ਕੋਰੋਨਾ ਦੇ ਦੌਰ ਵਿੱਚ ਕੈਲੀਫੋਰਨੀਆ ਵਿਖੇ ਆਮ ਆਦਮੀ ਦੇ 'ਸੇਵਾ ਕਾਰਜ'
Wednesday, May 20, 2020 - 10:39 AM (IST)
ਹਰਪ੍ਰੀਤ ਸਿੰਘ ਕਾਹਲੋਂ
ਕੋਰੋਨਾ ਦਾ ਇਹ ਸਮਾਂ ਅਜਿਹਾ ਸਮਾਂ ਹੈ, ਜਿਸ ਨੇ ਸਾਰੀ ਦੁਨੀਆਂ ਨੂੰ ਇੱਕ ਕਰਕੇ ਰੱਖ ਦਿੱਤਾ ਹੈ। ਇਸ ਦੌਰ ਤੋਂ ਜਦੋਂ ਅਸੀਂ ਉੱਭਰ ਕੇ ਬਾਹਰ ਆਵਾਂਗੇ ਤਾਂ ਯਕੀਨਨ ਇਸ ਵਿੱਚ ਬਹੁਤ ਸਾਰੇ ਬੰਦਿਆਂ ਦੇ ਨਿੱਜ ਤੋਂ ਉੱਪਰ ਉੱਠ ਕੇ ਕੀਤੇ ਹੋਏ ਸੇਵਾ ਕਾਰਜ ਖਾਸ ਹੋਣਗੇ। ਇਸ ਦੌਰਾਨ ਸਿਰਫ਼ ਕਿਸੇ ਇੱਕ ਸੰਗਠਨਾਤਮਕ ਮਹਿਕਮੇ ਨੇ ਹੀ ਕੰਮ ਨਹੀਂ ਕੀਤਾ ਆਮ ਬੰਦੇ, ਆਮ ਪਰਿਵਾਰ ਵੀ ਆਪਣੀ ਸਮਰੱਥਾ ਤੋਂ ਵੱਧ ਸੇਵਾ ਕਾਰਜਾਂ ਵਿੱਚ ਜੁਟੇ ਨਜ਼ਰ ਆਏ ਹਨ। ਮਨੁੱਖਤਾ ਦੀਆਂ ਅਜਿਹੀਆਂ ਮਿਸਾਲਾਂ ਹੀ ਇਸ ਸੰਸਾਰ ਦੀਆਂ ਉਮੀਦਾਂ ਹਨ।
ਨਵਜੋਤ ਕੌਰ ਕੈਲੀਫੋਰਨੀਆਂ ਵਿੱਚ ਸਰਜੀਕਲ ਪੀ.ਏ. ਡਾਕਟਰ ਹਨ। ਸਿਹਤ ਖੇਤਰ ਨਾਲ ਜੁੜੇ ਹੋਣ ਕਰਕੇ ਇਸ ਮਹਾਮਾਰੀ ਦੀ ਗੰਭੀਰਤਾ ਨੂੰ ਉਨ੍ਹਾਂ ਨੇ ਬਿਹਤਰ ਸਮਝਿਆ ਸੀ। ਇਸ ਦੌਰਾਨ ਅਮਰੀਕਾ ਵਿੱਚ ਬਾਕੀ ਸੰਸਾਰ ਦੇ ਮੁਕਾਬਲੇ ਮੌਤ ਦਰ ਆਮ ਨਾਲੋਂ ਵੱਧ ਸੀ। ਅਜਿਹੇ ਵਿਚ ਨਵਜੋਤ ਕੌਰ ਦਾ ਪੂਰਾ ਪਰਿਵਾਰ ਲੋਕਾਂ ਦੇ ਲਈ ਮਾਸਕ ਬਣਾਉਣ ਅਤੇ ਉਨ੍ਹਾਂ ਨੂੰ ਵੰਡਣ ਵਿੱਚ ਰੁੱਝ ਗਿਆ।
ਇਸ ਲਈ ਨਵਜੋਤ ਕੌਰ ਦੇ ਪਤੀ ਕੁਲਦੀਪ ਸਿੰਘ ਨੇ ਬਕਾਇਦਾ ਲਾਸ ਏਂਜਲਸ ਤੋਂ ਚੰਗੇ ਮਾਸਕ ਬਣਾਉਣ ਲਈ ਮੈਟੀਰੀਅਲ ਲਿਆਉਣ ਦਾ ਬੀੜਾ ਚੁੱਕਿਆ। ਮਾਸਕ ਬਣਾਉਣ ਲਈ ਵਰਤਿਆ ਜਾਂਦਾ ਇਹ ਮੈਟੀਰੀਅਲ ਸਰਜੀਕਲ ਰੈਪ ਸੀ, ਜੋ ਵਿਸ਼ੇਸ਼ ਫਿਲਟਰੇਸ਼ਨ ਪ੍ਰਕਿਰਿਆ ਤਹਿਤ 90 ਫੀਸਦੀ ਸਿਹਤ ਮਾਣਕਾਂ ਤੇ ਖਰਾ ਉੱਤਰਦਾ ਹੈ। ਇਹ ਰੈਪ N-95 ਮਾਸਕ ਤੋਂ ਥੋੜ੍ਹਾ ਹਲਕਾ ਹੁੰਦਾ ਹੈ। ਨਵਜੋਤ ਕੌਰ ਅਤੇ ਉਨ੍ਹਾਂ ਦੇ ਪਰਿਵਾਰ ਨੇ ਇਹ ਸਾਰੇ ਮਾਸਕ ਘਰ ਵਿੱਚ ਬਣਾਏ ਹਨ ।
