ਅਕਾਲੀ ਵੀ ਕਹਿਣ ਲੱਗੇ ''ਬੱਲੇ ਓ ਸਿੱਧੂ ਸ਼ੇਰਾ''

Friday, Nov 30, 2018 - 09:06 AM (IST)

ਅਕਾਲੀ ਵੀ ਕਹਿਣ ਲੱਗੇ ''ਬੱਲੇ ਓ ਸਿੱਧੂ ਸ਼ੇਰਾ''

ਲੁਧਿਆਣਾ(ਮੁੱਲਾਂਪੁਰੀ)— ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅੱਜ-ਕੱਲ ਪਾਕਿਸਤਾਨ ਤੇ ਭਾਰਤ ਦੋਹਾਂ ਮੁਲਕਾਂ 'ਚ ਪੂਰੀ ਤਰ੍ਹਾਂ ਛਾਏ ਹੋਏ ਹਨ, ਕਿਉਂਕਿ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਦੀ ਕਾਰਵਾਈ ਦਾ ਸਾਰਾ ਸਿਹਰਾ ਸਿੱਧੂ ਨੂੰ ਜਾ ਰਿਹਾ ਹੈ। ਹੁਣ ਜਦੋਂ ਪਾਕਿ ਦੀ ਧਰਤੀ 'ਤੇ ਸਿੱਧੂ ਦੇ ਭਾਸ਼ਣ 'ਤੇ ਪਾਕਿ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਸਿੱਧੂ ਦੀਆਂ ਤਰੀਫਾਂ ਦੇ ਪੁਲ ਬੰਨ੍ਹਣ ਵਰਗੀ ਕਾਰਵਾਈ ਨੂੰ ਦੇਖ ਕੇ ਕਾਂਗਰਸ ਪਾਰਟੀ ਦੇ ਵਰਕਰ ਤਾਂ ਖੁਸ਼ ਹੋਣੇ ਸਨ ਪਰ ਹੁਣ ਤਾਂ ਅਕਾਲੀ ਦਲ 'ਚ ਬੈਠੇ ਅਕਾਲੀ ਨੇਤਾ ਤੇ ਵਰਕਰ ਵੀ ਆਖਣ ਲੱਗ ਪਏ ਹਨ ਕਿ 'ਬੱਲੇ ਓ ਸਿੱਧੂ ਸ਼ੇਰਾ' ਜੋ ਕੰਮ 70 ਸਾਲਾਂ 'ਚ ਸਿਆਸੀ ਨੇਤਾ ਨਹੀਂ ਕਰਵਾ ਸਕੇ ਤੂੰ 3 ਮਹੀਨਿਆਂ 'ਚ ਕਰ ਕੇ ਦਿਖਾ ਦਿੱਤਾ।

ਇਥੇ ਦੱਸਣਾ ਉਚਿਤ ਹੋਵੇਗਾ ਕਿ ਸਿੱਧੂ ਨੂੰ ਭਾਵੇਂ ਭਾਰਤ ਸਰਕਾਰ ਦੇ ਡੇਰਾ ਬਾਬਾ ਨਾਨਕ 'ਚ ਰੱਖੇ ਗਏ ਸਰਕਾਰੀ ਸਮਾਗਮ 'ਚ ਮਾਣ ਤੇ ਸਨਮਾਨ ਨਹੀਂ ਮਿਲਿਆ, ਜਿਸ 'ਤੇ ਉਨ੍ਹਾਂ ਕਿਹਾ ਕਿ ਕੀ ਹੋਇਆ ਜੇ ਮੇਰਾ ਪੱਤਿਆਂ 'ਤੇ ਨਾਂ ਨਹੀਂ, ਦਰੱਖਤ ਤਾਂ ਮੇਰੇ ਖੂਨ ਨੇ ਸਿੰਝਿਆ ਹੈ। ਇਹ ਸ਼ਬਦ ਵੀ ਭਾਵੁਕ ਕਰਨ ਵਾਲੇ ਸਨ। ਗੱਲ ਕੀ ਸਿੱਧੂ ਦੀ ਚਰਚਾ ਹੁਣ ਅਕਾਲੀ ਵੀ ਦੱਬੀ ਜ਼ੁਬਾਨ ਨਾਲ ਤੇ ਕਈ ਖੁੱਲ੍ਹੇ ਤੌਰ 'ਤੇ ਕਰਨ ਲੱਗ ਪਏ ਹਨ ਤੇ ਆਖਣ ਲੱਗ ਪਏ ਕਿ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਜੇਕਰ ਕੋਈ ਹੋਰ ਆਗੂ ਵੱਡਾ ਬਣਦਾ ਦਿਖਾਈ ਦੇ ਰਿਹਾ ਹੈ ਤਾਂ ਉਹ ਸਿੱਧੂ ਹੀ ਹੋਵੇਗਾ।


author

cherry

Content Editor

Related News