ਚੌਥੀ ਮੰਜ਼ਿਲ ਤੋਂ ਛਾਲ ਮਾਰਨ ਵਾਲੀ ਵਿਦਿਆਰਥਣ ਦੇ ਕੇਸ ''ਚ ਨਵਾਂ ਖੁਲਾਸਾ

02/20/2018 5:29:14 AM

ਜਲੰਧਰ, (ਮ੍ਰਿਦੁਲ ਸ਼ਰਮਾ)— ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਵਿਚ 10 ਜਨਵਰੀ ਨੂੰ ਦੁਪਹਿਰ ਖੁਸ਼ੀ ਗੁਪਤਾ ਦੇ ਸ਼ੱਕੀ ਹਾਲਾਤ ਵਿਚ ਚੌਥੀ ਮੰਜ਼ਿਲ ਤੋਂ ਡਿੱਗ ਕੇ ਜ਼ਖ਼ਮੀ ਹੋਣ ਦੇ ਮਾਮਲੇ ਵਿਚ ਚਾਈਲਡ ਰਾਈਟਸ ਕਮਿਸ਼ਨ  ਦੀ ਟੀਮ ਸੋਮਵਾਰ ਨੂੰ ਸਕੂਲ ਦਾ ਦੌਰਾ ਕਰਨ ਨਹੀਂ ਆਈ। ਟੀਮ ਦੀ ਚੰਡੀਗੜ੍ਹ ਵਿਚ ਮੀਟਿੰਗ ਹੋਈ, ਜਿੱਥੇ ਸਕੂਲ ਦੀ ਭੂਮਿਕਾ ਨੂੰ ਲੈ ਕੇ ਜਾਂਚ ਕੀਤੀ ਗਈ। ਮੀਟਿੰਗ ਵਿਚ ਸਕੂਲ 'ਤੇ ਕਾਰਵਾਈ ਕਰਨ ਨੂੰ ਲੈ ਕੇ ਲੰਮੀ ਗੱਲਬਾਤ ਹੋਈ, ਹਾਲਾਂਕਿ ਟੀਮ ਦੇ ਕੁਝ ਲੋਕ ਦੋ ਦਿਨਾਂ ਤੋਂ ਜਲੰਧਰ ਆ ਕੇ ਸਾਰੀ ਭੂਮਿਕਾ ਦੀ ਜਾਂਚ ਕਰਨਗੇ। ਏ. ਸੀ.ਪੀ. ਸਮੀਰ ਵਰਮਾ ਨੇ ਦੱਸਿਆ ਕਿ ਕੇਸ ਦੀ ਜਾਂਚ ਕਾਫੀ ਗੰਭੀਰ ਹੈ। ਓਧਰ ਦੂਸਰੇ ਪਾਸੇ ਕੇਸ ਦੀ ਜਾਂਚ ਨੂੰ ਲੈ ਕੇ ਥਾਣਾ ਸਦਰ ਦੀ ਪੁਲਸ ਕੈਂਬ੍ਰਿਜ ਸਕੂਲ ਵਿਚ ਸਰਚ ਕਰਨ ਗਈ, ਜਿਥੇ ਕਰੀਬ ਇਕ ਘੰਟੇ ਤੱਕ ਜਾਂਚ ਅਤੇ ਪੁੱਛਗਿੱਛ ਕੀਤੀ ਗਈ। ਪੁਲਸ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ  ਇਸ਼ਾਨ ਅਤੇ ਅਭੇ ਤੋਂ ਪੁੱਛਗਿੱਛ ਪੂਰੀ ਹੋਣ ਤੋਂ ਬਾਅਦ ਹੀ ਕੋਈ ਕਦਮ ਚੁੱਕਿਆ ਜਾਵੇਗਾ। ਉਥੇ ਹੀ ਉਨ੍ਹਾਂ ਨਾਲ ਕਮਿਸ਼ਨ ਦੀ ਕੌਂਸਲਿੰਗ ਪੂਰੀ ਹੋਣ ਤੋਂ ਬਾਅਦ ਹੀ ਅਗਲੀ ਕਾਰਵਾਈ ਹੋਵੇਗੀ।
ਸਕੂਲ ਪ੍ਰਸ਼ਾਸਨ ਨੇ ਨਹੀਂ ਲਿਆ ਦੋਸ਼ੀਆਂ ਖਿਲਾਫ ਕੋਈ ਐਕਸ਼ਨ
ਦਿਨ ਪ੍ਰਤੀ ਦਿਨ ਗੰਭੀਰ ਹੋ ਰਹੇ ਕੇਸ ਕਾਰਨ ਸਕੂਲ ਹੁਣ ਤੱਕ ਚੁੱਪ ਹੈ। ਉਥੇ ਦੂਸਰੇ ਪਾਸੇ ਸਕੂਲ ਪ੍ਰਸ਼ਾਸਨ ਨੇ ਦੋਸ਼ੀ ਬੱਚਿਆਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਹੈ। 
ਪੁਲਸ ਦੀ ਕਾਰਜਪ੍ਰਣਾਲੀ 'ਤੇ ਉਠ ਰਹੇ ਹਨ ਸਵਾਲ
ਇਸ ਹਾਈ ਪ੍ਰੋਫਾਈਲ ਕੇਸ ਵਿਚ ਪੁਲਸ ਦੀ ਕਾਰਜ ਪ੍ਰਣਾਲੀ 'ਤੇ ਸਵਾਲ ਉਠ ਰਹੇ ਹਨ ਕਿਉਂਕਿ ਕੇਸ ਵਿਚ ਸ਼ਹਿਰ ਦੀਆਂ ਨਾਮੀ ਹਸਤੀਆਂ ਦਾ ਹੱਥ ਦੱਸਿਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਸੂਤਰਾਂ ਦੀ ਮੰਨੀਏ ਤਾਂ ਇਨਵੈਸਟੀਗੇਸ਼ਨ ਮੈਨੇਜ ਹੋ ਰਹੀ ਹੈ। ਦੂਸਰੇ ਪਾਸੇ ਪੁਲਸ ਨੂੰ ਅਜਿਹਾ ਕੋਈ ਸਬੂਤ ਨਹੀਂ ਮਿਲਿਆ, ਜਿਸ ਵਿਚ ਸਕੂਲ ਪ੍ਰਸ਼ਾਸਨ ਦੀ ਕੋਈ ਗਲਤੀ ਸਾਹਮਣੇ ਆਵੇ।


Related News