨਾਹਾਂ ਨੂੰ ਆਪਸ ’ਚ ਲੜਾ ਰਹੇ ਹੋ। ਅਫਗਾਨਿਸਤਾਨ ’ਚ ਸਿੱਖਾਂ ’ਤੇ ਕੀ ਜ਼ੁਲਮ ਨਹੀਂ ਹੋਇਆ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ। ਉਦੋਂ ਇਹ ਪੰਨੂ ਵਰਗੇ ਖਾਲਿਸਤਾਨੀ ਉੱਥੇ ਕਿਉਂ ਨਹੀਂ ਬੋਲੇ? ਪਾਕਿਸਤਾਨ ’ਚ ਸਿੱਖਾਂ ਦੀ ਸ਼ਾਨ ਮਹਾਰਾਜ ਰਣਜੀਤ ਸਿੰਘ ਦੇ ਬੁੱਤ ਨਾਲ ਛੇੜਛਾੜ ਹੋਈ, ਉਦੋਂ ਕਿਉਂ ਨਹੀਂ ਬੋਲੇ, ਨਨਕਾਣਾ ਸਾਹਿਬ ਗੁਰਦੁਆਰੇ ’ਚ ਹੰਗਾਮਾ ਹੋਇਆ, ਗ੍ਰੰਥੀ ਦੀ ਧੀ ਨੂੰ ਅਗਵਾ ਕੀਤਾ ਗਿਆ। ਸਿੱਖਾਂ ਦਾ ਜ਼ਬਰਦਸਤੀ ਧਰਮ ਤਬਦੀਲ ਕਰਵਾਇਆ ਗਿਆ ਤਾਂ ਕਿਉਂ ਨਹੀਂ ਬੋਲੇ? ਤੁਸੀਂ ਕਾਹਦੇ ਖਾਲਿਸਤਾਨੀ ਹੋ?

ਪੰਜਾਬ ਦੇ ਨੌਜਵਾਨਾਂ ਨੂੰ ਅੱਤਵਾਦ ਅਤੇ ਨਸ਼ਿਆਂ ਦੀ ਦਲਦਲ ’ਚ ਧੱਕਣ ਵਾਲਾ ਪੰਜਵੜ ਪਾਕਿਸਤਾਨ ’ਚ ਮਾਰਿਆ ਗਿਆ। ਭੋਗ ਉਸ ਦੇ ਇੱਥੇ ਪਾਏ ਜਾ ਰਹੇ ਹਨ। ਅਜਿਹਾ ਕਿਉਂ ਹੋ ਰਿਹਾ ਹੈ। ਕਿਹੜੇ ਲੋਕ ਹਨ ਜੋ ਇੱਥੇ ਅੱਗ ਭੜਕਾ ਕੇ ਰੱਖਣਾ ਚਾਹੁੰਦੇ ਹਨ। ਅਸਲੀਅਤ ਤਾਂ ਇਹ ਹੈ ਕਿ ਆਮ ਸਿੱਖ ਖਾਲਿਸਤਾਨ ਨਹੀਂ ਚਾਹੁੰਦਾ। ਉਹ ਆਪਣੀ ਮਿਹਨਤ ਨਾਲ ਆਪਣੇ ਅਤੇ ਆਪਣੇ ਪਰਿਵਾਰ ਲਈ ਰੋਟੀ ਕਮਾਉਣਾ ਚਾਹੁੰਦਾ ਹੈ।

