ਕੈਨੇਡਾ ਜਾਣ ਦੀ ਮਿਲੀ ਇਜਾਜ਼ਤ ''ਤੇ ਅਮਰਜੀਤ ਸਿੰਘ ਸੰਦੋਆ ਨੇ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ (ਵੀਡੀਓ)

Thursday, Oct 25, 2018 - 06:26 PM (IST)

ਰੋਪੜ (ਸੱਜਣ ਸੈਣੀ)— ਬੀਤੇ ਕੁਝ ਮਹੀਨੇ ਪਹਿਲਾਂ ਕੈਨੇਡਾ ਫੇਰੀ 'ਤੇ ਗਏ ਆਮ ਆਦਮੀ ਪਾਰਟੀ ਦੇ ਹਲਕਾ ਕੋਟਕਪੁਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਹਲਕਾ ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਧੋਆ ਨੂੰ ਕੈਨੇਡੀਅਨ ਇਮੀਗ੍ਰੇਸ਼ਨ ਵੱਲੋਂ ਕੈਨੇਡਾ ਦੇ ਓਟਾਵਾ ਏਅਰਪੋਰਟ ਤੋਂ ਵਾਪਸ ਭੇਜਣ ਦੇ ਮਾਮਲੇ ਵਿਚ ਕੈਨੇਡਾ ਦੀ ਟਰੂਡੋ ਸਰਕਾਰ ਨੇ ਦੋਵੇਂ ਵਿਧਾਇਕਾਂ ਨੂੰ ਕਿਸੇ ਵੀ ਸਮੇਂ ਕੈਨੇਡਾ ਆਉਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਕੈਨੇਡਾ ਸਰਕਾਰ ਨੇ ਓਟਾਵਾ ਸਥਿਤ ਭਾਰਤੀ ਹਾਈ ਕਮਿਸ਼ਨ ਰਾਹੀਂ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਦਿੱਤੀ ਹੈ। ਕੈਨੇਡਾ ਜਾਣ ਦੀ ਇਜਾਜ਼ਤ ਮਿਲਣ ਦੇ ਬਾਅਦ 'ਆਪ' ਪਾਰਟੀ ਦੇ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਕਿਹਾ ਕਿ ਸਿਰਫ ਹਲਕਾ ਵਿਧਾਇਕਾਂ ਨੂੰੰ ਨਹੀਂ ਸਗੋਂ ਕਿਸੇ ਵੀ ਭਾਰਤੀ ਨੂੰ ਕੈਨੇਡਾ ਇਮੀਗ੍ਰੇਸ਼ਨ ਬਿਨਾਂ ਵਜ੍ਹਾ ਤੰਗ ਪਰੇਸ਼ਾਨ ਨਾ ਕਰਨ। ਉਨ੍ਹਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਇਸ ਮਾਮਲੇ ਵਿਚ ਕੀਤੀ ਕਾਰਵਾਈ 'ਤੇ ਵੀ ਖੁਸ਼ੀ ਪ੍ਰਗਟਾਈ।

ਦੱਸ ਦੇਈਏ ਕਿ ਇਸ ਸਾਲ 21 ਜੁਲਾਈ ਨੂੰ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਅਮਰਜੀਤ ਸਿੰਘ ਸੰਦੋਆ ਕੈਨੇਡਾ ਵਿਚ ਕੁਲਤਾਰ ਸਿੰਘ ਦੀ ਭੈਣ ਨੂੰ ਮਿਲਣ ਗਏ ਸੀ। ਇਸ ਦੌਰਾਨ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਓਟਾਵਾ ਏਅਰ ਪੋਰਟ 'ਤੇ ਕਈ ਘੰਟੇ ਦੋਵਾਂ ਵਿਧਾਇਕਾਂ ਨੂੰ ਬਿਠਾ ਕੇ ਕੈਨੇਡਾ ਆਉਣ ਦੇ ਮਕਸਦ ਸਬੰਧੀ ਪੁੱਛਗਿੱਛ ਕੀਤੀ ਤਾਂ ਦੋਵੇਂ ਕੋਈ ਸਪਸ਼ਟ ਜਵਾਬ ਨਹੀਂ ਦੇ ਸਕੇ ਸੀ, ਜਿਸ ਤੋਂ ਬਾਅਦ ਦੋਵਾਂ ਵਿਧਾਇਕਾਂ ਨੂੰ ਕੈਨੇਡਾ 'ਚ ਐਂਟਰੀ ਨਹੀਂ ਕਰਨ ਦਿੱਤੀ ਗਈ ਅਤੇ ਏਅਰਪੋਰਟ ਤੋਂ ਹੀ ਵਾਪਸ ਭੇਜ ਦਿੱਤਾ ਗਿਆ ਸੀ। ਵਾਪਸ ਪਰਤਦੇ ਹੀ ਵਿਧਾਇਕਾਂ ਵੱਲੋਂ ਇਸ ਦੀ ਸ਼ਿਕਾਇਤ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਕੀਤੀ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਕੇਂਦਰੀ ਵਿਦੇਸ਼ ਮੰਤਰੀ ਸ਼੍ਰੀਮਤੀ ਸੁਸ਼ਮਾ ਸਵਰਾਜ ਨੂੰ ਪੱਤਰ ਲਿਖ ਕੇ ਓਟਾਵਾ ਹਵਾਈ ਅੱਡੇ 'ਤੇ ਪੰਜਾਬ ਦੇ ਦੋ ਵਿਧਾਇਕਾਂ ਨੂੰ ਕੈਨੇਡਾ ਵਿਚ ਦਾਖ਼ਲ ਨਾ ਹੋਣ ਦੇਣ ਸਬੰਧੀ ਮਾਮਲੇ 'ਤੇ ਕਾਰਵਾਈ ਦੀ ਮੰਗ ਕੀਤੀ ਸੀ।


Related News