ਕੈਬਨਿਟ ਮੰਤਰੀ ਧਰਮਸੋਤ ਨੇ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦਾ ਰੱਖਿਆ ਨੀਂਹ ਪੱਥਰ
Monday, Dec 16, 2019 - 01:37 PM (IST)

ਨਾਭਾ (ਜਗਨਾਰ, ਭੁੱਪਾ) - ਰਿਆਸਤੀ ਸ਼ਹਿਰ ਨਾਭਾ ’ਚ ਅੱਜ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਗਏ। ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਧਰਮਸੋਤ ਕਿਹਾ ਕਿ ਉਕਤ ਵਿਕਾਸ ਕਾਰਜਾਂ ਤੋਂ ਇਲਾਵਾ ਜੋ ਵਿਕਾਸ ਕਾਰਜ ਰਹਿੰਦੇ ਹਨ, ਉਨ੍ਹਾਂ ਨੂੰ ਜਲਦੀ ਨੇਪਰੇ ਚਾੜਿ੍ਆ ਜਾਵੇਗਾ। 17 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਵਾਟਰ ਟਰੀਟਮੈਂਟ ਪਲਾਂਟ ਦਾ ਕੰਮ ਦਸੰਬਰ ’ਚ ਚਾਲੂ ਹੋ ਜਾਵੇਗਾ, ਜਿਸ ਨਾਲ ਸ਼ਹਿਰ ’ਚ ਖੜ੍ਹਨ ਵਾਲੇ ਗੰਦੇ ਪਾਣੀ ਦੀ ਨਿਕਾਸੀ ਤੋਂ ਲੋਕਾਂ ਨੂੰ ਛੁਟਕਾਰਾ ਮਿਲੇਗਾ।
ਇਸ ਮੌਕੇ ਧਰਮਸੋਤ ਨੇ ਵਪਾਰ ਮੰਡਲ ਦੇ ਅਹੁਦੇਦਾਰਾਂ ਨੂੰ ਕਿਹਾ ਕਿ ਉਹ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨੂੰ ਕਿਸੇ ਕੀਮਤ ’ਤੇ ਸਹਿਣ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਦੁਕਾਨਦਾਰਾਂ ਵਲੋਂ ਜੋ ਦੁਕਾਨਾਂ ਦੇ ਬਾਹਰ ਸਾਮਾਨ ਰੱਖ ਕੇ ਕਬਜ਼ੇ ਕੀਤੇ ਗਏ ਹਨ, ਨੂੰ ਜਲਦੀ ਹਟਾਇਆ ਜਾਵੇਗਾ। ਜੇਕਰ ਕੋਈ ਦੁਕਾਨਦਾਰ ਨਹੀਂ ਹਟਾਉਂਦਾ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਨਗਰ ਕੌਂਸਲ ਪ੍ਰਧਾਨ ਰਜਨੀਸ਼ ਮਿੱਤਲ ਸੈਂਟੀ ਨੇ ਕਿਹਾ ਕਿ ਉਹ ਜਲਦੀ ਕੈਬਨਿਟ ਮੰਤਰੀ ਧਰਮਸੋਤ ਦੀਆਂ ਹਦਾਇਤਾਂ ਅਨੁਸਾਰ ਸ਼ਹਿਰ ਦੇ ਸੁੰਦਰੀਕਰਨ ਨੂੰ ਪਹਿਲ ਦੇ ਆਧਾਰ ’ਤੇ ਕਰਵਾਉਣ ਨੂੰ ਤਰਜੀਹ ਦੇਣਗੇ। ਇਸ ਮੌਕੇ ਸਮੁੱਚੇ ਕੌਂਸਲਰਾਂ ਵਲੋਂ ਕੈਬਨਿਟ ਮੰਤਰੀ ਧਰਮਸੋਤ ਦਾ ਸ਼ਹਿਰ ’ਚ ਵਿਕਾਸ ਕਾਰਜ ਕਰਵਾਉਣ ’ਤੇ ਸਨਮਾਨ ਕੀਤਾ ਗਿਆ । ਇਸ ਦੌਰਾਨ ਨਗਰ ਕੌਂਸਲ ਪ੍ਰਧਾਨ ਰਜਨੀਸ਼ ਮਿੱਤਲ ਸ਼ੈਂਟੀ, ਚੇਅਰਮੈਨ ਅਮਰਦੀਪ ਸਿੰਘ ਖੰਨਾ, ਸੀਨੀਅਰ ਕੌਂਸਲਰ ਨਰਿੰਦਰਜੀਤ ਸਿੰਘ ਭਾਟੀਆ ਆਦਿ ਕਾਂਗਰਸੀ ਵਰਕਰ ਮੌਜੂਦ ਸਨ।