ਵਰਕ ਪਰਮਿਟ ਦੇ ਆਧਾਰ ’ਤੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 29 ਲੱਖ 30 ਹਜ਼ਾਰ ਦੀ ਠੱਗੀ

04/23/2022 2:41:24 PM

ਮੋਗਾ (ਆਜ਼ਾਦ) : ਬਹੋਨਾ ਚੌਂਕ ਮੋਗਾ ਨਿਵਾਸੀ ਕੁਲਜੀਤ ਕੌਰ ਨੂੰ ਦੋ ਸਾਲ ਦੇ ਵਰਕ ਪਰਮਿਟ ’ਤੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਕੋਟ ਈਸੇ ਖਾਂ ਨਿਵਾਸੀ ਪਤੀ-ਪਤਨੀ ਵੱਲੋਂ 29 ਲੱਖ 30 ਹਜ਼ਾਰ ਰੁਪਏ ਹੜੱਪਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਜਾਂਚ ਤੋਂ ਬਾਅਦ ਦੋਸ਼ੀਆਂ ਖ਼ਿਲਾਫ਼ ਧੋਖਾਦੇਹੀ ਅਤੇ ਹੋਰਨਾਂ ਧਾਰਾਵਾਂ ਦੇ ਤਹਿਤ ਥਾਣਾ ਸਿਟੀ ਮੋਗਾ ਵਿਚ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਮਨਦੀਪ ਕੌਰ ਨਿਵਾਸੀ ਟੀਚਰ ਕਾਲੋਨੀ ਮੋਗਾ ਨੇ ਕਿਹਾ ਕਿ ਕਥਿਤ ਦੋਸ਼ੀਆਂ ਸੁਖਵੰਤ ਸਿੰਘ ਉਰਫ਼ ਸੁੱਖਾ ਅਤੇ ਉਸਦੀ ਪਤਨੀ ਕੁਲਦੀਪ ਕੌਰ ਉਰਫ਼ ਸਿਮਰਨ ਕੌਰ ਦੋਵੇਂ ਵਾਸੀ ਦਾਤਾ ਰੋਡ ਕੋਟ ਈਸੇ ਖਾਂ ਹਾਲ ਜੁਝਾਰ ਨਗਰ ਮੋਗਾ ਨਾਲ ਆਪਣੀ ਬੇਟੀ ਕੁਲਜੀਤ ਕੌਰ ਨੂੰ ਕੈਨੇਡਾ ਦੋ ਸਾਲ ਦੇ ਵਰਕ ਪਰਮਿਟ ’ਤੇ ਭੇਜਣ ਦੀ ਗੱਲ ਕੀਤੀ ਤਾਂ ਕਥਿਤ ਦੋਸ਼ੀਆਂ ਨੇ ਕਿਹਾ ਕਿ 32 ਲੱਖ ਰੁਪਏ ਖਰਚਾ ਆਵੇਗਾ, ਜਿਸ ’ਤੇ ਮੈਂ ਆਪਣੀ ਬੇਟੀ ਕੁਲਜੀਤ ਕੌਰ ਦੇ ਦਸਤਾਵੇਜ਼ ਅਤੇ ਪੈਸੇ ਦੇ ਦਿੱਤੇ।

