ਕੈਬਨਿਟ ਮੰਤਰੀ ਦਾ ਵੱਡਾ ਬਿਆਨ, ਵਾਧੂ ਬਿਜਲੀ ਉਤਪਾਦਨ ਲਈ ਜੰਗੀ ਪੱਧਰ ''ਤੇ ਚੱਲ ਰਿਹੈ ਕੰਮ

Friday, Mar 17, 2023 - 06:16 PM (IST)

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਇਕ ਸਾਲ ਪੂਰਾ ਹੋਣ ’ਤੇ ਬਿਜਲੀ ਖੇਤਰ ਦੀਆਂ ਪ੍ਰਾਪਤੀਆਂ ਬਾਰੇ ਗੱਲ ਕਰਦਿਆਂ ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ 1 ਜੁਲਾਈ, 2022 ਤੋਂ ਸਾਰੇ ਘਰੇਲੂ ਖਪਤਕਾਰਾਂ ਨੂੰ 300 ਯੂਨਿਟ (600 ਯੂਨਿਟ ਪ੍ਰਤੀ ਬਿੱਲ) ਪ੍ਰਤੀ ਮਹੀਨਾ ਮੁਫ਼ਤ ਬਿਜਲੀ ਮੁਹੱਈਆ ਕਰਵਾਉਣ ਦੇ ਫੈਸਲੇ ਨਾਲ ਪਹਿਲੀ ਵਾਰ ਸੂਬੇ ਵਿਚ ਲਗਭਗ 90 ਫੀਸਦ ਘਰੇਲੂ ਖਪਤਕਾਰਾਂ ਦੇ ਬਿਜਲੀ ਬਿੱਲ ਜ਼ੀਰੋ ਆ ਰਹੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਬਿਜਲੀ ਉਤਪਾਦਨ ਵਧਾਉਣ ਲਈ ਯਤਨ ਕੀਤੇ ਜਾ ਰਹੇ ਹਨ। ਬਿਜਲੀ ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਨੇ 10 ਜੂਨ, 2022 ਤੋਂ ਖੇਤੀਬਾੜੀ ਟਿਊਬਵੈੱਲ ਕੁਨੈਕਸ਼ਨਾਂ ਲਈ ਲੋਡ ਵਿਚ ਵਾਧੇ ਨੂੰ ਨਿਯਮਤ ਕਰਨ ਲਈ ਪ੍ਰਤੀ ਬੀ.ਐੱਚ.ਪੀ. 4750 ਰੁਪਏ ਦੀ ਬਜਾਏ ਪ੍ਰਤੀ ਬੀ.ਐੱਚ.ਪੀ. 2500 ਰੁਪਏ ਦੀ ਰਿਆਇਤੀ ਦਰ ’ਤੇ ਸਵੈ-ਇੱਛਤ ਖੁਲਾਸਾ ਯੋਜਨਾ ਵੀ ਸ਼ੁਰੂ ਕੀਤੀ ਹੈ ਅਤੇ ਇਸ ਸਕੀਮ ਅਧੀਨ 1.96 ਲੱਖ ਕਿਸਾਨਾਂ ਨੇ ਆਪਣੀਆਂ ਮੋਟਰਾਂ ਦਾ ਤਕਰੀਬਨ 8 ਲੱਖ ਬੀ. ਐੱਚ. ਪੀ.  ਲੋਡ ਵਧਾ 180 ਕਰੋੜ ਰੁਪਏ ਬਚਾਏ ਹਨ। 

ਉਨ੍ਹਾਂ ਕਿਹਾ ਕਿ 2022 ਦੌਰਾਨ ਦੇਸ਼ ਵਿਆਪੀ ਕੋਲਾ ਸੰਕਟ ਦੇ ਬਾਵਜੂਦ ਪੰਜਾਬ ਨੇ 29 ਜੂਨ, 2022 ਨੂੰ ਆਪਣੀ ਹੁਣ ਤੱਕ ਦੀ ਸਭ ਤੋਂ ਵੱਡੀ 14,311 ਮੈਗਾਵਾਟ ਦੀ ਮੰਗ ਪੂਰੀ ਕੀਤੀ ਅਤੇ ਅਪ੍ਰੈਲ ਤੋਂ ਸਤੰਬਰ 2022 ਤੱਕ ਗਰਮੀਆਂ ਦੇ ਮੌਸਮ ਦੌਰਾਨ ਰਿਕਾਰਡ ਊਰਜਾ ਦੀ ਮੰਗ ਪੂਰੀ ਕੀਤੀ ਗਈ ਸੀ ਜੋ ਕਿ ਸਾਲ 2021 (38,204 ਐੱਮ. ਯੂਜ਼) ਵਿਚ ਇਸੇ ਮਿਆਦ ਦੌਰਾਨ ਪੂਰੀ ਕੀਤੀ ਮੰਗ ਦੇ ਮੁਕਾਬਲੇ ਸਾਲ 2022 (43,149 ਐੱਮ.ਯੂਜ਼) ਵਿਚ 13 ਫੀਸਦ ਵੱਧ ਬਣਦੀ ਹੈ।
ਬਿਜਲੀ ਮੰਤਰੀ ਨੇ ਅੱਗੇ ਕਿਹਾ ਕਿ ਚਾਲੂ ਵਿੱਤੀ ਸਾਲ ਅਪ੍ਰੈਲ, 2022 ਤੋਂ ਫਰਵਰੀ, 2023 ਦੌਰਾਨ ਬਿਜਲੀ ਦੀ ਸਾਰੀ ਮੰਗ ਪੂਰੀ ਹੋਈ ਜੋ ਪਿਛਲੇ ਸਾਲ ਦੀ ਇਸੇ ਮਿਆਦ (ਅਰਥਾਤ 57,765 ਐੱਮ.ਯੂ. ਦੇ ਮੁਕਾਬਲੇ 64,952 ਐੱਮ.ਯੂ.) ਨਾਲੋਂ 12 ਫੀਸਦ ਵੱਧ ਬਣਦੀ ਹੈ।

