ਪੰਜਾਬ ਮੰਤਰੀ ਮੰਡਲ ਦਾ ਵਿਸਥਾਰ ਭਲਕੇ, ਇਨ੍ਹਾਂ ਵਿਧਾਇਕਾਂ ਦਾ ਮੰਤਰੀ ਬਣਨਾ ਲਗਭਗ ਤੈਅ
Sunday, Jul 03, 2022 - 06:22 PM (IST)
 
            
            ਚੰਡੀਗੜ੍ਹ : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸੋਮਵਾਰ ਨੂੰ ਕੈਬਨਿਟ ਵਿਸਥਾਰ ਹੋਵੇਗਾ। ਕੱਲ੍ਹ ਸ਼ਾਮ 5 ਵਜੇ ਪੰਜਾਬ ਸਰਕਾਰ ਦੇ ਨਵੇਂ ਬਣਨ ਜਾ ਰਹੇ ਪੰਜ ਮੰਤਰੀਆਂ ਨੂੰ ਰਾਜ ਭਵਨ ਵਿਚ ਸਹੁੰ ਚੁਕਾਈ ਜਾਵੇਗੀ। ਸੂਤਰਾਂ ਮੁਤਾਬਕ ਜਿਹੜੇ ਪੰਜ ਵਿਧਾਇਕਾਂ ਨੂੰ ਕੱਲ੍ਹ ਵਜ਼ਾਰਤ ਵਿਚ ਸ਼ਾਮਲ ਕੀਤਾ ਜਾ ਰਿਹਾ ਹੈ, ਉਨ੍ਹਾਂ ਵਿਚ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ, ਅੰਮ੍ਰਿਤਸਰ ਸਾਊਥ ਤੋਂ ਵਿਧਾਇਕ ਡਾ. ਕਿੰਦਰਬੀਰ ਨਿੱਝਰ, ਗੁਰੂਹਰਸਹਾਏ ਤੋਂ ਵਿਧਾਇਕ ਫੌਜਾ ਸਿੰਘ ਸਰਾਰੀ, ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੌੜਮਾਜਰਾ ਅਤੇ ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਦਾ ਨਾਂ ਸ਼ਾਮਲ ਹੈ ਅਤੇ ਇਹ ਨਾਮ ਲਗਭਗ ਤੈਅ ਮੰਨੇ ਜਾ ਰਹੇ ਹਨ।
ਇਹ ਵੀ ਪੜ੍ਹੋ : ਕੱਲ੍ਹ ਹੋਵੇਗਾ ਭਗਵੰਤ ਮਾਨ ਕੈਬਨਿਟ ਦਾ ਵਿਸਥਾਰ, ਪੰਜ ਵਿਧਾਇਕ ਚੁੱਕਣਗੇ ਮੰਤਰੀ ਅਹੁਦੇ ਦੀ ਸਹੁੰ
ਦੱਸਿਆ ਜਾ ਰਿਹਾ ਹੈ ਕਿ ਕੁੱਲ 5 ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਇਸ ਤੋਂ ਇਲਾਵਾ ਪ੍ਰੋ. ਬਲਜਿੰਦਰ ਕੌਰ ਅਤੇ ਸਰਵਜੀਤ ਕੌਰ ਮਾਣੂਕੇ ਦਾ ਨਾਂ ਵੀ ਚਰਚਾ ਵਿਚ ਹੈ। ਦੂਜੇ ਪਾਸੇ ਅਨਮੋਲ ਗਗਨ ਮਾਨ, ਪ੍ਰਿੰਸੀਪਲ ਬੁੱਧ ਰਾਮ ਅਤੇ ਪਟਿਆਲਾ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਹਰਾਉਣ ਵਾਲੇ ਅਜੀਤਪਾਲ ਕੋਹਲੀ ਦਾ ਨਾਮ ਵੀ ਚਰਚਾ ਵਿਚ ਹੈ। ਇਕ ਮਹਿਲਾ ਮੰਤਰੀ ਨੂੰ ਵਜ਼ਾਰਤ ਵਿਚ ਸ਼ਾਮਲ ਕੀਤਾ ਜਾਣਾ ਲਗਭਗ ਤੈਅ ਹੈ ਅਤੇ ਅਨਮੋਲ ਗਗਨ ਮਾਨ ਨੂੰ ਇਸ ਦੌੜ ਵਿਚ ਸਭ ਤੋਂ ਅੱਗੇ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਵੱਡਾ ਖੁਲਾਸਾ, ਸਾਬਕਾ ਅਕਾਲੀ ਮੰਤਰੀ ਦੇ ਭਤੀਜੇ ਦਾ ਨਾਂ ਆਇਆ ਸਾਹਮਣੇ
ਇਥੇ ਇਹ ਵੀ ਦੱਸਣਯੋਗ ਹੈ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਸੱਤਾ ਵਿਚ ਆਉਣ ਤੋਂ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਬਾਅਦ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਇਹ ਪਹਿਲਾ ਮੰਤਰੀ ਮੰਡਲ ਦਾ ਵਿਸਥਾਰ ਹੋਵੇਗਾ। ਪੰਜ ਹੋਰ ਮੰਤਰੀਆਂ ਦੇ ਸ਼ਾਮਲ ਹੋਣ ਨਾਲ ਮਾਨ ਦੀ ਅਗਵਾਈ ਵਾਲੀ ਮੰਤਰੀ ਮੰਡਲ ਦੀ ਗਿਣਤੀ ਮੁੱਖ ਮੰਤਰੀ ਸਮੇਤ 15 ਹੋ ਜਾਵੇਗੀ।
ਇਹ ਵੀ ਪੜ੍ਹੋ : ਕੈਪਟਨ ਹੋ ਸਕਦੇ ਹਨ ਦੇਸ਼ ਦੇ ਅਗਲੇ ਉੱਪ ਰਾਸ਼ਟਰਪਤੀ, ਪਾਰਟੀ ਰਲੇਵੇਂ ਤੋਂ ਬਾਅਦ ਹੋਵੇਗਾ ਨਾਂ ਦਾ ਐਲਾਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            