ਵਿਧਾਨ ਸਭਾ ''ਚ ਵਿਰੋਧੀ ਧਿਰ ਨਾਲ ਨਜਿੱਠਣ ਲਈ ਰਣਨੀਤੀ ਬਣਾਉਣ ਸੰਬੰਧੀ ਕੈਬਨਿਟ ਬੈਠਕ ਅੱਜ

Monday, Jun 19, 2017 - 01:48 AM (IST)

ਵਿਧਾਨ ਸਭਾ ''ਚ ਵਿਰੋਧੀ ਧਿਰ ਨਾਲ ਨਜਿੱਠਣ ਲਈ ਰਣਨੀਤੀ ਬਣਾਉਣ ਸੰਬੰਧੀ ਕੈਬਨਿਟ ਬੈਠਕ ਅੱਜ

ਚੰਡੀਗੜ੍ਹ (ਪਰਾਸ਼ਰ) - ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੀ ਪ੍ਰਧਾਨਗੀ 'ਚ ਸੋਮਵਾਰ ਨੂੰ ਕੈਬਨਿਟ ਦੀ ਇਕ ਮਹੱਤਵਪੂਰਨ ਬੈਠਕ ਹੋਵੇਗੀ, ਜਿਸ 'ਚ ਵਿਧਾਨ ਸਭਾ ਦੇ ਮੌਜੂਦਾ ਬਜਟ ਸੈਸ਼ਨ ਦੀਆਂ ਬਾਕੀ ਬਚੀਆਂ ਬੈਠਕਾਂ 'ਚ ਵਿਰੋਧੀ ਧਿਰ ਦੇ ਸਰਕਾਰ 'ਤੇ ਸਿਆਸੀ ਹਮਲਿਆਂ ਨਾਲ ਨਜਿੱਠਣ ਦੀ ਰਣਨੀਤੀ ਤਿਆਰ ਕਰਨ ਤੋਂ ਇਲਾਵਾ ਜੀ. ਐੱਸ. ਟੀ., ਵਿੱਤੀ ਸਥਿਤੀ 'ਤੇ ਜਾਰੀ ਕੀਤੇ ਜਾਣ ਵਾਲੇ ਵ੍ਹਾਈਟ ਪੇਪਰ ਅਤੇ ਕੁਝ ਹੋਰਨਾਂ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਜਾਏਗਾ।
ਵਿਰੋਧੀ ਧਿਰ ਹਾਵੀ
14 ਜੂਨ ਤੋਂ ਸ਼ੁਰੂ ਹੋਏ ਬਜਟ ਸੈਸ਼ਨ ਦਾ ਪਹਿਲਾ ਹਫਤਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਵਲੋਂ ਆਪਣੇ ਪ੍ਰੋਕਸੀ ਜ਼ਰੀਏ ਰੇਤ ਖੱਡਾਂ ਦੇ ਠੇਕੇ ਹਾਸਲ ਕਰਨ ਦੇ ਮਾਮਲੇ 'ਤੇ ਉੱਠੇ ਸਿਆਸੀ ਤੂਫਾਨ ਦੀ ਭੇਟ ਚੜ੍ਹ ਗਿਆ, ਜਿਸ 'ਚ ਵਿਰੋਧੀ ਧਿਰ ਖਾਸ ਕਰਕੇ ਆਮ ਆਦਮੀ ਪਾਰਟੀ ਅਤੇ ਕੁਝ ਹੱਦ ਤਕ ਅਕਾਲੀ-ਭਾਜਪਾ ਗੱਠਜੋੜ ਸਰਕਾਰੀ ਬੈਂਚਾਂ 'ਤੇ ਹਾਵੀ ਰਹੇ ਪਰ ਸ਼ੁੱਕਰਵਾਰ ਨੂੰ ਸਦਨ 'ਚ 2 ਮਹੱਤਵਪੂਰਨ ਘਟਨਾਵਾਂ ਹੋਈਆਂ, ਜਿਨ੍ਹਾਂ ਨੇ ਪਾਸਾ ਸਰਕਾਰ ਦੇ ਪੱਖ 'ਚ ਪਲਟ ਦਿੱਤਾ।