ਜੋ ਪ੍ਰਧਾਨ ਮੰਤਰੀ ਮੋਦੀ ਕਰ ਰਹੇ ਹਨ, ਉਹ ਬਿਲਕੁਲ ਸਹੀ
ਹਾਲ ਹੀ ’ਚ ਭਾਰਤ ਵੱਲੋਂ ਕੈਨੇਡਾ ਖ਼ਿਲਾਫ਼ ਚੁੱਕੇ ਗਏ ਸਖ਼ਤ ਕਦਮਾਂ ’ਤੇ ਟਿੱਪਣੀ ਕਰਦਿਆਂ ਬਿੱਟਾ ਕਹਿੰਦੇ ਹਨ ਕਿ ਮੋਦੀ ਜੀ ਸਾਡੇ ਪ੍ਰਧਾਨ ਮੰਤਰੀ ਹਨ। ਉਨ੍ਹਾਂ ਨੇ ਜੋ ਸਟੈਂਡ ਲਿਆ, ਅਸੀਂ ਉਸ ਦਾ ਸਮਰਥਨ ਕਰਦੇ ਹਾਂ। ਪਾਕਿਸਤਾਨ, ਕੈਨੇਡਾ, ਬ੍ਰਿਟੇਨ ’ਚ ਬੈਠ ਕੇ ਸਾਡੇ ਪੰਜਾਬ ਵੱਲ ਕਿਵੇਂ ਕੋਈ ਅੱਖ ਚੁੱਕ ਕੇ ਵੇਖ ਸਕਦਾ ਹੈ। ਇਸ ਲਈ ਉਨ੍ਹਾਂ ਨੇ ਸਟੈਂਡ ਲਿਆ। ਇਸ ਲਈ ਅਸੀਂ ਇਸ ਦਾ ਸਮਰਥਨ ਕਰਦੇ ਹਾਂ।

ਇਹ ਵੀ ਪੜ੍ਹੋ : ਸਿੱਖ ਨੌਜਵਾਨ ਦੀ ਵੀਡੀਓ ਵਾਇਰਲ, ਕਿਹਾ-ਖਾਲਿਸਤਾਨੀਆਂ ਕਰ ਕੇ ਹੋ ਰਹੀ ਬਦਨਾਮੀ

ਹੁਣ ਸਿੱਖ ਕੌਮ ਨੂੰ ਸਟੈਂਡ ਲੈਣਾ ਪਵੇਗਾ
ਬਿੱਟਾ ਅਨੁਸਾਰ, ਇਸ ਸਮੱਸਿਆ ਦਾ ਸਿਰਫ ਇੱਕੋ ਹੱਲ ਇਹੀ ਹੈ ਕਿ ਇਸ ਦੇ ਖਿਲਾਫ ਸਿੱਖ ਕੌਮ ਨੂੰ ਹੀ ਅੱਗੇ ਆਉਣਾ ਪਵੇਗਾ। ਸਭ ਤੋਂ ਪਹਿਲਾਂ ਪੰਜਾਬ ਤੋਂ ਬਾਹਰ ਦੇ ਸਾਰੇ ਗੁਰਦੁਆਰਿਆਂ ’ਚ ਸਰਬਸੰਮਤੀ ਨਾਲ ਇਹ ਐਲਾਨ ਹੋਵੇ ਕਿ ਅਸੀਂ ਭਾਰਤੀ ਹਾਂ ਅਤੇ ਭਾਰਤ ਸਾਡਾ ਹੈ। ਆਖ਼ਿਰ ਇਸ ਵਿਚ ਕੀ ਦਿੱਕਤ ਹੈ? ਪੰਜਾਬ ਤੋਂ ਬਾਹਰ ਕਾਰੋਬਾਰ ਕਰਨ ਵਾਲਾ ਕੋਈ ਵੀ ਸਿੱਖ ਖਾਲਿਸਤਾਨ ਨਹੀਂ ਚਾਹੁੰਦਾ। ਸਿੱਖ ਜਿੰਨੇ ਪੰਜਾਬ ’ਚ ਹਨ, ਓਨੇ ਹੀ ਪੰਜਾਬ ਤੋਂ ਬਾਹਰ ਪੂਰੇ ਭਾਰਤ ’ਚ ਹਨ। ਉਹ ਖੁਸ਼ੀ-ਖੁਸ਼ੀ ਆਪਣੇ ਕਾਰੋਬਾਰ ਕਰ ਰਹੇ ਹਨ। ਉਹ ਕੋਈ ਖਾਲਿਸਤਾਨ ਨਹੀਂ ਮੰਗ ਰਹੇ। ਇਹ ਪੰਨੂ ਵਰਗੇ ਕੁਝ ਲੋਕ ਹਨ ਜੋ ਅਸਲ ’ਚ ਨਹੀਂ ਚਾਹੁੰਦੇ ਕਿ ਸਿੱਖ ਭਾਰਤ ’ਚ ਖੁਸ਼ਹਾਲ ਹੋਣ, ਅੱਗੇ ਵਧਣ। ਉਹ ਇਨ੍ਹਾਂ ਨੂੰ ਲੜਾ ਕੇ ਮਾਰਨਾ ਚਾਹੁੰਦੇ ਹਨ ਅਤੇ ਖੁਦ ਨੂੰ ਅਖੌਤੀ ਸਰਮਾਏਦਾਰ ਬਣਾਉਂਦੇ ਹਨ।

