ਭਾਰਤ ਨੇ ਚੀਨ, ਥਾਈਲੈਂਡ, ਬਹਿਰੀਨ ਤੋਂ ਗਲਾਸ ਫਾਈਬਰ ਦੀ ਦਰਾਮਦ ਦੀ ਐਂਟੀ-ਡੰਪਿੰਗ ਜਾਂਚ ਕੀਤੀ ਸ਼ੁਰੂ
Monday, Jul 01, 2024 - 05:09 PM (IST)

ਨਵੀਂ ਦਿੱਲੀ (ਭਾਸ਼ਾ) - ਭਾਰਤ ਨੇ ਇਕ ਘਰੇਲੂ ਕੰਪਨੀ ਦੀ ਸ਼ਿਕਾਇਤ ਤੋਂ ਬਾਅਦ ਚੀਨ, ਥਾਈਲੈਂਡ, ਬਹਿਰੀਨ ਤੋਂ ਗਲਾਸ ਫਾਈਬਰ ਦੀ ਦਰਾਮਦ ਦੇ ਸਬੰਧ ’ਚ ਐਂਟੀ ਡੰਪਿੰਗ ਜਾਂਚ ਸ਼ੁਰੂ ਕਰ ਕੀਤੀ ਹੈ। ਇਸ ਡਿਊਟੀ ਦਾ ਮਕਸਦ ਘਰੇਲੂ ਉਦਯੋਗ ਨੂੰ ਸਸਤੀ ਦਰਾਮਦ ਤੋਂ ਬਚਾਉਣਾ ਹੈ।
ਵਣਜ ਮੰਤਰਾਲਾ ਦੀ ਜਾਂਚ ਏਜੰਸੀ ਡਾਇਰੈਕਟੋਰੇਟ ਜਨਰਲ ਆਫ ਟ੍ਰੇਡ ਰੈਮੇਡੀਜ਼ (ਡੀ. ਜੀ. ਟੀ. ਆਰ.) ਇਨ੍ਹਾਂ ਦੇਸ਼ਾਂ ’ਚ ਬਣੇ ਜਾਂ ਉਥੋਂ ਬਰਾਮਦ ਗਲਾਸ ਫਾਈਬਰ ਅਤੇ ਇਸ ਦੇ ਉਤਪਾਦਾਂ ਦੀ ਕਥਿਤ ਡੰਪਿੰਗ ਦੀ ਜਾਂਚ ਕਰ ਰਿਹਾ ਹੈ। ਗਲਾਸ ਫਾਈਬਰ ਜਾਂ ਫਾਈਬਰ ਗਲਾਸ ਮਜ਼ਬੂਤ ਪਲਾਸਟਿਕ ਹੈ ਜੋ ਮਜ਼ਬੂਤ, ਹਲਕੀ, ਲਚਕੀਲੀ ਹੁੰਦੀ ਹੈ ਅਤੇ ਇਸ ਨੂੰ ਕਈ ਗੁੰਝਲਦਾਰ ਆਕਾਰਾਂ ’ਚ ਢਾਲਿਆ ਜਾ ਸਕਦਾ ਹੈ। ਇਸ ਦੇ ਕਈ ਉਦਯੋਗਿਕ ਅਤੇ ਘਰੇਲੂ ਉਪਯੋਗ ਹਨ।
ਓਵੇਂਸ-ਕਾਰਨਿੰਗ (ਇੰਡੀਆ) ਨੇ ਦਰਾਮਦ ’ਤੇ ਐਂਟੀ-ਡੰਪਿੰਗ ਜਾਂਚ ਸ਼ੁਰੂ ਕਰਨ ਦੀ ਮੰਗ ਕਰਦੇ ਹੋਏ ਅਰਜ਼ੀ ਦਾਇਰ ਕੀਤੀ ਹੈ। ਬਿਨੈਕਾਰ ਨੇ ਦੋਸ਼ ਲਾਇਆ ਹੈ ਕਿ ਕਥਿਤ ਡੰਪ ਕੀਤੀ ਦਰਾਮਦ ਕਾਰਨ ਘਰੇਲੂ ਉਦਯੋਗ ਨੂੰ ਭੌਤਿਕ ਨੁਕਸਾਨ ਪਹੁੰਚ ਰਿਹਾ ਹੈ ਅਤੇ ਐਂਟੀ ਡੰਪਿੰਗ ਡਿਊਟੀ ਲਾਉਣ ਦੀ ਮੰਗ ਕੀਤੀ ਹੈ।