ਕੈਬਟਿਨ ਮੰਤਰੀ ਵਲੋਂ ਮਹਿਲਾ ਆਈ. ਏ. ਐੱਸ. ਅਧਿਕਾਰੀ ਨੂੰ ਮੈਸੇਜ ਭੇਜਣ ਦਾ ਮਾਮਲਾ, ਗਰਮਾਈ ਸਿਆਸਤ

10/25/2018 1:07:28 PM

ਚੰਡੀਗੜ੍ਹ(ਰਮਨਜੀਤ)— ਪੰਜਾਬ ਮੰਤਰੀ ਮੰਡਲ ਦੇ ਇਕ ਮੈਂਬਰ ਖਿਲਾਫ ਮਹਿਲਾ ਆਈ. ਏ. ਐੱਸ. ਅਧਿਕਾਰੀ ਵਲੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨ ਤੇ ਦੇਰ ਰਾਤ ਇਤਰਾਜ਼ਯੋਗ ਸੰਦੇਸ਼ ਭੇਜਣ ਦੇ ਦੋਸ਼ ਲਾਏ ਜਾਣ ਤੋਂ ਬਾਅਦ ਪੰਜਾਬ ਦੀ ਰਾਜਨੀਤੀ 'ਚ ਜਿਵੇਂ ਉਬਾਲ ਆ ਗਿਆ ਹੈ। ਮੰਤਰੀ ਅਹੁਦਾ ਖਾਲੀ ਹੁੰਦਾ ਵੇਖ ਇਕ ਪਾਸੇ ਕਾਂਗਰਸ ਪਾਰਟੀ 'ਚ ਹਲਚਲ ਵਧ ਗਈ ਹੈ, ਉਥੇ ਹੀ, ਦੂਜੇ ਪਾਸੇ ਵਿਰੋਧੀ ਪਾਰਟੀਆਂ ਨੂੰ ਵੀ ਕੈਪਟਨ ਸਰਕਾਰ ਖਿਲਾਫ ਨਵਾਂ ਮੁੱਦਾ ਹੱਥ ਲੱਗ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੇ ਕੈਪਟਨ ਸਰਕਾਰ 'ਤੇ ਤਿੱਖਾ ਹਮਲਾ ਕੀਤਾ ਹੈ ਤੇ 'ਮੀ-ਟੂ' ਕੈਂਪੇਨ ਦਾ ਹਵਾਲਾ ਦਿੰਦੇ ਹੋਏ ਦੋਗਲੇਪਨ ਦਾ ਦੋਸ਼ ਲਗਾਇਆ ਹੈ।

ਕੈਪਟਨ ਆਪਣੇ ਸਾਥੀ ਦਾ ਨਾਂ ਜਨਤਕ ਕਰਨ:- ਬਾਦਲ
ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਆਪਣੇ ਉਸ ਕੈਬਨਿਟ ਸਾਥੀ ਦਾ ਨਾਂ ਜਨਤਕ ਕਰਨ, ਜਿਸ ਨੇ ਇਕ ਮਹਿਲਾ ਆਈ. ਏ. ਐੱਸ. ਅਧਿਕਾਰੀ ਨੂੰ ਇਤਰਾਜ਼ਯੋਗ ਸੰਦੇਸ਼ ਭੇਜ ਕੇ ਉਸ ਨਾਲ ਛੇੜਛਾੜ ਕੀਤੀ ਸੀ ਤੇ ਪੁੱਛਿਆ ਹੈ ਕਿ ਉਹ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੋਸ਼ੀ ਮੰਤਰੀ ਖਿਲਾਫ ਕਾਰਵਾਈ ਕਰਨ ਤੋਂ ਝਿਜਕ ਕਿਉਂ ਰਹੇ ਹਨ? ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮਹਿਲਾ ਆਈ. ਏ. ਐੱਸ. ਅਧਿਕਾਰੀ ਨੂੰ ਇਤਰਾਜ਼ਯੋਗ ਸੰਦੇਸ਼ ਭੇਜਣ ਵਾਲੇ ਕੈਬਨਿਟ ਮੰਤਰੀ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਤੇ ਇਸ ਨੂੰ ਰਫਾ-ਦਫਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਤੁਰੰਤ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਦੋਸ਼ੀ ਮੰਤਰੀ ਕੌਣ ਹੈ ਅਤੇ ਉਸਦੀ ਇਸ ਘਟੀਆ ਹਰਕਤ ਲਈ ਉਸ ਨੂੰ ਕੈਬਨਿਟ ਤੋਂ ਬਾਹਰ ਕਰਨਾ ਚਾਹੀਦਾ ਹੈ। ਬਾਦਲ ਨੇ ਕਿਹਾ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਰਾਹੁਲ ਗਾਂਧੀ, ਜਿਨ੍ਹਾਂ ਨੂੰ ਇਸ ਮਸਲੇ ਤੋਂ ਜਾਣੂ ਕਰਾਇਆ ਜਾ ਚੁੱਕਿਆ ਹੈ, ਵੀ ਪਿਛਲੇ ਇਕ ਮਹੀਨੇ ਤੋਂ ਇਸ ਮੁੱਦੇ 'ਤੇ ਚੁੱਪੀ ਧਾਰੇ ਬੈਠੇ ਹਨ। ਬਾਦਲ ਨੇ ਕਿਹਾ ਕਿ ਇਸ ਘਟਨਾ ਨੇ ਕਾਂਗਰਸ ਪਾਰਟੀ ਅਤੇ ਰਾਹੁਲ ਗਾਂਧੀ ਦੇ ਦੋਗਲੇ ਚਿਹਰੇ ਦਾ ਵੀ ਪਰਦਾਫਾਸ਼ ਕਰ ਦਿੱਤਾ ਹੈ।