ਚੰਦ ਖਾਲਿਸਤਾਨੀ ਹਨ ਜੋ ਹਿੰਦੂਆਂ ਅਤੇ ਸਿੱਖਾਂ ਵਿਚਾਲੇ ਪਾੜਾ ਪੈਦਾ ਕਰਨਾ ਚਾਹੁੰਦੇ ਹਨ। ਕੀ ਪੰਜਾਬ ਭੁੱਖੇ ਨੰਗੇ ਪਾਕਿਸਤਾਨ ਦਾ ਹਿੱਸਾ ਬਣੇਗਾ, ਬਿਲਕੁਲ ਨਹੀਂ। ਇਹ ਲੋਕ ਪੰਜਾਬ ਦੇ ਹਿਤੈਸ਼ੀ ਬਿਲਕੁਲ ਨਹੀਂ ਹਨ। ਇਨ੍ਹਾਂ ਨੂੰ ਕੈਨੇਡਾ ’ਚ ਖਾਲਿਸਤਾਨ ਬਣਾਉਣ ’ਚ ਕੀ ਇਤਰਾਜ਼ ਹੈ, ਉੱਥੇ ਬਣਾ ਲਓ। ਖੁਦ ਉੱਥੇ ਬੈਠ ਕੇ ਕਿਉਂ ਪੰਜਾਬ ’ਚ ਅਸ਼ਾਂਤੀ ਫੈਲਾ ਰਹੇ ਹੋ? ਇਸ ਲਈ ਆਮ ਸਿੱਖ, ਜੋ ਖਾਲਿਸਤਾਨ ਦੀ ਗੱਲ ਤੱਕ ਨਹੀਂ ਕਰਦਾ, ਉਸ ਨੂੰ ਇਕਜੁੱਟ ਹੋ ਕੇ ਅੱਗੇ ਆਉਣਾ ਪਵੇਗਾ। ਜੇਕਰ ਕੋਈ ਹੋਰ ਬੋਲੇਗਾ ਤਾਂ ਉਸ ਨੂੰ ਕਹਿਣਗੇ ਕਿ ਇਹ ਕਿਸੇ ਹੋਰ ਧਰਮ ਦਾ ਹੈ। ਇਸ ਲਈ ਇਹ ਪਹਿਲਕਦਮੀ ਖੁਦ ਤੋਂ ਕਰਨੀ ਪਵੇਗੀ। ਵੰਡੀਆਂ ਪਾਉਣ ਵਾਲਿਆਂ ਨੂੰ ਪੰਜਾਬ ਤੋਂ ਬਾਹਰ ਕੱਢਣ ਦੀ ਲੋੜ ਹੈ।

ਇਹ ਵੀ ਪੜ੍ਹੋ : ਹੁਣ ਨਹੀਂ ਬਖਸ਼ਿਆ ਜਾਵੇਗਾ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ, ਪ੍ਰਸ਼ਾਸਨ ਨੇ ਦਿਖਾਏ ਤਿੱਖੇ ਤੇਵਰ

