ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਘਰ ਅੱਗੇ ਲਗਾਇਆ ਬੋਰਡ ’ਚ ਬਣਿਆ ਚਰਚਾ ਦਾ ਵਿਸ਼ਾ
Saturday, Mar 19, 2022 - 04:52 PM (IST)
ਸ੍ਰੀ ਆਨੰਦਪੁਰ ਸਾਹਿਬ/ਸੰਗਰੂਰ (ਵਿਜੈ ਕੁਮਾਰ ਸਿੰਗਲਾ ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਹੁੰ ਚੁੱਕਣ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਭ੍ਰਿਸ਼ਟਾਚਾਰ ਤੋਂ ਮੁਕਤੀ ਦਿਵਾਉਣ ਲਈ 23 ਮਾਰਚ ਨੂੰ ਇਕ ਮੋਬਾਈਲ ਨੰਬਰ ਜਾਰੀ ਕਰਨ ਦਾ ਫ਼ੈਸਲਾ ਕਰਕੇ ਪੰਜਾਬ ਦੇ ਲੋਕਾਂ ਅੰਦਰ ਇੱਕ ਨਵੀਂ ਆਸ ਦੀ ਕਿਰਨ ਜਗਾਈ ਹੈ। ਸ੍ਰੀ ਆਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਨਵੇਂ ਬਣੇ ਵਿਧਾਇਕ ਹਰਜੋਤ ਸਿੰਘ ਬੈਂਸ ਵੱਲੋਂ ਇੱਕ ਵਿਲੱਖਣ ਕੰਮ ਦੀ ਸ਼ੁਰੂਆਤ ਕਰਦਿਆਂ ਆਪਣੇ ਘਰ ਦੇ ਗੇਟ ਅੱਗੇ ਇਕ ਫਲੈਕਸ ਬੋਰਡ ਲਗਾਇਆ ਗਿਆ ਹੈ ਜੋ ਇਸ ਸਮੇਂ ਪੰਜਾਬ ਭਰ ਵਿੱਚ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ : CM ਭਗਵੰਤ ਮਾਨ ਨੇ ਸਰਕਾਰੀ ਹਸਪਤਾਲਾਂ ਨੂੰ ਦਿੱਤੇ ਇਹ ਹੁਕਮ
ਜ਼ਿਕਰਯੋਗ ਹੈ ਕਿ ਅੱਜ ਪੰਜਾਬ ਕੈਬਨਿਟ ਵਿੱਚ ਹਰਜੋਤ ਸਿੰਘ ਬੈਂਸ ਵੱਲੋਂ ਬਤੌਰ ਪੰਜਾਬ ਦੇ ਕੈਬਨਿਟ ਮੰਤਰੀ ਸਹੁੰ ਚੁੱਕੀ ਗਈ ਹੈ। ਹਰਜੋਤ ਸਿੰਘ ਬੈਂਸ ਨੇ ਆਪਣੇ ਘਰ ਲਗਾਏ ਬੋਰਡ ਉਪਰ ਲਿਖਿਆ ਹੈ ਕਿ "ਤੁਹਾਡੇ ਆਪਣੇ ਪੁੱਤ' ਆਪਣੇ ਭਾਈ ਐੱਮ.ਐੱਲ.ਏ ਹਰਜੋਤ ਸਿੰਘ ਬੈਂਸ ਨੂੰ ਮਿਲਣ ਲਈ ਕਿਸੇ ਨੂੰ ਵੀ ਨਾਲ ਲੈ ਕੇ ਆਉਣ ਦੀ ਜ਼ਰੂਰਤ ਨਹੀਂ' ਤੁਸੀਂ ਮੈਨੂੰ ਸਿੱਧੇ ਮਿਲ ਸਕਦੇ ਹੋ "ਇਹ ਤੁਹਾਡਾ ਆਪਣਾ ਘਰ ਹੈ" ਬੇਨਤੀ ਕਰਤਾ ਹਰਜੋਤ ਸਿੰਘ ਬੈਂਸ ਐੱਮ.