ਕੇਬਲ ਦਾ ਕੰਮ ਕਰ ਰਹੇ ਵਿਅਕਤੀ ’ਤੇ ਚੜ੍ਹ ਗਈ ਜੇ. ਸੀ. ਬੀ. ਮਸ਼ੀਨ, ਹੋਈ ਦਰਦਨਾਕ ਮੌਤ

05/20/2024 3:38:16 PM

ਧੂਰੀ (ਜੈਨ) : ਲੰਘੀ ਰਾਤ ਕੇਬਲ ਦੀ ਮੁਰੰਮਤ ਦਾ ਕੰਮ ਕਰ ਰਹੇ ਇਕ ਨੌਜਵਾਨ ਦੀ ਉਸ ’ਤੇ ਹਾਈਡਰਾ ਜੇ.ਸੀ.ਬੀ ਮਸ਼ੀਨ ਚੜ੍ਹਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਦਰ ਧੂਰੀ ਅਧੀਨ ਪੈਂਦੀ ਪੁਲਸ ਚੌਕੀ ਭਲਵਾਨ ਦੇ ਇੰਚਾਰਜ ਗੁਰਮੇਲ ਸਿੰਘ ਭੁੱਲਰ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਸੰਜੀਵ ਕੁਮਾਰ ਵਾਸੀ ਧਰਮਪੁਰਾ ਮੁਹੱਲਾ, ਧੂਰੀ ਵੱਲੋਂ ਪੁਲਸ ਨੂੰ ਦਰਜ ਕਰਵਾਏ ਬਿਆਨਾਂ ਅਨੁਸਾਰ ਉਹ ਅਤੇ ਜਤਿੰਦਰ ਕੁਮਾਰ ਉਰਫ ਕਾਲਾ (45) ਵਾਸੀ ਧੂਰੀ ਪਿੰਡ, ਕੇਬਲ ਦਾ ਕੰਮ ਕਰਦੇ ਸਨ। ਲੰਘੇ ਦਿਨ ਧੂਰੀ-ਮਾਨਵਾਲਾ ਰੋਡ ’ਤੇ ਕੇਬਲ ਖਰਾਬ ਹੋਣ ਸਬੰਧੀ ਮਿਲੀ ਇਕ ਸ਼ਿਕਾਇਤ ਤੋਂ ਬਾਅਦ ਉਹ ਦੋਵੇਂ ਕੇਬਲ ਦੀ ਮੁਰੰਮਤ ਕਰਨ ਲਈ ਗਏ ਸੀ।

ਇਸ ਰੋਡ ’ਤੇ ਕੇਬਲ ਦੀ ਇਕ ਤਾਰ ਟੁੱਟੀ ਹੋਈ ਸੀ ਅਤੇ ਜਦੋਂ ਉਹ ਸੜਕ ਕੰਢੇ ਬੈਠੇ ਤਾਰ ਦੀ ਮੁਰੰਮਤ ਕਰ ਰਹੇ ਸੀ ਤਾਂ ਇਕ ਤੇਜ ਰਫਤਾਰ ਨਾਲ ਆਈ ਹਾਈਡਰਾ ਜੇ. ਸੀ. ਬੀ. ਮਸ਼ੀਨ ਜਤਿੰਦਰ ਕੁਮਾਰ ਉਰਫ ਕਾਲਾ ’ਤੇ ਚੜ੍ਹ ਗਈ ਅਤੇ ਸੰਜੀਵ ਕੁਮਾਰ ਨੇ ਮੁਸ਼ਤੈਦੀ ਵਰਤਦਿਆਂ ਆਪਣੀ ਜਾਨ ਬਚਾਈ। ਇਸ ਤੋਂ ਬਾਅਦ ਜ਼ਖਮੀ ਹਾਲਤ ’ਚ ਜਤਿੰਦਰ ਨੂੰ ਇਲਾਜ ਲਈ ਧੂਰੀ ਦੇ ਸਰਕਾਰੀ ਹਸਪਤਾਲ ਵਿਖੇ ਲੈ ਜਾਇਆ ਗਿਆ, ਜਿੱਥੇ ਮੌਜੂਦ ਡਾਕਟਰਾਂ ਦੀ ਟੀਮ ਵੱਲੋਂ ਉਸ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਪਟਿਆਲਾ ਰੈਫਰ ਕਰ ਦਿੱਤਾ ਗਿਆ, ਉੱਥੇ ਉਸਦੀ ਮੌਤ ਹੋ ਗਈ।

ਉਨ੍ਹਾਂ ਦੱਸਿਆ ਕਿ ਉਕਤ ਬਿਆਨਾਂ ਦੇ ਆਧਾਰ ’ਤੇ ਹਾਈਡਰਾ ਚਾਲਕ ਜਤਿੰਦਰ ਸਿੰਘ ਵਾਸੀ ਧੂਰੀ ਖ਼ਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਪੋਸਟਮਾਰਟਮ ਉਪਰੰਤ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਦੀ ਪਤਨੀ ਦਾ ਪਿਛਲੇ ਸਮੇਂ ਦੌਰਾਨ ਦਿਹਾਂਤ ਹੋ ਗਿਆ ਸੀ ਅਤੇ ਮ੍ਰਿਤਕ ਆਪਣੇ ਪਿੱਛੇ 10 ਸਾਲਾ ਬੇਟਾ ਛੱਡ ਗਿਆ ਹੈ।


Gurminder Singh

Content Editor

Related News