ਜਨਤਾ ਆਪੇ ਹੀ ਕੁਰਸੀ ਤੋਂ ਲਾਹ ਦੇਵੇਗੀ :- ਖਹਿਰਾ ਤੇ ਸੰਧੂ
ਸੁਖਪਾਲ ਸਿੰਘ ਖਹਿਰਾ ਤੇ ਕੰਵਰ ਸੰਧੂ ਨੇ ਕਿਹਾ ਕਿ ਇਹ ਬਹੁਤ ਹੀ ਗੰਭੀਰ ਮਾਮਲਾ ਹੈ ਅਤੇ ਕੋਈ ਵੀ ਗੈਰਤਮੰਦ ਪੰਜਾਬੀ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰੇਗਾ ਕਿ ਕੋਈ ਮੰਤਰੀ ਆਪਣੇ ਰਸੂਖ ਦਾ ਇਸਤੇਮਾਲ ਕਰਕੇ ਕਿਸੇ ਮਹਿਲਾ ਦਾ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕਰੇ। ਉਨ੍ਹਾਂ ਕਿਹਾ ਕਿ ਮਾਮਲੇ ਦੀ ਤਤਕਾਲ ਜਾਂਚ ਹੋਣੀ ਚਾਹੀਦੀ ਹੈ ਤੇ ਨਾਲ ਹੀ ਉਕਤ ਮੰਤਰੀ ਨੂੰ ਆਪਣੀ ਗਲਤੀ ਮੰਨਦਿਆਂ ਤਤਕਾਲ ਮੰਤਰੀ  ਦਾ  ਅਹੁਦਾ ਛੱਡ ਦੇਣਾ ਚਾਹੀਦਾ ਹੈ, ਇਸ 'ਚ ਉਸ ਦੀ ਭਲਾਈ ਹੈ, ਨਹੀਂ ਤਾਂ ਪੰਜਾਬ ਦੀ ਗੈਰਤਮੰਦ ਜਨਤਾ ਉਸ ਨੂੰ ਖੁਦ ਕੁਰਸੀ ਤੋਂ ਖਿੱਚ ਕੇ ਉਤਾਰ ਦੇਵੇਗੀ।