ਅਹੁਦੇਦਾਰ ਨਹੀਂ
ਸਦਨ 'ਚ ਸਰਕਾਰੀ ਬੈਂਚਾਂ ਦੀਆਂ ਮੁਸ਼ਕਿਲਾਂ ਇਸ ਲਈ ਵੀ ਵਧੀਆਂ ਹਨ ਕਿ 3 ਮਹੀਨੇ ਤਕ ਸੱਤਾ 'ਚ ਰਹਿਣ ਦੇ ਬਾਵਜੂਦ ਕਾਂਗਰਸ ਵਿਧਾਇਕ ਦਲ ਦੇ ਨੇਤਾ ਤੋਂ ਇਲਾਵਾ ਕੋਈ ਹੋਰ ਅਹੁਦੇਦਾਰ ਨਹੀਂ ਚੁਣਿਆ ਗਿਆ, ਜਿਸ ਕਾਰਨ ਵਿਰੋਧੀ ਧਿਰ ਦੇ ਤਿੱਖੇ ਹਮਲਿਆਂ ਦਾ ਸਾਹਮਣਾ ਮੁੱਖ ਤੌਰ 'ਤੇ ਜਾਂ ਤਾਂ ਮੁੱਖ ਮੰਤਰੀ ਖੁਦ ਕਰਦੇ ਰਹੇ ਜਾਂ ਸੰਸਦੀ ਮਾਮਲਿਆਂ ਦੇ ਮੰਤਰੀ ਬ੍ਰਹਮ ਮਹਿੰਦਰਾ।
ਲੌਂਗ ਰੋਪ
ਬ੍ਰਹਮ ਮਹਿੰਦਰਾ ਦਾ ਦਾਅਵਾ ਹੈ ਕਿ ਸਦਨ 'ਚ ਹੁਣ ਤਕ ਜੋ ਕੁਝ ਵੀ ਹੋਇਆ, ਉਹ ਕਾਂਗਰਸ ਪਾਰਟੀ ਦੀ ਰਣਨੀਤੀ ਮੁਤਾਬਿਕ ਹੀ ਹੋਇਆ ਹੈ। ਸਰਕਾਰ ਨੇ ਵਿਰੋਧੀ ਧਿਰ ਖਾਸ ਕਰਕੇ ਖਹਿਰਾ ਅਤੇ ਬੈਂਸ ਨੂੰ ਲੌਂਗ ਰੋਪ ਦਿੱਤੀ ਹੋਈ ਸੀ, ਜਿਸ ਦਾ ਨਤੀਜਾ ਇਹ ਹੋਇਆ ਕਿ ਸਰਕਾਰ ਨੂੰ ਉਨ੍ਹਾਂ ਨੂੰ ਸਦਨ 'ਚੋਂ ਮੁਅੱਤਲ ਕਰਨ ਦਾ ਆਖਿਰਕਾਰ ਮੌਕਾ ਮਿਲ ਗਿਆ।
ਹਮਲਾਵਰ ਭਾਸ਼ਣ
ਮਹਿੰਦਰਾ ਦਾ ਕਹਿਣਾ ਹੈ ਕਿ ਬਜਟ ਸੈਸ਼ਨ ਦੇ ਦੂਜੇ ਹਫਤੇ 'ਚ ਸਥਿਤੀ ਸਰਕਾਰ ਦੇ ਪੱਖ 'ਚ ਰਹਿਣ ਦੀ ਸੰਭਾਵਨਾ ਹੈ। ਰਾਜਪਾਲ ਦੇ ਭਾਸ਼ਣ 'ਤੇ ਬਹਿਸ ਦੇ ਜਵਾਬ 'ਚ ਮੁੱਖ ਮੰਤਰੀ ਵਲੋਂ ਠੋਸ ਤੇ ਹਮਲਾਵਰ ਭਾਸ਼ਣ ਦਿੱਤੇ ਜਾਣ ਦੀ ਸੰਭਾਵਨਾ ਹੈ। ਹੋ ਸਕਦਾ ਹੈ ਕਿ ਮੁੱਖ ਮੰਤਰੀ ਰੇਤ ਦੀਆਂ ਖੱਡਾਂ ਦੇ ਮਾਮਲੇ 'ਚ ਅਕਾਲੀਆਂ ਦੀ ਲਿਸਟ ਵੀ ਜਾਰੀ ਕਰ ਦੇਣ।
ਤੁਰੰਤ ਪ੍ਰਭਾਵ
