ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਕੋਰੋਨਾ ਯੋਧਿਆ ਪੁਲਸ, ਸਿਹਤ ਅਤੇ ਸਫਾਈ ਕਰਮਚਾਰੀਆਂ ਨੂੰ ਕੀਤਾ ਸਨਮਾਨਤ
Monday, May 18, 2020 - 02:35 PM (IST)
ਭਵਾਨੀਗੜ੍ਹ (ਕਾਂਸਲ) — ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੀ ਮਹਾਂਮਾਰੀ ਦੌਰਾਨ ਆਪਣੀ ਜਾਨ ਜੌਖ਼ਮ ਵਿਚ ਪਾ ਕੇ ਦਿਨ ਰਾਤ ਡਿਊਟੀ ਕਰਨ ਵਾਲੇ ਕੋਰੋਨਾ ਯੋਧਿਆ ਨੂੰ ਸਨਮਾਨਿਤ ਕਰਨ ਲਈ ਚਲਾਈ ਮੁਹਿੰਮ ਤਹਿਤ ਅੱਜ ਸਥਾਨਕ ਗੁਰੂ ਤੇਗ ਬਹਾਦਰ ਸਟੇਡੀਅਮ ਵਿਖੇ ਰੱਖੇ ਇਕ ਸਮਾਰੋਹ ਦੌਰਾਨ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਵੱਲੋਂ ਸਥਾਨਕ ਸ਼ਹਿਰ ਦੇ ਪੁਲਿਸ ਕਰਮਚਾਰੀਆਂ, ਸਫਾਈ ਸੇਵਕਾਂ ਅਤੇ ਸਿਹਤ ਕਰਮਚਾਰੀਆਂ ਨੂੰ ਖਾਣ-ਪੀਣ ਵਾਲੇ ਸਮਾਨ ਦੀਆਂ ਲਗਜ਼ਰੀ ਕਿੱਟਾਂ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਆਪਣੇ ਸੰਬੋਧਨ ਵਿਚ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ਦਾ ਸਭ ਨੇ ਪਾਲਣ ਕੀਤਾ ਹੈ। ਇਸ ਲਈ ਅਸੀ ਆਪਣੇ ਸੂਬੇ ਨੂੰ ਕੋਰੋਨਾ ਦੀ ਇਸ ਮਹਾਂਮਾਰੀ ਤੋਂ ਬਚਾਅ ਸਕੇ ਹਾਂ। ਉਨ੍ਹਾਂ ਕਿਹਾ ਪੁਲਸ, ਸਿਹਤ ਕਰਮਚਾਰੀਆਂ, ਸਫਾਈ ਸੇਵਕਾਂ ਅਤੇ ਮੀਡੀਆ ਦੇ ਨਾਲ-ਨਾਲ ਹੋਰ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਦੇ ਕੋਰੋਨਾ ਵਲੰਟੀਅਰਜ਼ ਸਭ ਨੇ ਮਿਲ ਕੇ ਕੋਰੋਨਾ ਮਹਾਂਮਾਰੀ ਦੀ ਇਸ ਜੰਗ ਵਿਰੁੱਧ ਲੜਾਈ ਵਿਚ ਕੋਰੋਨਾ ਦਾ ਲੱਕ ਤੋੜਣ ਲਈ ਆਪਣੀਆਂ ਪਰਿਵਾਰਕ ਜਿੰਮੇਵਾਰੀਆਂ ਤੋਂ ਉਪਰ ਉਠ ਕੇ ਅਤੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਗੈਰ ਦਿਨ ਰਾਤ ਮਿਹਨਤ ਕਰਕੇ, ਕੰਮ ਕਰਕੇ ਸਰਕਾਰ ਦਾ ਸ਼ਹਿਯੋਗ ਦਿੱਤਾ ਹੈ। ਉਸ ਲਈ ਅਸੀਂ ਇਨ੍ਹਾਂ ਸਾਰਿਆਂ ਨੂੰ ਸਲਿਊਟ ਕਰਦੇ ਹਾਂ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਅਸੀਂ ਸਭ ਨੇ ਰਲ ਕੇ ਕੰਮ ਕੀਤਾ ਉਸੇ ਤਰ੍ਹਾਂ ਅੱਗੇ ਵੀ ਕੋਰੋਨਾ ਮਹਾਮਾਰੀ ਦੇ ਵਿਰੁੱਧ ਇਸੇ ਤਰ੍ਹਾਂ ਇਕਮੁੱਠ ਹੋ ਕੇ ਕੰਮ ਕਰਦੇ ਰਹਿਣਾ ਹੈ। ਇਸ ਮੌਕੇ ਐਸ.ਡੀ.ਐਮ ਅੰਕੂਰ ਮਹਿੰਦਰੂ, ਡੀ.ਐਸ.ਪੀ ਗੌਬਿੰਦਰ ਸਿੰਘ, ਗੁਰਲੀਨ ਕੌਰ ਤਹਿਸੀਲਦਾਰ ਭਵਾਨੀਗੜ੍ਹ, ਥਾਣਾ ਮੁਖੀ ਸਬ ਇੰਸਪੈਕਟਰ ਰਮਨਦੀਪ ਸਿੰਘ, ਰਕੇਸ਼ ਕੁਮਾਰ ਕਾਰਜ ਸਾਧਕ ਅਫ਼ਸਰ, ਡਾਕਟਰ ਪ੍ਰਵੀਨ ਗਰਗ ਐਸ.ਐਮ.ਓ ਭਵਾਨੀਗੜ੍ਹ, ਸੁਖਮਹਿੰਦਰ ਪਾਲ ਸਿੰਘ ਤੂਰ, ਕਪਿਲਦੇਵ ਗਰਗ ਡਾਇਰੈਕਟਰ ਪੀ.ਆਰ.ਟੀ.ਸੀ, ਵਰਿੰਦਰ ਪੰਨਵਾ ਚੇਅਰਮੈਨ ਬਲਾਕ ਸੰਮਤੀ, ਪ੍ਰਦੀਪ ਕੱਦ ਅਤੇ ਹਰੀ ਸਿੰਘ ਫੱਗੂਵਾਲਾ ਚੇਅਰਮੈਨ ਤੇ ਉਪ ਚੇਅਰਮੈਨ ਮਾਰਕਿਟ ਕਮੇਟੀ, ਵਿਪਨ ਕੁਮਾਰ ਸ਼ਰਮਾਂ, ਜਗਤਾਰ ਸ਼ਰਮਾਂ ਨਿੱਜੀ ਸਹਾਇਕ, ਫਕੀਰ ਚੰਦ ਸਿੰਗਲਾ ਸਮੇਤ ਕਈ ਹੋਰ ਪ੍ਰਸਾਸ਼ਨ ਦੇ ਅਧਿਕਾਰੀ ਅਤੇ ਕਾਂਗਰਸੀ ਆਗੂ ਮੌਜੂਦ ਸਨ।