ਕੁਲਦੀਪ ਸਿੰਘ ਕਹਿੰਦੇ ਹਨ ਕਿ ਜ਼ਰੂਰੀ ਸੀ ਕਿ ਅਸੀਂ ਆਪਣੇ ਆਲੇ-ਦੁਆਲੇ ਦੇ ਲੋਕਾਂ ਦੀ ਮਦਦ ਕਰੀਏ ਅਤੇ ਸਿੱਖ ਹੋਣ ਦੇ ਨਾਤੇ ਸੇਵਾ ਭਾਵਨਾ ਦਾ ਇਹ ਸਾਡਾ ਮੁੱਢਲਾ ਫਰਜ਼ ਹੈ। ਅਸੀਂ ਹੁਣ ਤੱਕ 3600 ਮਾਸਕ ਵੰਡ ਚੁੱਕੇ ਹਾਂ।
ਨਵਜੋਤ ਕੌਰ ਇਸ ਤੋਂ ਇਲਾਵਾ ਟੋਰੈਸ ਮੈਮੋਰੀਅਲ ਹਸਪਤਾਲ ਅਤੇ ਲਿਟਲ ਕੰਪਨੀ ਆਫ ਮੈਰੀ ਹਸਪਤਾਲ ਵਿੱਚ ਇਨ੍ਹਾਂ ਸੇਵਾ ਕਾਰਜਾਂ ਦੇ ਨਾਲ-ਨਾਲ ਆਪਣੀ ਡਿਊਟੀ ਵੀ ਨਿਭਾ ਰਹੇ ਹਨ।
ਇਸ ਕਾਰਜ ਵਿੱਚ ਨਵਜੋਤ ਕੌਰ ਹੁਣਾਂ ਦੇ ਰਿਸ਼ਤੇਦਾਰ ਵੀ ਨਾਲ ਜੁੜੇ ਅਤੇ ਉਨ੍ਹਾਂ ਨੇ ਇਸ ਸਹਿਮ ਦੇ ਦੌਰ ਵਿੱਚ ਆਪਣੇ ਆਲੇ ਦੁਆਲੇ ਅਜਿਹਾ ਕਾਰਜ ਵਿੱਢਕੇ ਸਕਾਰਾਤਮਕ ਮਾਹੌਲ ਸਿਰਜਣ ਦੀ ਸਹਾਇਤਾ ਕੀਤੀ ਹੈ। ਨਵਜੋਤ ਕੌਰ ਕਹਿੰਦੇ ਹਨ ਕਿ ਮਾਸਕਾਂ ਤੋਂ ਇਲਾਵਾ ਵੱਖ-ਵੱਖ ਥਾਵਾਂ ਤੋਂ ਮੰਗ 'ਫੇਸ ਸ਼ੀਲਡ' ਬਣਾਏ ਜਾਣ ਦੀ ਸੀ। ਇਸ ਦੌਰਾਨ ਉਨ੍ਹਾਂ ਨੂੰ ਨਿਊਯਾਰਕ ਦੇ ਬਰੁਕਲਿਨ ਹਸਪਤਾਲ ਤੋਂ ਫੇਸ ਸ਼ੀਲਡਾਂ ਦੀ ਮੰਗ ਵੀ ਆਈ। ਫੋਨ ਆਉਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਪਰਿਵਾਰ ਵਿੱਚ 200 ਫੇਸ ਸ਼ੀਲਡ ਬਣਾਏ ਅਤੇ ਬਰੂਕਲਿਨ ਹਸਪਤਾਲ ਨੂੰ ਕੋਰੀਅਰ ਕੀਤੇ।
