ਟਰੈਵਲ ਏਜੰਟ ਵਲੋਂ ਪਤੀ-ਪਤਨੀ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 9 ਲੱਖ ਠੱਗੇ

10/27/2020 4:00:31 PM

ਮੋਗਾ (ਅਜ਼ਾਦ) : ਨਿਊ ਟਾਊਨ ਮੋਗਾ ਨਿਵਾਸੀ ਪਤੀ-ਪਤਨੀ ਦਾ ਪੀ.ਆਰ. ਵੀਜ਼ਾ ਲਗਵਾ ਕੇ ਕੈਨੇਡਾ ਭੇਜਣ ਦੇ ਨਾਮ 'ਤੇ ਟਰੈਵਲ ਏਜੰਟ ਵਲੋਂ 9 ਲੱਖ ਰੁਪਏ ਦੀ ਠੱਗੀ ਮਾਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਜਾਂਚ ਦੇ ਬਾਅਦ ਕਥਿਤ ਦੋਸ਼ੀ ਟਰੈਵਲ ਏਜੰਟ ਨਿਵਾਸੀ ਝੰਡੇਆਣਾ ਗਰਬੀ (ਮੋਗਾ) ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਕੀ ਹੈ ਸਾਰਾ ਮਾਮਲਾ
ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਮੁਨੀਸ਼ ਮੰਗਲਾ ਨਿਵਾਸੀ ਨਿਊ ਟਾਊਨ ਮੋਗਾ ਨੇ ਕਿਹਾ ਕਿ ਮੇਰੀ ਕਿਸੇ ਵਿਅਕਤੀ ਰਾਹੀਂ ਟਰੈਵਲ ਏਜੰਟ ਗੁਰਨਾਇਬ ਸਿੰਘ ਪੁੱਤਰ ਬੂਟਾ ਸਿੰਘ ਨਾਲ ਵਿਦੇਸ਼ ਜਾਣ ਲਈ ਗੱਲ ਹੋਈ। ਮੈਂਨੂੰ ਦੱਸਿਆ ਗਿਆ ਸੀ ਕਿ ਉਕਤ ਟਰੈਵਲ ਏਜੰਟ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਦਾ ਹੈ, ਜਿਸ 'ਤੇ ਅਸੀਂ 20 ਨਵੰਬਰ 2018 ਨੂੰ ਜਦੋਂ ਕਥਿਤ ਦੋਸ਼ੀ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਉਸ ਨੂੰ ਅਤੇ ਉਸ ਦੀ ਪਤਨੀ ਨੂੰ ਪੀ.ਆਰ ਵੀਜ਼ਾ ਲਗਵਾ ਕੇ ਕੈਨੇਡਾ ਭੇਜ ਦੇਵੇਗਾ, ਜਿਸ 'ਤੇ 11 ਲੱਖ ਰੁਪਏ ਖਰਚ ਆਵੇਗਾ। ਅਸੀਂ ਕਥਿਤ ਦੋਸ਼ੀ ਨੂੰ ਵਿਸ਼ਵਾਸ਼ ਕਰਕੇ ਆਪਣੇ ਪਾਸਪੋਰਟ ਦੀਆਂ ਕਾਪੀਆਂ ਤੋਂ ਇਲਾਵਾ ਜ਼ਰੂਰੀ ਦਸਤਾਵੇਜ਼ ਅਤੇ ਫੋਟੋ ਆਦਿ ਦੇ ਦਿੱਤੀਆਂ ਅਤੇ ਉਸ ਤੋਂ ਪਹਿਲਾਂ ਟਰੈਵਲ ਏਜੰਟ ਵਲੋਂ ਮੰਗਣ ਤੇ 2 ਲੱਖ ਰੁਪਏ ਨਗਦ ਪੀ.ਐਨ.ਬੀ ਬੈਂਕ ਜੀ.ਟੀ ਰੋਡ ਮੋਗਾ ਵਿਚ ਸਥਿਤ ਨੈਬ ਸਿੰਘ ਨਿਵਾਸੀ ਖੋਸਾ ਪਾਂਡੋ ਦੇ ਖਾਤੇ 'ਚੋਂ ਕਢਵਾ ਕੇ ਉਸ ਨੂੰ ਦੇ ਦਿੱਤੇ।

