ਅੰਮ੍ਰਿਤਪਾਲ ਸਿੰਘ 'ਤੇ ਕਾਰਵਾਈ ਨੂੰ ਲੈ ਕੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਵੱਡਾ ਬਿਆਨ
Saturday, Mar 04, 2023 - 06:39 PM (IST)
ਜਲੰਧਰ/ਚੰਡੀਗੜ੍ਹ (ਵੈੱਬ ਡੈਸਕ)- ਪੰਜਾਬ ਵਿਚ ਅੰਮ੍ਰਿਤਪਾਲ ਸਿੰਘ ਦਾ ਮੁੱਦਾ ਲਗਾਤਾਰ ਗਰਮਾਇਆ ਹੋਇਆ ਹੈ ਅਤੇ ਵਿਰੋਧੀਆਂ ਵੱਲੋਂ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਜਾ ਰਹੀ ਹੈ। ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਦੀ ਵਿਰੋਧੀਆਂ ਵੱਲੋਂ ਕੀਤੀ ਜਾ ਰਹੀ ਮੰਗ ਨੂੰ ਲੈ ਕੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੂਰੇ ਮਾਮਲੇ ਦੀ ਖ਼ੁਦ ਮੁੱਖ ਮੰਤਰੀ ਭਗਵੰਤ ਮਾਨ ਮੌਨੀਟਰਿੰਗ ਕਰ ਰਹੇ ਹਨ ਅਤੇ ਕਾਨੂੰਨ ਦੇ ਮੁਤਾਬਕ ਅੰਮ੍ਰਿਤਪਾਲ ਸਿੰਘ 'ਤੇ ਜਲਦ ਹੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪਲਾਂ 'ਚ ਪਿਆ ਚੀਕ-ਚਿਹਾੜਾ, ਗੇਟ ਤੋੜ ਕੇ ਘਰ 'ਚ ਵੜੀ ਗੱਡੀ ਨੇ 6 ਸਾਲਾ ਬੱਚੇ ਨੂੰ ਲਿਆ ਲਪੇਟ 'ਚ
ਨਿੱਜੀ ਚੈਨਲ ਨੂੰ ਦਿੱਤੀ ਗਈ ਇੰਟਰਵਿਊ ਦੌਰਾਨ ਅਮਨ ਅਰੋੜਾ ਨੇ ਪੰਜਾਬ ਵਿਚ ਗੈਂਗਸਟਰਾਂ ਨੂੰ ਲੈ ਕੇ ਪਿਛਲੀਆਂ ਸਰਕਾਰਾਂ 'ਤੇ ਤੰਜ ਕੱਸਦਿਆਂ ਕਿਹਾ ਕਿ ਗੈਂਗਸਟਰ ਪਿਛਲੀਆਂ ਸਰਕਾਰਾਂ ਦੀ ਦੇਣ ਹਨ ਅਤੇ ਅਸੀਂ ਤਾਂ ਇਹ ਮਸਲੇ ਹੱਲ ਕਰਨ ਲੱਗੇ ਹੋਏ ਹਾਂ। ਗੈਂਗਸਟਰਾਂ ਖ਼ਿਲਾਫ਼ ਕਾਰਵਾਈ ਕੀਤੀ ਹੈ। ਪੰਜਾਬ ਵਿਚ ਲਗਾਤਾਰ ਵਿਗੜਦੀ ਅਮਨ ਕਾਨੂੰਨ ਵਿਵਸਥਾ ਨੂੰ ਲੈ ਕੇ ਵਿਰੋਧੀਆਂ ਵੱਲੋਂ ਚੁੱਕੇ ਜਾ ਰਹੇ ਸਵਾਲਾਂ 'ਤੇ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਦੀ ਅਮਨ ਕਾਨੂੰਨ ਵਿਵਸਥਾ ਭਗਵੰਤ ਮਾਨ ਦੀ ਅਗਵਾਈ ਵਿਚ ਬੇਹੱਦ ਮਜ਼ਬੂਤ ਹੱਥਾਂ ਵਿਚ ਹੈ। ਪੰਜਾਬ ਵਿਚ ਸਾਡੀ ਭਾਈਚਾਰਕ ਸਾਂਝ ਲਈ ਕਿਸੇ ਨੂੰ ਵੀ ਅਮਨ ਸ਼ਾਂਤੀ ਨੂੰ ਲਾਂਬੂ ਲਾਉਣ ਦੀ ਕੋਸ਼ਿਸ਼ ਨਹੀਂ ਕਰਨ ਦਿੱਤੀ ਜਾਵੇਗੀ। ਪੰਜਾਬ ਸਰਕਾਰ ਅਤੇ ਪੰਜਾਬ ਪੁਲਸ ਬੇਹੱਦ ਮਜ਼ਬੂਤ ਹੈ।
ਉਥੇ ਹੀ ਵਿਰੋਧੀ ਧਿਰਾਂ ਨੂੰ ਬੇਨਤੀ ਕਰਦੇ ਹੋਏ ਅਮਨ ਅਰੋੜਾ ਨੇ ਕਿਹਾ ਕਿ ਵਿਰੋਧੀ ਧਿਰ ਗਲਤ ਬਿਆਨ ਬਾਜ਼ੀਆਂ ਕਰਕੇ ਪੰਜਾਬ ਵਿਚ ਅਮਨ ਸ਼ਾਂਤੀ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਨਾ ਕਰੇ। ਕੁਝ ਲੋਕਾਂ ਦੇ ਬੋਲਣ ਨਾਲ ਕੋਈ ਫਰਕ ਨਹੀਂ ਪੈਂਦਾ। ਚਾਰ ਬੰਦਿਆਂ ਦੇ ਬੋਲਣ ਨਾਲ ਖ਼ਾਲਿਸਤਾਨ ਨਹੀਂ ਬਣ ਜਾਂਦਾ। ਖ਼ਾਲਿਸਤਾਨ ਦੀਆਂ ਗੱਲਾਂ ਕਰਦੇ ਨੂੰ ਲੋਕਾਂ ਨੂੰ 40 ਸਾਲ ਹੋ ਗਏ ਹਨ ਨਾ ਤਾਂ ਕਦੇ ਖ਼ਾਲਿਸਤਾਨ ਬਣਿਆ ਹੈ ਅਤੇ ਨਾ ਹੀ ਕਦੇ ਬਣੇਗਾ। ਪੰਜਾਬ ਦੇਸ਼ ਦਾ ਇਕ ਬੇਸ਼ਕੀਮਤੀ ਹੀਰਾ ਹੈ ਅਤੇ ਬੇਸ਼ਕੀਮਤੀ ਹੀਰਾ ਹੀ ਰਹੇਗਾ। ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਵਾਲੇ ਮਾੜੇ ਮਨਸੂਬੇ ਨਾ ਕਦੇ ਕਾਮਯਾਬ ਹੋਏ ਸਨ ਅਤੇ ਨਾ ਹੀ ਹੋਣਗੇ।
ਇਹ ਵੀ ਪੜ੍ਹੋ : ਲੋਹੀਆਂ ਵਿਖੇ ਦਰਦਨਾਕ ਹਾਦਸੇ 'ਚ ਜਵਾਨ ਕੁੜੀ ਦੀ ਮੌਤ, ਮਾਪੇ ਬੋਲੇ, ਫਰਜ਼ੀ ਐਕਸੀਡੈਂਟ 'ਚ ਮੁੰਡੇ ਨੇ ਮਾਰੀ ਸਾਡੀ ਧੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।