ਕਾਂਗਰਸ 'ਚ ਮੰਤਰੀ ਬਣਨ ਦੇ ਚਾਹਵਾਨ ਖੁਸ਼:-
ਪਹਿਲਾਂ ਵੀ ਕੁੱਝ ਵਿਵਾਦਾਂ ਨੂੰ ਸੱਦਾ ਦੇਣ ਵਾਲੇ ਪੰਜਾਬ ਮੰਤਰੀ ਮੰਡਲ ਦੇ ਇਸ ਮੰਤਰੀ ਖਿਲਾਫ ਹਾਲਾਂਕਿ ਮਹਿਲਾ ਆਈ. ਏ. ਐੱਸ. ਅਧਿਕਾਰੀ ਵਲੋਂ ਸ਼ਿਕਾਇਤ ਤਾਂ ਕੁੱਝ ਸਮਾਂ ਪਹਿਲਾਂ ਕੀਤੀ ਗਈ ਸੀ ਪਰ ਉਸ ਦੇ ਹੁਣ ਸਾਫ਼ ਹੋਣ ਤੋਂ ਬਾਅਦ ਇਹ ਜੰਗਲ 'ਚ ਅੱਗ ਦੀ ਤਰ੍ਹਾਂ ਫੈਲ ਗਈ ਹੈ। ਕਾਂਗਰਸ ਤੇ ਸਰਕਾਰ ਦੇ ਅਹੁਦੇਦਾਰ ਹਾਲਾਂਕਿ ਇਸ 'ਤੇ ਚੁੱਪੀ ਸਾਧੇ ਬੈਠੇ ਹਨ ਪਰ ਇਹ ਸਪੱਸ਼ਟ ਵੇਖਿਆ ਜਾ ਰਿਹਾ ਹੈ ਕਿ ਇਸ ਮੰਤਰੀ ਦਾ ਅਹੁਦਾ ਛੁੱਟਣ ਦੀ ਕਾਮਨਾ ਕਾਂਗਰਸ ਦੇ ਹੀ ਕਈ ਵਿਧਾਇਕ ਕਰਨ ਲੱਗੇ ਹਨ। ਇਨ੍ਹਾਂ ਵਿਚ ਮੰਤਰੀ ਅਹੁਦੇ ਤੋਂ ਵਾਂਝੇ ਰਹਿ ਗਏ 'ਸਟਰਾਂਗ ਕਲੇਮੈਂਟਸ' ਸ਼ਾਮਲ ਹਨ ਕਿਉਂਕਿ ਮਾਮਲਾ ਕਾਂਗਰਸ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਤੱਕ ਵੀ ਪਹੁੰਚ ਚੁੱਕਿਆ ਹੈ  ਇਸ ਲਈ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਇਸਰਾਈਲ ਤੋਂ ਵਾਪਸ ਆਉਣ ਮਗਰੋਂ ਉਕਤ ਮੰਤਰੀ ਨੂੰ ਮੰਤਰੀ ਮੰਡਲ 'ਚੋਂ ਬਾਹਰ ਦਾ ਰਸਤਾ ਦਿਖਾਇਆ ਜਾ ਸਕਦਾ ਹੈ।

ਮੰਤਰੀ ਵਿਰੁੱਧ ਮਹਿਲਾ ਅਫਸਰ ਦੀ ਸ਼ਿਕਾਇਤ 'ਤੇ ਕਾਰਵਾਈ ਪਹਿਲਾਂ ਹੀ ਕੀਤੀ ਜਾ ਚੁੱਕੀ :- ਮੁੱਖ ਮੰਤਰੀ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਇਕ ਮੰਤਰੀ ਵੱਲੋਂ ਮਹਿਲਾ ਸਰਕਾਰੀ ਅਫ਼ਸਰ ਨੂੰ ਇਤਰਾਜ਼ਯੋਗ ਸੰਦੇਸ਼ ਭੇਜਣ ਸਬੰਧੀ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾ ਚੁੱਕਾ ਹੈ ਅਤੇ ਉਨ੍ਹਾਂ ਦੀ ਜਾਣਕਾਰੀ ਮੁਤਾਬਕ ਅਫ਼ਸਰ ਦੀ ਸੰਤੁਸ਼ਟੀ ਅਨੁਸਾਰ ਇਹ ਮਾਮਲਾ ਹੱਲ ਕੀਤਾ ਜਾ ਚੁੱਕਾ ਹੈ। ਮੁੱਖ ਮੰਤਰੀ ਨੇ ਇਸ ਘਟਨਾ ਬਾਰੇ ਮੀਡੀਆ ਰਿਪੋਰਟ ਦੇ ਸਬੰਧ ਵਿਚ ਕਿਹਾ ਕਿ ਇਹ ਮਾਮਲਾ ਕੁਝ ਹਫਤੇ ਪਹਿਲਾਂ ਮੇਰੇ ਧਿਆਨ ਵਿਚ ਲਿਆਂਦਾ ਗਿਆ ਸੀ ਅਤੇ ਮੈਂ ਮੰਤਰੀ ਨੂੰ ਮੁਆਫੀ ਮੰਗਣ ਅਤੇ ਮਹਿਲਾ ਅਫ਼ਸਰ ਨਾਲ ਇਸ ਮਾਮਲੇ ਨੂੰ ਨਿਪਟਾਉਣ ਲਈ ਆਖਿਆ ਸੀ। ਮੈਂ ਸਮਝਦਾ ਹਾਂ ਕਿ ਅਫਸਰ ਦੀ ਸੰਤੁਸ਼ਟੀ ਮੁਤਾਬਕ ਮੰਤਰੀ ਨੇ ਅਜਿਹਾ ਹੀ ਕੀਤਾ ਜਿਸ ਕਰਕੇ ਮਾਮਲਾ ਸੁਲਝ ਗਿਆ ਹੈ।


Related News