ਕੈਬਨਿਟ ''ਚ ਫੇਰਬਦਲ ਕਰ ਕੇ ਕੈਪਟਨ ਨੇ ਸਿੱਧੂ ਨੂੰ ਖੁੱਡੇ ਲਾਈਨ ਲਾਇਆ: ਚੰਦੂਮਾਜਰਾ
Sunday, Jun 09, 2019 - 10:01 AM (IST)

ਪਟਿਆਲਾ (ਜੋਸਨ)—ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਾਰਾ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਕੈਬਨਿਟ 'ਚ ਫੇਰਬਦਲ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਅਜਿਹਾ ਕਰ ਕੇ ਉਨ੍ਹਾਂ ਨੇ ਨਵਜੋਤ ਸਿੱਧੂ ਨੂੰ ਖੁੱਡੇ ਲਾਈਨ ਲਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੰਤਰੀਆਂ ਦੇ ਮਹਿਕਮੇ ਬਦਲਣ ਨਾਲ ਸਿੱਧ ਹੁੰਦਾ ਹੈ ਕਿ ਕੈਪਟਨ ਖੁਦ ਆਪਣੇ ਮੰਤਰੀਆਂ ਦੀ ਕਾਰਗੁਜ਼ਾਰੀ ਤੋਂ ਨਾਖੁਸ਼ ਹਨ, ਜਿਸ ਦੇ ਆਧਾਰ 'ਤੇ ਕੈਪਟਨ ਅਮਰਿੰਦਰ ਸਿੰਘ ਨੂੰ ਖੁਦ ਹੀ ਮੁੱਖ ਮੰਤਰੀ ਦੀ ਕੁਰਸੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਪਹਿਲਾਂ ਹੀ ਕੈਪਟਨ ਦੀ ਕਾਰਗੁਜ਼ਾਰੀ ਤੋਂ ਨਾਖੁਸ਼ ਹਨ ਅਤੇ ਆਪਣੇ ਮੰਤਰੀਆਂ ਦੀ ਨਾਲਾਇਕੀ ਸਾਹਮਣੇ ਲਿਆਉਣ ਦੀ ਬਜਾਏ ਕੈਬਨਿਟ ਵਿਚ ਫੇਰਬਦਲ ਕਰ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਭਵਿੱਖੀ ਚੋਣਾਂ ਦੇ ਸੰਦਰਭ ਵਿਚ ਭਾਜਪਾ ਲੀਡਰਸ਼ਿਪ ਵੱਲੋਂ 50 ਫੀਸਦੀ ਸੀਟਾਂ ਦੀ ਮੰਗ ਕਰਨਾ, ਸਿਆਸੀ ਡਰਾਮੇ ਤੋਂ ਵੱਧ ਕੁਝ ਨਹੀਂ ਹੈ ਜਦਕਿ ਸੀਟਾਂ ਦੀ ਵੰਡ ਦਾ ਫੈਸਲਾ ਦੋਵਾਂ ਪਾਰਟੀਆਂ ਦੀ ਹਾਈਕਮਾਨ ਨੇ ਹੀ ਕਰਨਾ ਹੁੰਦਾ ਹੈ। ਇਸ ਲਈ ਕੇਂਦਰੀ ਲੀਡਰਸ਼ਿਪ ਦੀ ਸਲਾਹ ਤੋਂ ਬਿਨਾਂ ਅਜਿਹਾ ਬਿਆਨ ਦੇਣਾ ਜਾਇਜ਼ ਨਹੀਂ ਹੈ ਅਤੇ ਸੀਟਾਂ 'ਤੇ ਫੈਸਲਾ ਅਕਾਲੀ ਦਲ ਸਿਆਸੀ ਸਮੀਕਰਨ ਵੇਖ ਕੇ ਹੀ ਲਏਗਾ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਵੱਲੋਂ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਸਪੱਸ਼ਟ ਹੋ ਚੁੱਕੀ ਹੈ, ਜਿਸ ਨੂੰ ਲੈ ਕੇ ਅਕਾਲੀ ਦਲ ਦਾ ਵਫਦ ਪੰਜਾਬ ਦੇ ਰਾਜਪਾਲ ਨੂੰ ਮਿਲਿਆ ਸੀ, ਜੇ ਹੁਕਮਾਂ ਦੀ ਉਲੰਘਣਾ ਹੋਈ ਹੈ ਤਾਂ ਸਿਟ ਦੇ ਮੁਖੀ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਪਹਿਲੀ ਵਾਰ ਵੇਖਣ ਵਿਚ ਆਇਆ ਹੈ ਕਿ ਸਿਟ ਮੁਖੀ ਵੱਲੋਂ ਕੀਤੀ ਗਈ ਜਾਂਚ ਨੂੰ ਵਿਸ਼ਵ ਪੱਧਰੀ ਜਾਂਚ ਕਿਹਾ ਜਾ ਰਿਹਾ ਹੈ, ਜਦਕਿ ਜਾਂਚ 'ਤੇ ਸਿਟ ਮੈਂਬਰਾਂ ਦੀ ਸਹਿਮਤੀ ਨਾ ਹੋਣਾ ਦਰਸਾਉਂਦਾ ਹੈ ਕਿ ਸਿਟ ਦਾ ਮੁਖੀ ਕੈਪਟਨ ਦੇ ਇਸ਼ਾਰੇ 'ਤੇ ਕੰਮ ਕਰ ਰਿਹਾ ਹੈ।
ਇਸ ਮੌਕੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਜਾਰਾ, ਸਿਆਸੀ ਸਕੱਤਰ ਜਗਜੀਤ ਸਿੰਘ ਕੋਹਲੀ, ਹਰਵਿੰਦਰ ਹਰਪਾਲਪੁਰ, ਸੰਦੀਪ ਸਿੰਘ ਰਾਜਾ ਤੂੜ, ਜਸਪਾਲ ਸਿੰਘ ਗੰਗਰੌਲੀ, ਮਹਿੰਦਰ ਸਿੰਘ ਪੰਜੇਟਾ, ਸ਼ੇਰ ਸਿੰਘ ਪੰਜੇਟਾ, ਜਤਿੰਦਰ ਸਿੰਘ ਪਹਾੜੀਪੁਰ, ਜਸਵਿੰਦਰਪਾਲ ਸਿੰਘ ਚੱਢਾ, ਦਵਿੰਦਰ ਪਾਲ ਸਿੰਘ ਚੱਡਾ, ਸੁਖਵੀਰ ਅਬਲੋਵਾਲ, ਇੰਦਰਜੀਤ ਪੰਜੇਟਾ, ਗੱਗੂ ਪੰਜੇਟਾ ਆਦਿ ਹਾਜ਼ਰ ਸਨ।