ਦੋਸ਼ੀਆਂ ਨੇ ਮਿਲੀਭੁਗਤ ਕਰਕੇ 13 ਨਵੰਬਰ 2019 ਨੂੰ ਮੇਰੀ ਬੇਟੀ ਕੁਲਜੀਤ ਕੌਰ ਦਾ ਜਲੰਧਰ ਤੋਂ ਬਾਇਓ ਮੈਟ੍ਰਿਕਸ ਕਰਵਾ ਦਿੱਤਾ ਅਤੇ 17 ਜਨਵਰੀ 2020 ਨੂੰ ਕਿਹਾ ਕਿ ਤੁਹਾਡੀ ਬੇਟੀ ਦਾ ਵੀਜ਼ਾ ਆ ਗਿਆ ਹੈ, ਜਿਸ ਦੀ ਕਾਪੀ ਵੀ ਉਨ੍ਹਾਂ ਵਟਸਅਪ ’ਤੇ ਭੇਜ ਦਿੱਤੀ। ਉਨ੍ਹਾਂ ਕਿਹਾ ਕਿ ਕੁਲਜੀਤ ਕੌਰ ਦੀ ਕੈਨੇਡਾ ਤੋਂ ਵੈਨਕੂਵਰ ਲਈ 4 ਅਕਤੂਬਰ 2020 ਦੀ ਟਿਕਟ ਕਰਵਾ ਦਿੱਤੀ ਹੈ, ਜਦੋਂ ਮੈਂਨੂੰ ਸੁਖਵੰਤ ਸਿੰਘ ਨੇ ਇਕ ਲੜਕੀ ਨਾਲ ਗੱਲਬਾਤ ਕਰਨ ਲਈ ਕਿਹਾ ਤਾਂ ਉਸਨੇ ਸਾਨੂੰ ਕਿਹਾ ਕਿ ਤੁਸੀਂ ਲੜਕੀ ਨੂੰ ਨਾ ਭੇਜਣਾ, ਮੈਂ ਵਾਪਸ ਆ ਰਹੀ ਹਾਂ, ਜਿਸ ’ਤੇ ਅਸੀਂ ਉਸ ਨਾਲ ਗੱਲਬਾਤ ਕੀਤੀ ਅਤੇ ਵੀਜ਼ਾ ਅਤੇ ਟਿਕਟ ਦੀ ਜਾਂਚ ਕਰਵਾਈ ਤਾਂ ਉਹ ਜਾਅਲੀ ਨਿਕਲੇ। ਸਾਡੇ ਵੱਲੋਂ ਰੌਲਾ ਪਾਉਣ ’ਤੇ ਕਥਿਤ ਦੋਸ਼ੀ ਸੁਖਵੰਤ ਸਿੰਘ ਨੇ 1 ਲੱਖ 70 ਹਜ਼ਾਰ ਰੁਪਏ ਵਾਪਸ ਕਰ ਦਿੱਤੇ ਅਤੇ ਗਰੰਟੀ ਵਜੋਂ ਦੋ ਚੈਕ ਦੇ ਦਿੱਤੇ ਅਤੇ ਕਿਹਾ ਕਿ ਤੁਹਾਡੇ ਪੈਸੇ ਜਲਦ ਵਾਪਸ ਕਰ ਦੇਵਾਂਗਾ ਪਰ ਉਸਨੇ ਨਾ ਤਾਂ ਪੈਸੇ ਵਾਪਸ ਕੀਤੇ, ਜਦੋਂ ਚੈਕ ਲਾਏ ਤਾਂ ਉਹ ਵੀ ਪੈਸੇ ਨਾ ਆਉਣ ’ਤੇ ਵਾਪਸ ਆ ਗਏ।

ਕਥਿਤ ਦੋਸ਼ੀਆਂ ਨੇ ਮਿਲੀਭੁਗਤ ਕਰਕੇ ਮੇਰੀ ਬੇਟੀ ਦੇ ਸਾਰੇ ਦਸਤਾਵੇਜ਼ ਵੀ ਆਪਣੇ ਕੋਲ ਰੱਖ ਲਏ। ਇਸ ਤਰ੍ਹਾਂ ਸਾਡੇ ਨਾਲ ਕਥਿਤ ਦੋਸ਼ੀਆਂ ਨੇ ਮਿਲੀਭੁਗਤ ਕਰ ਕੇ 29 ਲੱਖ 30 ਹਜ਼ਾਰ ਦੀ ਠੱਗੀ ਮਾਰੀ ਹੈ। ਜ਼ਿਲਾ ਪੁਲਸ ਮੁਖੀ ਮੋਗਾ ਦੇ ਆਦੇਸ਼ਾਂ ’ਤੇ ਮੋਗਾ ਪੁਲਸ ਵੱਲੋਂ ਇਸ ਦੀ ਜਾਂਚ ਕੀਤੀ ਗਈ ਅਤੇ ਜਾਂਚ ਦੇ ਬਾਅਦ ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਉਕਤ ਮਾਮਲਾ ਦਰਜ ਕੀਤਾ ਗਿਆ। ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਸਾਹਿਬ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗ੍ਰਿਫਤਾਰੀ ਬਾਕੀ ਹੈ।


Gurminder Singh

Content Editor

Related News