ਬਿਜਲੀ ਮੰਤਰੀ ਨੇ ਕਿਹਾ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਆਪਣੇ ਸਰੋਤਾਂ ਦੀ ਸਰਬੋਤਮ ਵਰਤੋਂ ਨਾਲ ਇਸ ਸਾਲ ਦੌਰਾਨ (ਅਪ੍ਰੈਲ ਤੋਂ ਫਰਵਰੀ, 2023 ਤੱਕ) ਆਪਣੇ ਥਰਮਲ ਅਤੇ ਹਾਈਡਲ ਉਤਪਾਦਨ ਵਿਚ ਵੀ ਵਾਧਾ ਕੀਤਾ ਹੈ। ਜੀ. ਜੀ. ਐੱਸ. ਐੱਸ. ਟੀ. ਪੀ, ਰੋਪੜ ਅਤੇ ਜੀ. ਐੱਚ. ਟੀ. ਪੀ, ਲਹਿਰਾ ਮੁਹੱਬਤ ਤੋਂ ਥਰਮਲ ਉਤਪਾਦਨ ਪਿਛਲੇ ਸਾਲ (3,108 ਐੱਮ.ਯੂਜ਼ ਦੇ ਮੁਕਾਬਲੇ 6,940 ਐੱਮ.ਯੂਜ਼) ਨਾਲੋਂ 123 ਫੀਸਦ ਵਧਿਆ ਹੈ। ਇਸੇ ਤਰ੍ਹਾਂ ਪੀ. ਐੱਸ. ਪੀ. ਸੀ. ਐੱਲ. ਦੇ ਆਪਣੇ ਪ੍ਰੋਜੈਕਟਾਂ ਤੋਂ ਹਾਈਡਰੋ ਉਤਪਾਦਨ ਵੀ ਪਿਛਲੇ ਸਾਲ ਨਾਲੋਂ ਕ੍ਰਮਵਾਰ 24 ਫੀਸਦ (3,112 ਐੱਮ.ਯੂਜ਼ ਦੇ ਮੁਕਾਬਲੇ 3,863 ਐੱਮ.ਯੂਜ਼) ਵਧਿਆ ਹੈ। ਉਨ੍ਹਾਂ ਕਿਹਾ ਸਾਲ 2000 ਵਿਚ ਚਾਲੂ ਹੋਣ ਤੋਂ ਬਾਅਦ ਰਣਜੀਤ ਸਾਗਰ ਹਾਈਡਰੋ ਪਾਵਰ ਪ੍ਰੋਜੈਕਟ ਨੇ 22 ਅਗਸਤ 2022 ਨੂੰ ਇੱਕੋ ਦਿਨ ਵਿਚ 149.55 ਲੱਖ ਯੂਨਿਟ (ਐੱਲ. ਯੂਜ਼) ਦਾ ਰਿਕਾਰਡ ਸਭ ਤੋਂ ਵੱਧ ਉਤਪਾਦਨ ਹਾਸਲ ਕੀਤਾ। ਉਨ੍ਹਾਂ ਕਿਹਾ ਕਿ ਪੀ. ਐੱਸ. ਪੀ. ਸੀ. ਐੱਲ. ਦੇ ਇਨ੍ਹਾਂ ਸਾਰੇ ਠੋਸ ਯਤਨਾਂ ਸਦਕਾ ਝੋਨੇ ਦੇ ਸੀਜ਼ਨ (ਸਾਲ 2022) ਦੌਰਾਨ ਕਿਸੇ ਵੀ ਹੋਰ ਸ਼੍ਰੇਣੀ ਦੇ ਖਪਤਕਾਰਾਂ 'ਤੇ ਬਿਜਲੀ ਕੱਟ ਲਗਾਏ ਬਿਨਾਂ ਕਿਸਾਨਾਂ ਲਈ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਗਈ।

