ਕੀ ਸਾਨੂੰ ਪਾਲਤੂ ਜਾਨਵਰ ਕੁੱਤੇ, ਬਿੱਲੀ ਆਦਿ ਤੋਂ ਵੀ ਹੋ ਸਕਦੈ ਕੋਰੋਨਾ ?
Tuesday, Apr 07, 2020 - 09:59 PM (IST)
ਜਗਬਾਣੀ ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂ ਵਾਲੀ) ਦੁਨੀਆ ਭਰ ਵਿਚ ਫੈਲੇ ਕੋਰੋਨਾ ਵਾਇਰਸ ਨੇ ਹਰ ਕਿਸੇ ਨੂੰ ਭੈਅਭੀਤ ਕੀਤਾ ਹੋਇਆ ਹੈ। ਇਸ ਵਾਇਰਸ ਸਬੰਧੀ ਸਾਡੇ ਕੋਲ ਕੋਈ ਪੁਖਤਾ ਜਾਣਕਾਰੀ ਨਾ ਹੋਣ ਕਾਰਨ, ਅਫਵਾਹਾਂ ਫੈਲਣ ਦਾ ਬਾਜ਼ਾਰ ਵੀ ਗਰਮ ਹੈ। ਪਿਛਲੇ ਕੁਝ ਦਿਨਾਂ ਤੋਂ ਖਬਰਾਂ ਸਾਹਮਣੇ ਆ ਰਹੀਆਂ ਸਨ ਕਿ ਕੋਰੋਨਾ ਵਾਇਰਸ ਹੁਣ ਇਨਸਾਨਾਂ ਤੋਂ ਇਲਾਵਾ ਜਾਨਵਰਾਂ ’ਚ ਵੀ ਫੈਲਣਾ ਸ਼ੁਰੂ ਹੋ ਗਿਆ ਹੈ। ਇਸ ਤਰ੍ਹਾਂ ਦੀ ਖਬਰ ਕੁਝ ਦਿਨ ਪਹਿਲਾਂ ਹਾਂਗਕਾਂਗ ਤੋਂ ਆਈ ਸੀ। ਇਸ ਖਬਰ ਅਨੁਸਾਰ ਇੱਥੇ ਇਕ ਪੀੜਤ ਵਿਅਕਤੀ ਤੋਂ ਉਸ ਦੇ ਪੋਮੇਰੇਨੀਅਨ ਨਸਲ ਦੇ ਪਾਲਤੂ ਕੁੱਤੇ ਨੂੰ ਕੋਰੋਨਾ ਵਾਇਰਸ ਹੋ ਗਿਆ ਸੀ। ਯਵੋਨ ਚਾਓ ਹੋ ਯੀ ਨਾਂ ਦਾ ਇਹ ਵਿਅਕਤੀ ਆਪਣੇ ਬੀਮਾਰ ਕੁੱਤੇ ਨੂੰ ਡਾਕਟਰ ਕੋਲ ਲੈ ਗਿਆ, ਜਿੱਥੇ ਉਸ ਦੇ ਨੱਕ ਅਤੇ ਮੂੰਹ ਵਿਚੋਂ ਨਮੂਨੇ ਲਏ ਗਏ। ਖਬਰ ਮੁਤਾਬਕ ਡਾਕਟਰਾਂ ਨੇ ਪੁਸ਼ਟੀ ਕੀਤੀ ਕਿ ਕੁੱਤੇ ਵਿਚ ਕੋਰੋਨਾ ਵਾਇਰਸ ਪਾਇਆ ਗਿਆ ਹੈ।
ਮੈਟਰੋ ਯੂ. ਕੇ. ਦੀ ਰਿਪੋਰਟ ਮੁਤਾਬਕ ਐਗਰੀਕਲਚਰ, ਫਿਸ਼ਰ ਅਤੇ ਕੰਜ਼ਰਵੇਸ਼ਨ ਡਿਪਾਰਟਮੈਂਟ ਨੇ ਇਸ ਕੁੱਤੇ ਦੀ ਪੁਖਤਾ ਜਾਂਚ ਦੇ ਹੁਕਮ ਦਿੱਤੇ ਸਨ। ਉਨ੍ਹਾਂ ਕਿਹਾ ਕਿ ਅਜੇ ਇਹ ਦਾਅਵਾ ਕਰਨਾ ਮੁਸ਼ਕਲ ਹੈ ਕਿ ਪਾਲਤੂ ਜਾਨਵਰ ਵੀ ਕੋਵਿਡ-19 ਨਾਲ ਪੀੜਤ ਹੋ ਸਕਦੇ ਹਨ। ਕੋਰੋਨਾ ਵਾਇਰਸ ਦੇ ਫੈਲਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਪਾਲਤੂ ਜਾਨਵਰਾਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਜਿੰਨ੍ਹਾਂ ਵਿਚ ਦਿਖਾਇਆ ਗਿਆ ਕਿ ਵਾਇਰਸ ਦੇ ਡਰ ਕਾਰਨ ਕੁੱਤੇ ਅਤੇ ਬਿੱਲੀਆਂ ਦੇ ਚਿਹਰੇ ’ਤੇ ਵੀ ਮਾਸਕ ਲੱਗੇ ਹੋਏ ਹਨ। ਪਿਛਲੇ ਕੁਝ ਦਿਨਾਂ ਤੋਂ ਇਸ ਤਰ੍ਹਾਂ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਸਨ ਕਿ ਚਿੜੀਆਂ ਅਤੇ ਬਾਂਦਰਾਂ ਰਾਹੀਂ ਵੀ ਕੋਰੋਨਾ ਵਾਇਰਸ ਫੈਲ ਸਕਦਾ ਹੈ।