ਮੁੱਖ ਮੰਤਰੀ ਨੇ ਸਦਨ 'ਚ ਲਗਾਤਾਰ ਨਾਅਰੇਬਾਜ਼ੀ, ਧਰਨਿਆਂ, ਸਪੀਕਰ 'ਤੇ ਦਸਤਾਵੇਜ਼ ਸੁੱਟਣ ਆਦਿ ਦੀਆਂ ਘਟਨਾਵਾਂ ਤੋਂ ਨਾਰਾਜ਼ ਹੋ ਕੇ ਸ਼ੁੱਕਰਵਾਰ ਐਲਾਨ ਕੀਤਾ ਸੀ ਕਿ ਉਨ੍ਹਾਂ ਕੋਲ ਸਾਰੇ ਸਿਆਸਤਦਾਨਾਂ ਦੀ ਲਿਸਟ ਹੈ, ਜਿਨ੍ਹਾਂ ਨੇ ਅਕਾਲੀਆਂ ਦੇ ਰਾਜ ਦੌਰਾਨ ਰੇਤ ਖੱਡਾਂ ਦੇ ਠੇਕੇ ਹਾਸਲ ਕੀਤੇ ਹੋਏ ਸਨ। ਜੇਕਰ ਲੋੜ ਪਈ ਤਾਂ ਉਹ ਇਸ ਲਿਸਟ ਨੂੰ ਜਨਤਕ ਕਰ ਦੇਣਗੇ। ਇਸ ਦਾ ਅਕਾਲੀਆਂ 'ਤੇ ਤੁਰੰਤ ਪ੍ਰਭਾਵ ਹੋਇਆ ਅਤੇ ਸਦਨ ਦੇ ਵਿਚੋ-ਵਿਚ ਧਰਨੇ 'ਤੇ ਬੈਠੇ ਅਕਾਲੀ ਵਿਧਾਇਕ ਚੁੱਪਚਾਪ ਆਪਣੀਆਂ ਸੀਟਾਂ 'ਤੇ ਆ ਕੇ ਬਹਿ ਗਏ।
ਸੈਲਫ ਗੋਲ
ਆਮ ਆਦਮੀ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ ਅਤੇ ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ, ਜੋ ਆਪਣੀ ਬਾਗੀ ਤਬੀਅਤ ਲਈ ਜਾਣੇ ਜਾਂਦੇ ਹਨ ਅਤੇ ਸਦਨ ਦੀ ਕਾਰਵਾਈ 'ਚ ਵਿਘਨ ਪਾਉਣ ਅਤੇ ਸਪੀਕਰ ਦੀ ਰੂਲਿੰਗ ਦੇ ਵਿਰੁੱਧ ਧਰਨਾ ਦੇਣ ਅਤੇ ਨਾਅਰੇਬਾਜ਼ੀ ਕਰਨ 'ਚ ਜ਼ਰਾ ਨਹੀਂ ਹਿਚਕਿਚਾਉਂਦੇ, ਸ਼ੁੱਕਰਵਾਰ ਨੂੰ ਅਸੈਂਬਲੀ 'ਚੋਂ ਬਾਕੀ ਸੈਸ਼ਨ ਲਈ ਮੁਅੱਤਲ ਕਰ ਦਿੱਤੇ ਗਏ। ਇਕ ਤਰ੍ਹਾਂ ਨਾਲ ਸੈਲਫ ਗੋਲ ਕਰਦੇ ਹੋਏ ਖਹਿਰਾ ਨੇ ਸਦਨ ਦੀ ਕਾਰਵਾਈ ਦੀ ਵੀਡੀਓ ਬਣਾ ਕੇ ਫੇਸਬੁੱਕ 'ਤੇ ਪਾ ਦਿੱਤੀ, ਜਦਕਿ ਬੈਂਸ ਨੇ ਵਾਰ-ਵਾਰ ਸਪੀਕਰ ਦੀ ਰੂਲਿੰਗ ਨੂੰ ਨਜ਼ਰਅੰਦਾਜ਼ ਕੀਤਾ, ਜਿਸ ਕਾਰਨ ਉਨ੍ਹਾਂ ਨੂੰ ਸਦਨ 'ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ।


Related News