ਕੈਬਨਿਟ ਮੰਤਰੀ ਖੰਨਾ ਨੇ ਸੰਤ ਸੀਚੇਵਾਲ ਨੂੰ ਦਿਖਾਏ ਯੂ. ਪੀ. ਦੇ ਛੱਪੜ

02/07/2018 7:38:41 AM

ਕਾਲਾ ਸੰਘਿਆਂ, (ਨਿੱਝਰ)¸ ਸ਼ਾਹਜਹਾਨਪੁਰ ਇਲਾਕੇ ਦੇ 2 ਪਿੰਡਾਂ ਵਿਚ ਸੀਚੇਵਾਲ ਮਾਡਲ ਲਾਗੂ ਕੀਤੇ ਜਾਣ ਨਾਲ ਯੂ. ਪੀ. 'ਚ ਗੰਦੇ ਪਾਣੀਆਂ ਤੋਂ ਨਿਜਾਤ ਪਾਉਣ ਦੀ ਮੁਹਿੰਮ ਸ਼ੁਰੂ ਹੋਵੇਗੀ। ਯੂ. ਪੀ. ਦੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਸੁਰੇਸ਼ ਚੰਦਰ ਖੰਨਾ ਨੇ ਵਾਤਾਵਰਣ-ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਆਪਣੇ ਵਿਧਾਨ ਸਭਾ ਹਲਕੇ ਸ਼ਾਹਜਹਾਨਪੁਰ ਦੇ 2 ਪਿੰਡਾਂ ਦਿਨੌਰ ਅਤੇ ਪੈਨਾ ਬਜ਼ੁਰਗਾਂ ਦੇ ਛੱਪੜ ਦਿਖਾਏ। ਇਨ੍ਹਾਂ ਦਾ ਪਾਣੀ ਸੀਚੇਵਾਲ ਮਾਡਲ ਦੀ ਤਰਜ਼ 'ਤੇ ਖੇਤੀ ਨੂੰ ਲਗਦਾ ਕਰਨ ਦੀ ਅਪੀਲ ਕੀਤੀ ਸੀ। ਸ੍ਰੀ ਸੁਰੇਸ਼ ਖੰਨਾ ਦੀ ਇਸ ਅਪੀਲ ਨੂੰ ਖਿੜੇ ਮੱਥੇ ਪ੍ਰਵਾਨ ਕਰਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਉਹ ਇਸ ਕਾਰਜ ਨੂੰ ਕਰਨ ਲਈ ਸਦਾ ਤਿਆਰ ਰਹਿੰਦੇ ਹਨ।
ਪਿੰਡ ਪੈਨਾ ਬਜ਼ੁਰਗਾਂ 'ਚ ਹੋਏ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਯੂ. ਪੀ. ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਸੁਰੇਸ਼ ਖੰਨਾ ਨੇ ਕਿਹਾ ਕਿ ਉਨ੍ਹਾਂ ਆਪਣੇ ਹਲਕੇ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਗੰਦੇ ਪਾਣੀਆਂ ਦੇ ਨਿਕਾਸ ਲਈ ਗੋਆ, ਜਬਲਪੁਰ, ਨਰੇਲਾ ਤੇ ਚੇੱਨਈ ਦੇ ਪ੍ਰਾਜੈਕਟ ਦੇਖੇ ਸਨ। ਇਥੇ ਠੋਸ ਕੂੜਾ ਤੇ ਗੰਦੇ ਪਾਣੀਆਂ ਨੂੰ ਸੋਧਣ ਲਈ ਵੱਡੀ ਮਸ਼ੀਨਰੀ ਲਾ ਕੇ ਉਨ੍ਹਾਂ ਨੂੰ ਸਾਫ ਕੀਤਾ ਜਾ ਰਿਹਾ ਸੀ। ਇਨ੍ਹਾਂ ਪ੍ਰਾਜੈਕਟਾਂ ਵਿਚੋਂ ਕੋਈ 100 ਕਰੋੜ ਦਾ ਸੀ, ਕੋਈ 600 ਕਰੋੜ ਦਾ ਸੀ। ਇਸ ਦੇ ਬਾਵਜੂਦ ਇਹ ਸਹੀ ਨਤੀਜੇ ਨਹੀਂ ਦੇ ਰਹੇ ਸਨ। 
