ਭਾਜਪਾ ਗੁਰਦਾਸਪੁਰ ''ਚ ਸੁੱਟੇਗੀ ਦਿੱਲੀ ਤੋਂ ਵੱਡੀ ਤੋਪ!
Monday, Aug 14, 2017 - 11:59 AM (IST)
ਲੁਧਿਆਣਾ (ਮੁੱਲਾਂਪੁਰੀ) : ਪੰਜਾਬ ਦੇ ਸਰਹੱਦੀ ਜ਼ਿਲੇ ਗੁਰਦਾਸਪੁਰ ਦੀ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਜਿੱਤਣ ਲਈ ਭਾਰਤੀ ਜਨਤਾ ਪਾਰਟੀ ਦਿੱਲੀ ਤੋਂ ਪਾਰਟੀ ਦੇ ਕਿਸੇ ਵੱਡੇ ਨੇਤਾ ਜਾਂ ਫਿਲਮੀ ਸਟਾਰ ਵਰਗੀ ਵੱਡੀ ਤੋਪ ਨੂੰ ਗੁਰਦਾਸਪੁਰ 'ਚ ਸੁੱਟੇਗੀ ਤਾਂ ਜੋ ਕਾਂਗਰਸ ਨਾਲ ਟੱਕਰ ਲੈ ਕੇ ਪੰਜਾਬ 'ਚ ਅਕਾਲੀ-ਭਾਜਪਾ ਦੇ ਵਿਧਾਨ ਸਭਾ ਚੋਣ 'ਚ ਹੋਈ ਸ਼ਰਮਨਾਕ ਹਾਰ ਦੀ ਭਰਪਾਈ ਕਰਨ ਲਈ ਗੱਠਜੋੜ ਇਹ ਸੀਟ ਜਿੱਤ ਸਕੇ।
ਅੱਤ ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਗੁਜਰਾਤ 'ਚ ਇਕ ਸੀਟ ਕਾਂਗਰਸ ਹੱਥੋਂ ਰਾਜ ਸਭਾ ਦੀ ਹਾਰ ਜਿੱਤ ਤੋਂ ਬਾਅਦ ਹੁਣ ਇਹ ਠਾਣ ਲਈ ਹੈ ਕਿ ਪੰਜਾਬ 'ਚੋਂ ਕਾਂਗਰਸ ਦੇ ਰਾਜ ਦੇ ਚਲਦੇ ਗੁਰਦਾਸਪੁਰ ਲੋਕ ਸਭਾ ਸੀਟ ਜਿੱਤ ਕੇ ਇਸ ਦਾ ਰਾਜਸੀ ਬਦਲਾ ਲਿਆ ਜਾਵੇ। ਭਾਵੇਂ ਗੁਰਦਾਸਪੁਰ ਲੋਕ ਸਭਾ 'ਚ 9 ਵਿਧਾਨ ਸਭਾ ਹਲਕੇ ਪੈਂਦੇ ਹਨ ਜਿਨ੍ਹਾਂ 'ਚ ਸੁਜਾਨਪੁਰ, ਬਟਾਲਾ, ਭੋਆ, ਗੁਰਦਾਸਪੁਰ, ਫਤਿਹਗੜ੍ਹ ਚੂੜੀਆਂ, ਕਾਦੀਆਂ, ਡੇਰਾ ਬਾਬਾ ਨਾਨਕ, ਦੀਨਾ ਨਗਰ, ਪਠਾਨਕੋਟ ਹਨ।
ਸੂਤਰਾਂ ਨੇ ਦੱਸਿਆ ਕਿ ਇਸ ਲੋਕ ਸਭਾ ਹਲਕੇ 'ਚ ਕੇਵਲ ਇਕ ਸੀਟ ਬਟਾਲਾ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਆਉਂਦੀ ਹੈ ਉਥੇ ਅਕਾਲੀ ਵਿਧਾਇਕ ਲੋਧੀ ਨੰਗਲ ਜੇਤੂ ਹਨ। ਬਾਕੀ ