ਕੈਬਨਿਟ ਮੰਤਰੀ ਚੰਨੀ ਵੱਲੋਂ ਸਰਕਾਰੀ ਡਿਸਪੈਂਸਰੀ ਦਾ ਦੌਰਾ
Sunday, Mar 22, 2020 - 07:42 PM (IST)
ਮੋਰਿੰਡਾ, (ਅਰਨੌਲੀ)— ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸਰਕਾਰੀ ਡਿਸਪੈਂਸਰੀ ਦੁੱਮਣਾ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ 'ਕੋਰੋਨਾ ਵਾਇਰਸ' ਦੇ ਮੱਦੇਨਜ਼ਰ ਡਿਸਪੈਂਸਰੀ ਵਿਚ ਮੌਜੂਦ ਦਵਾਈਆਂ ਅਤੇ ਹੋਰ ਪ੍ਰਬੰਧਾਂ ਦਾ ਜਾਇਜ਼ਾ ਲਿਆ। ਡਾ. ਵਿਸ਼ਾਲ ਭਾਰਤੀ ਨੇ ਦੱਸਿਆ ਕਿ ਚੰਨੀ ਨੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 'ਕੋਰੋਨਾ ਵਾਇਰਸ' ਬਹੁਤ ਹੀ ਖਤਰਨਾਕ ਅਤੇ ਛੂਤ ਦੀ ਬੀਮਾਰੀ ਹੈ। ਇਸ ਤੋਂ ਬਚਣ ਲਈ ਸਾਨੂੰ ਸੁਚੇਤ ਅਤੇ ਜਾਗਰੂਕ ਹੋਣ ਦੀ ਜ਼ਰੂਰਤ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ 'ਕੋਰੋਨਾ ਵਾਇਰਸ' ਨੂੰ ਰੋਕਣ ਲਈ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ ਪਰ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਦਾ ਮੁਕਾਬਲਾ ਕਰਨ ਦੀ ਜ਼ਰੂਰਤ ਹੈ। ਹਲਕਾ ਸ੍ਰੀ ਚਮਕੌਰ ਸਾਹਿਬ ਵਿਚ ਇਸ ਵਾਇਰਸ ਦਾ ਕੋਈ ਮਰੀਜ਼ ਨਹੀਂ ਹੈ ਪਰ ਫਿਰ ਵੀ ਸਾਨੂੰ ਸੁਚੇਤ ਅਤੇ ਜਾਗਰੂਕ ਹੋਣ ਦੀ ਜ਼ਰੂਰਤ ਹੈ ਤਾਂ ਜੋ ਇਸ ਤੋਂ ਬਚਿਆ ਜਾ ਸਕੇ।
ਪਿੰਡ ਦੇ ਸਰਪੰਚ ਸੁਖਬੀਰ ਸਿੰਘ ਨੇ ਦੱਸਿਆ ਕਿ ਇਸ ਡਿਸਪੈਂਸਰੀ ਵਿਚ ਆਸ-ਪਾਸ ਦੇ ਅਨੇਕਾਂ ਪਿੰਡਾਂ ਦੇ ਲੋਕ ਦਵਾਈ ਲੈਣ ਲਈ ਆਉਂਦੇ ਹਨ। ਪਿੰਡ ਵਾਸੀਆਂ ਅਤੇ ਐੱਨ. ਆਰ. ਆਈ. ਭਰਾਵਾਂ ਵੱਲੋਂ ਇਸ ਡਿਸਪੈਂਸਰੀ ਵਿਚ ਇਕ ਆਧੁਨਿਕ ਲੈਬਾਰਟਰੀ ਚਲਾਈ ਜਾ ਰਹੀ ਹੈ, ਜਿੱਥੇ ਵੱਖ-ਵੱਖ ਤਰ੍ਹਾਂ ਦੇ ਟੈਸਟ ਬਹੁਤ ਘੱਟ ਰੇਟਾਂ 'ਚ ਕੀਤੇ ਜਾਂਦੇ ਹਨ। ਡਿਸਪੈਂਸਰੀ ਵਿਚ ਗ਼ਰੀਬ, ਬੇਸਹਾਰਾ ਅਤੇ ਪ੍ਰਵਾਸੀ ਮਜ਼ਦੂਰਾਂ ਦੇ ਟੈਸਟ ਮੁਫ਼ਤ ਕੀਤੇ ਜਾਂਦੇ ਹਨ।
ਚੰਨੀ ਨੇ ਡਿਸਪੈਂਸਰੀ ਦੀ ਇਮਾਰਤ ਦੀ ਮੁਰੰਮਤ ਲਈ 10 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਡਾ. ਭਾਰਤੀ ਨੇ ਦੱਸਿਆ ਕਿ ਲੈਬਾਰਟਰੀ ਵਿਚ ਈ. ਸੀ. ਜੀ. ਅਤੇ ਹੋਰ ਕਈ ਤਰ੍ਹਾਂ ਦੇ ਟੈਸਟ ਕਰਨ ਦੀ ਸਹੂਲਤ ਨੂੰ ਦਿੱਤੀ ਜਾ ਰਹੀ ਹੈ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਗੁਰਦਾਸ ਸਿੰਘ ਦੁੱਮਣਾ, ਸਰਪੰਚ ਸੁਖਬੀਰ ਸਿੰਘ, ਪੰਚਾਇਤ ਮੈਂਬਰ ਰਜਿੰਦਰ ਸਿੰਘ, ਮਲਾਗਰ ਸਿੰਘ ਅਤੇ ਮਨਜੀਤ ਸਿੰਘ ਫਾਰਮਾਸਿਸਟ ਹਾਜ਼ਰ ਸਨ।