ਉਨ੍ਹਾਂ ਦੱਸਿਆ ਕਿ ਇਸੇ ਸਾਲ 22 ਜਨਵਰੀ ਨੂੰ ਉਨ੍ਹਾਂ ਨੇ ਸੀਚੇਵਾਲ ਤੇ ਸੁਲਤਾਨਪੁਰ ਲੋਧੀ ਦਾ ਦੌਰਾ ਕਰ ਕੇ ਸੰਤ ਸੀਚੇਵਾਲ ਵੱਲੋਂ ਤਿਆਰ ਕੀਤੇ ਮਾਡਲ ਨੂੰ ਦੇਖਿਆ ਸੀ। ਇਸ ਰਾਹੀਂ ਪਿੰਡ ਦੇ ਪਾਣੀ ਨੂੰ ਸੋਧ ਕੇ ਖੇਤੀ ਨੂੰ ਲਾਇਆ ਜਾ ਰਿਹਾ ਸੀ। ਪਿੰਡ ਦੇ ਕੂੜੇ ਨੂੰ ਸੰਭਾਲਣ ਲਈ ਦੇਸੀ ਤਕਨੀਕ ਵਾਲੀ ਮਸ਼ੀਨ ਤਿਆਰ ਕੀਤੀ ਹੋਈ ਸੀ। ਇਹ ਦੋਵੇਂ ਪ੍ਰਾਜੈਕਟ ਜਿਥੇ ਸਭ ਤੋਂ ਸਸਤੇ ਹਨ, ਉਥੇ ਇਨ੍ਹਾਂ ਨੂੰ ਚਲਾਉਣਾ ਬੜਾ ਸੌਖਾ ਹੈ। ਇਸ ਕਰ ਕੇ ਉਨ੍ਹਾਂ ਨੇ ਸੰਤ ਸੀਚੇਵਾਲ ਜੀ ਨੂੰ ਯੂ. ਪੀ. ਦੇ ਪਿੰਡ ਦੇਖਣ ਲਈ ਸੱਦਿਆ ਸੀ। 
ਸੰਤ ਸੀਚੇਵਾਲ ਨੇ ਲੋਕਾਂ ਨੂੰ ਮੁਖਾਤਬ ਹੁੰਦਿਆਂ ਕਿਹਾ ਕਿ ਜਿਵੇਂ ਦੇਸ਼ ਦੇ ਲੋਕ ਪਹਿਲਾਂ ਤੋਂ ਰਵਾਇਤੀ ਢੰਗਾਂ ਨਾਲ ਖੇਤੀ ਕਰਦੇ ਸਨ, ਇਹ ਮਾਡਲ ਉਸੇ ਆਧਾਰ 'ਤੇ ਬਣਾਏ ਗਏ ਹਨ। ਪਿੰਡਾਂ ਦੇ ਪਾਣੀਆਂ ਵਿਚ ਬਹੁਤੇ ਜ਼ਹਿਰੀਲੇ ਤੱਤ ਨਹੀਂ ਹੁੰਦੇ। ਪਿੰਡ ਦੇ ਪਾਣੀ ਨੂੰ ਕੁਦਰਤੀ ਔਰਬਿਕ ਪ੍ਰਕਿਰਿਆ ਰਾਹੀਂ ਸਾਫ ਕਰ ਕੇ ਖੇਤੀ ਲਈ ਵਰਤੋਂ ਦੇ ਯੋਗ ਬਣਾਇਆ ਜਾਂਦਾ ਹੈ। ਇਹ ਸੋਧਿਆ ਹੋਇਆ ਪਾਣੀ ਖਾਦ ਦਾ ਕੰਮ ਕਰਦਾ ਹੈ। ਉਨ੍ਹਾਂ ਯੂ. ਪੀ. ਦੇ ਮੰਤਰੀ ਸਮੇਤ ਉਥੇ ਰਹਿੰਦੇ ਪੰਜਾਬੀਆਂ ਨੂੰ ਸਾਲ 2019 ਵਿਚ ਆ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ। 
ਇਸ ਮੌਕੇ ਡਿਪਟੀ ਕਮਿਸ਼ਨਰ ਅੰਮ੍ਰਿਤ ਤ੍ਰਿਪਾਠੀ, ਸਾਬਕਾ ਡੀ. ਜੀ. ਪੀ. ਆਰ. ਐੱਨ. ਸਿੰਘ, ਐੱਸ. ਡੀ. ਐੱਮ. ਤੇ ਬੀ. ਡੀ. ਪੀ. ਓ., ਪਿੰਡਾਂ ਦੇ ਪੰਚਾਂ-ਸਰਪੰਚਾਂ ਸਮੇਤ ਹੋਰ ਅਧਿਕਾਰੀ ਅਤੇ ਆਗੂ ਹਾਜ਼ਰ ਸਨ।


Related News