ਇਸ ਤੋਂ ਬਾਅਦ ਮੈਂ ਵੱਖ-ਵੱਖ ਤਾਰੀਖਾਂ ਵਿਚ ਉਸ ਨੂੰ 9 ਲੱਖ ਰੁਪਏ ਦੇ ਦਿੱਤੇ। ਸਾਨੂੰ ਕਿਹਾ ਕਿ ਉਹ ਜਲਦ ਹੀ ਉਸ ਨੂੰ ਅਤੇ ਉਸ ਦੀ ਪਤਨੀ ਨੂੰ ਵੀਜ਼ਾ ਲਗਵਾ ਕੇ ਕੈਨੇਡਾ ਭੇਜ ਦੇਵੇਗਾ ਪਰ ਇਸ ਦੇ ਬਾਅਦ ਉਸਨੇ ਨਾ ਤਾਂ ਸਾਡਾ ਕੈਨੇਡਾ ਦਾ ਵੀਜ਼ਾ ਲਗਵਾ ਕੇ ਦਿੱਤਾ ਅਤੇ ਨਾ ਹੀ ਸਾਡੇ ਪੈਸੇ ਵਾਪਸ ਕੀਤੇ। ਅਸੀਂ ਕਈ ਵਾਰ ਉਸਦੇ ਤਲਵੰਡੀ ਭਾਈ ਸਥਿਤ ਦਫਤਰ ਜਾ ਕੇ ਗੱਲ ਵੀ ਕੀਤੀ ਪਰ ਉਹ ਟਾਲ ਮਟੋਲ ਕਰਦਾ ਰਿਹਾ ਅਤੇ ਆਖਿਰ ਉਸ ਨੇ ਪੈਸੇ ਦੇਣ ਤੋਂ ਵੀ ਇਨਕਾਰ ਕਰ ਦਿੱਤਾ। ਇਸ ਤਰ੍ਹਾਂ ਸਾਡੇ ਨਾਲ ਕਥਿਤ ਦੋਸ਼ੀ ਟਰੈਵਲ ਏਜੰਟ ਨੇ 9 ਲੱਖ ਰੁਪਏ ਹੜੱਪ ਕਰ ਕੇ ਧੋਖਾ ਕੀਤਾ।

ਜ਼ਿਲ੍ਹਾ ਪੁਲਸ ਮੁਖੀ ਮੋਗਾ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਦੀ ਜਾਂਚ ਡੀ.ਐਸ.ਪੀ ਡੀ ਮੋਗਾ ਨੂੰ ਕਰਨ ਦਾ ਆਦੇਸ਼ ਦਿੱਤਾ। ਜਾਂਚ ਸਮੇਂ ਜਾਂਚ ਅਧਿਕਾਰੀ ਨੇ ਦੋਨੋਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ। ਜਾਂਚ ਅਧਿਕਾਰੀ ਨੇ ਕਿਹਾ ਕਿ ਜਾਂਚ ਦੇ ਬਾਅਦ ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ 'ਤੇ ਥਾਣਾ ਸਿਟੀ ਮੋਗਾ ਵਿਚ ਟਰੈਵਲ ਏਜੰਟ ਗੁਰਨੈਬ ਸਿੰਘ ਪੁੱਤਰ ਬੂਟਾ ਸਿੰਘ ਨਿਵਾਸੀ ਝੰਡੇਆਣਾ ਗਰਬੀ ਦੇ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ। ਉਕਤ ਮਾਮਲੇ ਦੀ ਅਗਲੇਰੀ ਜਾਂਚ ਐਂਟੀ ਹਿਊਮਨ ਸੈਲ ਮੋਗਾ ਦੇ ਇੰਚਾਰਜ ਸੁਖਜਿੰਦਰ ਸਿੰਘ ਵਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਨੂੰ ਕਾਬੂ ਕਰਨ ਦੇ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ, ਜਿਸ ਦੇ ਜਲਦੀ ਕਾਬੂ ਆ ਜਾਣ ਦੀ ਸੰਭਾਵਨਾ ਹੈ।


Gurminder Singh

Content Editor

Related News