ਧਰਮ ਦੇ ਠੇਕੇਦਾਰਾਂ ਨੇ ਜ਼ਿਆਦਾ ਮਾਹੌਲ ਖ਼ਰਾਬ ਕੀਤਾ ਹੋਇਆ ਹੈ
ਮਨਿੰਦਰਜੀਤ ਸਿੰਘ ਬਿੱਟਾ ਨੇ ਬਿਨਾਂ ਕਿਸੇ ਦਾ ਨਾਂ ਲਏ ਉੱਚੀ ਆਵਾਜ਼ ’ਚ ਕਿਹਾ ਕਿ ਸਾਰਾ ਮਾਹੌਲ ਧਰਮ ਦੇ ਠੇਕੇਦਾਰਾਂ ਨੇ ਖ਼ਰਾਬ ਕੀਤਾ ਹੋਇਆ ਹੈ। ਇਹ ਲੋਕ ਆਪਣੇ ਬੱਚਿਆਂ ਨੂੰ ਤਾਂ ਵਿਦੇਸ਼ਾਂ ’ਚ ਸੈਟਲ ਕਰਾਉਂਦੇ ਹਨ ਅਤੇ ਇੱਥੇ ਸਾਡੇ ਬੱਚਿਆਂ ਨੂੰ ਵਰਗਲਾ ਕੇ ਖਾਲਿਸਤਾਨ ਵਰਗੀਆਂ ਗਤੀਵਿਧੀਆਂ ’ਚ ਲਾ ਕੇ ਮਰਵਾ ਰਹੇ ਹਨ। ਇਨ੍ਹਾਂ ਨੂੰ ਪੰਜਾਬ ਅਤੇ ਪੰਜਾਬੀਅਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਪਰ ਇਨ੍ਹਾਂ ਨੂੰ ਜਵਾਬ ਅਸੀਂ ਹੀ ਦੇ ਸਕਦੇ ਹਾਂ, ਸਾਨੂੰ ਸਾਰੇ ਸਿੱਖਾਂ ਨੂੰ ਇਹ ਸਮਝਣਾ ਪਵੇਗਾ। ਪੰਜਾਬ ਵੈਸੇ ਵੀ ਖਾਲੀ ਹੋ ਰਿਹਾ ਹੈ। ਰੋਜ਼ੀ-ਰੋਟੀ ਦੀ ਭਾਲ ’ਚ ਲੋਕ ਵਿਦੇਸ਼ਾਂ ਦਾ ਰੁਖ਼ ਕਰ ਰਹੇ ਹਨ। ਇਸ ਨੂੰ ਆਬਾਦ ਰੱਖਣ ਦੀ ਗੱਲ ਹੋਣੀ ਚਾਹੀਦੀ ਹੈ। ਇੱਥੇ ਵਿਕਾਸ ਦੇ ਕੰਮ ਹੋਣੇ ਚਾਹੀਦੇ ਹਨ। ਸਿੱਖ ਕੌਮ ਦੀ, ਪੰਜਾਬ ਦੇ ਨੌਜਵਾਨਾਂ ਦੀ ਭਲਾਈ ਇਸੇ ’ਚ ਹੈ ਕਿ ਪੰਜਾਬ ਹੱਸਦਾ-ਖੇਡਦਾ ਰਹੇ ਅਤੇ ਵਿਕਾਸ ਦੇ ਰਾਹ ’ਤੇ ਅੱਗੇ ਵਧਦਾ ਰਹੇ। ਫਜ਼ੂਲ ਦੀ ਲੜਾਈ ’ਚ ਕੁਝ ਨਹੀਂ ਰੱਖਿਆ। ਸਾਡਾ ਮਜ਼੍ਹਬ ਭਾਰਤ ਹੋਵੇ ਅਤੇ ਸਾਡੀ ਜਾਤ ਵੰਦੇ ਮਾਤਰਮ ਹੋਵੇ।

ਇਹ ਵੀ ਪੜ੍ਹੋ :ਤਿਉਹਾਰਾਂ ਦੇ ਸੀਜ਼ਨ 'ਚ ਧੜੱਲੇ ਨਾਲ ਵਿਕ ਰਿਹੈ ਨਕਲੀ ਸਰ੍ਹੋਂ ਦਾ ਤੇਲ, ਕੁੰਭਕਰਨ ਦੀ ਨੀਂਦ ਸੁੱਤਾ ਪ੍ਰਸ਼ਾਸਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News