ਮੰਤਰੀ ਨੇ ਅੱਗੇ ਦੱਸਿਆ ਕਿ ਸੂਬੇ ਅੰਦਰ ਉਤਪਾਦਨ ਸਮਰੱਥਾ ਨੂੰ ਵਧਾਉਣ ਲਈ ਰਾਵੀ ਦਰਿਆ 'ਤੇ ਸ਼ਾਹਪੁਰਕੰਡੀ ਪਾਵਰ ਪ੍ਰੋਜੈਕਟ (206 ਮੈਗਾਵਾਟ) ਦੀ ਉਸਾਰੀ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ ਅਤੇ ਇਸ ਦੀ 95.41 ਫੀਸਦ ਖੁਦਾਈ ਦਾ ਕੰਮ ਅਤੇ ਮੁੱਖ ਡੈਮ ਦਾ 81.08 ਫੀਸਦ ਕੰਕਰੀਟਿੰਗ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਬਿਜਲੀ ਦੀ ਉਪਲੱਬਧਤਾ ਵਿਚ ਵਾਧੇ ਦੇ ਨਾਲ-ਨਾਲ ਸੂਬੇ ਵਿਚ ਪਾਣੀ ਦੀ ਵੰਡ ਵਿਚ ਵੀ ਸੁਧਾਰ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਪੀ.ਐੱਸ.ਪੀ.ਸੀ.ਐੱਲ. ਸਾਲ 2030 ਤੱਕ ਸਾਫ਼-ਸੁਥਰੀ ਤੇ ਕਿਫਾਇਤੀ ਊਰਜਾ ਲਈ ਕੌਮੀ ਪੱਧਰ 'ਤੇ ਤੈਅ ਕੀਤੇ ਸਥਾਈ ਵਿਕਾਸ ਟੀਚਿਆਂ ਦੀ ਪ੍ਰਾਪਤੀ ਲਈ ਕੁੱਲ ਊਰਜਾ ਮਿਸ਼ਰਣ ਵਿਚ ਨਵਿਆਉਣਯੋਗ ਊਰਜਾ ਦੀ ਹਿੱਸੇਦਾਰੀ ਵਧਾਉਣ ਲਈ ਲਗਾਤਾਰ ਯਤਨ ਕਰ ਰਿਹਾ ਹੈ ਅਤੇ ਇਕ ਸਾਫ਼-ਸੁਥਰੀ ਊਰਜਾ ਦੇ ਪ੍ਰਮੋਟਰ ਵਜੋਂ ਆਪਣੇ ਆਰਪੀਓ ਟੀਚਿਆਂ ਨੂੰ ਪੂਰਾ ਕਰਨ ਲਈ ਸਖ਼ਤ ਕੋਸ਼ਿਸ਼ ਕਰ ਰਿਹਾ ਹੈ। ਇਸ ਦੀ ਪ੍ਰਾਪਤੀ ਲਈ ਸਾਲ 2022 ਦੌਰਾਨ ਪੀ. ਐੱਸ. ਪੀ. ਸੀ. ਐੱਲ ਸਿਸਟਮ ਵਿਚ 500 ਮੈਗਾਵਾਟ ਐੱਸ. ਈ. ਸੀ. ਆਈ. ਹਾਈਬ੍ਰਿਡ ਪਾਵਰ ਅਤੇ 300 ਮੈਗਾਵਾਟ ਐੱਨ. ਐੱਚ. ਪੀ. ਸੀ. ਸੋਲਰ ਪਾਵਰ ਆਉਣੀ ਸ਼ੁਰੂ ਹੋ ਗਈ ਅਤੇ 400 ਮੈਗਾਵਾਟ ਸੋਲਰ ਪਾਵਰ ਦੇ ਹੋਰ ਬਿਜਲੀ ਖਰੀਦ ਸਮਝੌਤਿਆਂ (ਪੀਪੀਏਜ਼) 'ਤੇ ਹਸਤਾਖਰ ਕੀਤੇ ਗਏ । ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਵਿਚ ਕਿਸੇ ਵੀ ਥਾਂ ਸਥਾਪਤ ਪ੍ਰੋਜੈਕਟਾਂ ਤੋਂ 1000 ਮੈਗਾਵਾਟ ਸੂਰਜੀ ਊਰਜਾ ਅਤੇ ਪੰਜਾਬ ਅੰਦਰਲੇ ਪ੍ਰੋਜੈਕਟਾਂ ਤੋਂ 200 ਮੈਗਾਵਾਟ ਸੂਰਜੀ ਊਰਜਾ ਦੀ ਖਰੀਦ ਪ੍ਰਕਿਰਿਆ ਅਧੀਨ ਹੈ। ਇਸੇ ਤਰ੍ਹਾਂ ਸੀ.ਪੀ.ਐਸ.ਯੂ. ਸਕੀਮ ਅਧੀਨ 1100 ਮੈਗਾਵਾਟ ਸੋਲਰ ਪਾਵਰ ਦੀ ਖਰੀਦ ਦਾ ਅਮਲ ਵੀ ਜਾਰੀ ਹੈ।


Gurminder Singh

Content Editor

Related News