ਮੁਕਤਸਰ : ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਅਕਾਲੀ ਦਲ ਨੇ ਦਿੱਤਾ ਧਰਨਾ, ਵੱਡੀ ਗਿਣਤੀ ''ਚ ਪੁੱਜੇ ਆਗੂ ਤੇ ਵਰਕਰ
Monday, Jun 12, 2017 - 02:44 PM (IST)
ਮੁਕਤਸਰ (ਤਰਸੇਮ ਢੁੱਡੀ) — ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਮਾਮਲੇ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਵਲੋਂ ਸੂਬਾ ਪੱਧਰ 'ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜਥੇਦਾਰ ਦਿਆਲ ਸਿੰਘ ਕੋਲਿਆਵਾਲੀ ਦੀ ਅਗਵਾਈ ਹੇਠ ਇਸ ਧਰਨੇ ਦੌਰਾਨ ਵੱਡੀ ਗਿਣਤੀ 'ਚ ਵਰਕਰਾਂ ਨੇ ਸ਼ਮੂਲਿਅਤ ਕੀਤੀ ਹੈ।
ਬੀਤੇ ਦਿਨੀਂ ਹੋਏ ਰੇਤ ਦੇ ਖੱਡਾਂ ਦੀ ਨਿਲਾਮੀ ਦੌਰਾਨ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਕਰੀਬੀਆਂ ਦੀਆਂ ਇਨ੍ਹਾਂ ਖਦਾਨਾਂ 'ਚ ਹਿੱਸੇਦਾਰੀ ਸਾਹਮਣੇ ਆਉਣ 'ਤੇ ਰਾਣਾ ਗੁਰਜੀਤ ਸਿੰਘ ਵਿਰੁੱਧ ਕਾਰਵਾਈ ਕਰਨ ਦੀ ਮੰਗ ਕਰਦਿਆਂ ਸੋਮਵਾਰ ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਭਰ 'ਚ ਲਗਾਏ ਗਏ ਧਰਨਿਆਂ ਦੀ ਲੜੀ ਦੇ ਤਹਿਤ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਰੋਸ ਪ੍ਰਦਰਸ਼ਨ ਕਰ ਧਰਨਾ ਦਿੱਤਾ ਗਿਆ। ਇਸ ਧਰਨੇ ਦੌਰਾਨ ਕਾਂਗਰਸ ਵਲੋਂ ਪੰਜਾਬ ਦੀ ਸੱਤਾ 'ਚ ਆਉਣ ਤੋਂ ਪਹਿਲਾਂ ਕੀਤੇ ਗਏ ਵਾਅਦਿਆਂ 'ਚੋਂ ਕਈ ਵਾਅਦੇ ਪੂਰਾ ਨਾ ਹੋਣ ਦੇ ਰੋਸ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਧਰਨੇ ਦੌਰਾਨ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਚਾਰੇ ਹਲਕਿਆਂ 'ਚ ਵੱਡੀ ਗਿਣਤੀ 'ਚ ਵਰਕਰ ਹਾਜ਼ਰ ਸਨ।