ਭਾਰਤ ਸਰਕਾਰ ਨੇ ਕੀਤਾ ਇਸ ਗੱਲ ਦਾ ਖੰਡਨ
ਇਸ ਤਰ੍ਹਾਂ ਦੀਆਂ ਖ਼ਬਰਾਂ ਤੋਂ ਬਾਅਦ ਭਾਰਤ ਸਰਕਾਰ ਨੇ ਆਪਣੇ ਟਵਿਟਰ ਪੇਜ਼ ’ਤੇ ਜਾਣਕਾਰੀ ਸਾਂਝੀ ਕੀਤੀ ਹੈ। ਇਸ ਜਾਣਕਾਰੀ ਮੁਤਾਬਕ ਕਿਸੇ ਵੀ ਪਾਲਤੂ ਜਾਨਵਰ ਤੋਂ ਕੋਰੋਨਾ ਵਾਇਰਸ ਹੋਣ ਦੀ ਗੱਲ ਨੂੰ ਨਕਾਰਿਆ ਗਿਆ ਹੈ। ਜਾਣਕਾਰੀ ਵਿਚ ਸਰਕਾਰ ਨੇ ਹਾਂਗਕਾਂਗ ਵਿਚ ਇਨਸਾਨ ਕੋਲੋਂ ਕੁੱਤੇ ਨੂੰ ਵਾਇਰਸ ਹੋਣ ਦਾ ਜ਼ਿਕਰ ਵੀ ਕੀਤਾ ਹੈ। ਜਾਣਕਾਰੀ ਵਿਚ ਦੱਸਿਆ ਗਿਆ ਹੈ ਕਿ ਇਨਸਾਨ ਕੋਲੋਂ ਕੁੱਤੇ ਨੂੰ ਵਾਇਰਸ ਹੋਣ ਦੀ ਖ਼ਬਰ ਜ਼ਰੂਰ ਹੈ ਪਰ ਅਜੇ ਤੱਕ ਇਸਦੀ ਪੁਸ਼ਟੀ ਨਹੀਂ ਹੋ ਸਕੀ ਕਿ ਇਹ ਖ਼ਬਰ ਸੱਚੀ ਹੈ ਜਾਂ ਝੂਠੀ।
ਇਸ ਤੋਂ ਪਹਿਲਾਂ WHO ਨੇ ਵੀ ਕਿਹਾ ਸੀ ਕਿ ਕਿਸੇ ਵੀ ਜਾਨਵਰ ਵਿਚ ਕੋਰੋਨਾ ਵਾਇਰਸ ਦੀ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋਈ।
ਇਨ੍ਹਾਂ ਅਫਵਾਹਾਂ ਦਾ ਵੀ ਕੀਤਾ ਖੰਡਨ
ਇਸ ਦੇ ਨਾਲ-ਨਾਲ ਆਪਣੇ ਟਵਿਟਰ ਪੇਜ ਰਾਹੀਂ ਭਾਰਤ ਸਰਕਾਰ ਨੇ ਕੁਝ ਹੋਰ ਅਫਵਾਹਾਂ ਦਾ ਵੀ ਖੰਡਨ ਕੀਤਾ ਹੈ। ਇਨ੍ਹਾਂ ਅਫਵਾਹਾਂ ਵਿਚ ਨਿਮੋਨੀਏ ਦੇ ਟੀਕੇ ਨਾਲ ਕੋਰੋਨਾ ਦੇ ਠੀਕ ਹੋਣ ਦਾ ਦਾਅਵਾ ਅਤੇ ਕਰੇਲੇ ਦੇ ਰਸ ਨਾਲ ਕੋਰੋਨਾ ਵਾਇਰਸ ਠੀਕ ਹੋਣ ਦੀਆਂ ਅਫਵਾਹ ਮੁਖ ਤੌਰ ’ਤੇ ਸ਼ਾਮਲ ਹਨ। ਪਿਛਲੇ ਸਮੇਂ ਤੋਂ ਸੋਸ਼ਲ ਮੀਡੀਆ ’ਤੇ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਕਰੇਲੇ ਦੇ ਰਸ ਨਾਲ ਕੋਰੋਨਾ ਵਾਇਰਸ ਦਾ ਇਲਾਜ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਗਰਮ ਪਾਣੀ ਨਾਲ ਕੋਰੋਨਾ ਵਾਇਰਸ ਠੀਕ ਹੋਣ ਦੀ ਅਫਵਾਹ ਨੂੰ ਵੀ ਸਰਕਾਰ ਨੇ ਨਕਾਰਿਆ ਹੈ।