ਐੱਲ.ਏ. ਸ੍ਰੀ ਅਨੰਦਪੁਰ ਸਾਹਿਬ। ਹਰਜੋਤ ਸਿੰਘ ਬੈਂਸ ਨੇ ਇਸ ਤਰ੍ਹਾਂ ਬੋਰਡ ਲਗਾ ਕੇ ਪੰਜਾਬ ਦੇ ਲੋਕਾਂ ਨੂੰ ਇੱਕ ਨਵਾਂ ਸੁਨੇਹਾ ਦੇਣ ਦਾ ਯਤਨ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਵੱਲੋਂ ਇਸ ਆਸ ਅਤੇ ਉਮੀਦ ਨਾਲ ਚੁਣੀ ਕਿ ਉਹ ਪੰਜਾਬ ਦੇ ਵਿਧਾਇਕ ਅਤੇ ਕੈਬਨਿਟ ਮੰਤਰੀਆਂ ਨੂੰ ਮਿਲ ਸਕਣ।
ਇਹ ਵੀ ਪੜ੍ਹੋ : ਬਿਜਲੀ ਚੋਰੀ ਰੋਕਣ ਗਏ ਪਾਵਰਕਾਮ ਦੇ ਐੱਸ.ਡੀ.ਓ ਅਤੇ ਮੁਲਾਜ਼ਮਾਂ ਦੀ ਕੀਤੀ ਕੁੱਟਮਾਰ
ਸੋਸ਼ਲ ਮੀਡੀਆ ’ਤੇ ਗੱਲਬਾਤ ਕਰਦੇ ਹੋਏ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਹ ਬੋਰਡ ਉਨ੍ਹਾਂ ਇਸ ਕਰਕੇ ਲਗਾਇਆ ਸੀ ਕਿ ਜਦੋਂ ਉਹ ਵਿਧਾਨ ਸਭਾ ਹਲਕੇ ਵਿੱਚ ਵੋਟਰਾਂ ਨੂੰ ਮਿਲਣ ਜਾਂਦੇ ਸਨ ਤਾਂ ਹਲਕੇ ਦੇ ਵੋਟਰਾਂ ਦਾ ਇੱਕ ਸਵਾਲ ਸੀ ਕਿ ਜਿੱਤਣ ਤੋਂ ਬਾਅਦ ਵਿਧਾਇਕ ਜਾਂ ਕੈਬਨਿਟ ਮੰਤਰੀ ਨੂੰ ਮਿਲਣ ਲਈ ਕਿਸੇ ਨਾ ਕਿਸੇ ਵੱਡੇ ਲੀਡਰ ਨੂੰ ਨਾਲ ਲੈ ਕੇ ਜਾਣਾ ਪੈਂਦਾ ਹੈ , ਪਰ ਉਹ ਲੋਕਾਂ ਨਾਲ ਇਹ ਵਾਅਦਾ ਕਰਕੇ ਆਏ ਸਨ ਕਿ ਹਰਜੋਤ ਸਿੰਘ ਬੈਂਸ ਨੂੰ ਮਿਲਣ ਲਈ ਕਿਸੇ ਨੂੰ ਨਾਲ ਲੈ ਕੇ ਆਉਣ ਦੀ ਜ਼ਰੂਰਤ ਨਹੀਂ । ਹਲਕੇ ਦੇ ਲੋਕ ਹੀ ਨਹੀਂ ਪੰਜਾਬ ਦੇ ਲੋਕ ਜਦੋਂ ਚਾਹੁਣ ਉਨ੍ਹਾਂ ਨੂੰ ਮਿਲ ਸਕਦੇ ਹਨ ਕਿਉਂਕਿ ਪੰਜਾਬ ਅੰਦਰ ਹੁਣ ਆਮ ਲੋਕਾਂ ਦੀ ਸਰਕਾਰ ਤੇ ਆਮ ਲੋਕਾਂ ਦੇ ਚੁਣੇ ਹੋਏ ਮੰਤਰੀ ਤੇ ਵਿਧਾਇਕ ਹਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