ਨਵਜੋਤ ਕੌਰ ਕਹਿੰਦੇ ਹਨ ਕਿ ਅਸੀਂ ਹੁਣ ਤੱਕ 800 ਫੇਸ ਸ਼ੀਲਡਾਂ ਬਣਾ ਚੁੱਕੇ ਹਾਂ। ਨਵਜੋਤ ਕੌਰ ਹੁਣਾਂ ਦੇ ਅਜਿਹੇ ਹੰਭਲੇ ਦਾ ਨਤੀਜਾ ਇਹ ਸੀ ਕਿ ਇਸ ਵਿੱਚ ਉਨ੍ਹਾਂ ਦੇ ਨਾਲ ਸਹਿਯੋਗ ਕਰਨ ਨੂੰ ਕਈ ਸਾਥੀ ਆ ਗਏ। ਨਵਜੋਤ ਕੌਰ ਕਹਿੰਦੇ ਹਨ ਕਿ ਮਾਸਕਾਂ ਨੂੰ ਬਣਾਉਣ ਵਿੱਚ ਉਨ੍ਹਾਂ ਦੀ ਸੱਸ ਨੇ ਵੀ ਵੱਧ ਚੜ੍ਹ ਕੇ ਯੋਗਦਾਨ ਦਿੱਤਾ। ਉਹ 84 ਸਾਲ ਦੇ ਹਨ। ਹਸਪਤਾਲ ਅਤੇ ਆਲੇ ਦੁਆਲੇ ਦੇ ਭਾਈਚਾਰੇ ਵਿੱਚ ਮਾਸਕ ਵੰਡਣ ਤੋਂ ਇਲਾਵਾ ਉਹ ਸ਼ੈਰਿਫ ਮਹਿਕਮਾ, ਘਰੇਲੂ ਹੈਲਥਕੇਅਰ ਨਰਸਾਂ, ਡਾਕਟਰ, ਲਾਸ ਏਂਜਲਸ ਦੇ ਕਾਊਂਟੀ ਪ੍ਰੋਬੇਸ਼ਨ ਅਫ਼ਸਰ ਅਤੇ ਸਭ ਤੋਂ ਖਾਸ ਰੈਸਕਿਊ ਹੈਲੀਕਾਪਟਰ ਟੀਮ ਲਈ ਵੀ ਸੇਵਾ ਕਾਰਜ ਕਰ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਦੇ ਭਣਵਈਏ ਜਗਦੀਪ ਸਿੰਘ ਨੇ ਵੀ ਨਿੱਘਾ ਯੋਗਦਾਨ ਪਾਇਆ ਹੈ।
ਨਵਜੋਤ ਕੌਰ ਕਹਿੰਦੇ ਹਨ ਕਿ ਸੰਸਾਰ ਵਿੱਚ ਅਜਿਹੀਆਂ ਵੱਡੀਆਂ ਤਰਾਸਦੀਆਂ ਦੌਰਾਨ ਅਸੀਂ ਸਿਰਫ ਇਹ ਕਹਿਣਾ ਚਾਹੁੰਦੇ ਹਾਂ ਕਿ ਸਿੱਖ ਹੋਣ ਦੇ ਨਾਤੇ ਸਾਨੂੰ ਆਪੋ ਆਪਣੀ ਜ਼ਿੰਮੇਵਾਰੀ ਉਚੇਚੀ ਤੈਅ ਕਰ ਲੈਣੀ ਚਾਹੀਦੀ ਹੈ ਅਤੇ ਦੂਜਾ ਆਮ ਪਰਿਵਾਰ ਵੀ ਇੰਝ ਸੇਵਾ ਕਾਰਜ ਕਰਦਾ ਹੋਇਆ ਸਬੰਧਤ ਮਹਿਕਮਿਆਂ ਲਈ ਵੱਡਾ ਸਹਾਰਾ ਬਣ ਸਕਦਾ ਹੈ। ਜੇ ਅਸੀਂ ਇੰਝ ਸੋਚਾਂਗੇ ਤਾਂ ਅਜਿਹੀਆਂ ਮਹਾਂਮਾਰੀਆਂ ਸਾਡੇ ਲਈ ਵੱਡੀਆਂ ਮੁਸੀਬਤਾਂ ਨਹੀਂ ਬਣ ਸਕਦੀਆਂ।
ਨਵਜੋਤ ਕੌਰ, ਕੈਲੀਫੋਰਨੀਆਂ ਤੋਂ ਸਰਜੀਕਲ ਪੀ.ਏ. ਡਾਕਟਰ
"ਇੰਝ ਸੇਵਾ ਕਰਨਾ ਭਵਿੱਖ ਦੀ ਲੰਮੀ ਉਮੀਦ ਬਣੇਗਾ। ਕਿਉਂਕਿ ਸੇਵਾ ਵਿੱਚ ਮੇਰੇ ਨਾਲ ਮੇਰਾ ਮੁੰਡਾ ਅਤੇ ਮੇਰੀ ਕੁੜੀ ਜੀਵਨਜੋਤ ਕੌਰ ਵੀ ਸ਼ਾਮਲ ਹੈ। ਇਹ ਬੱਚੇ ਜੋ ਅੱਜ ਸਿੱਖ ਰਹੇ ਹਨ ਕੱਲ੍ਹ ਨੂੰ ਇਹ ਬੱਚੇ ਵੀ ਇਸੇ ਤਰ੍ਹਾਂ ਸੇਵਾ ਕਰਨਗੇ। ਇਸ ਵਿਰਾਸਤ ਨੂੰ ਬਣਾਉਣਾ ਬਹੁਤ ਜ਼ਰੂਰੀ ਹੈ।" -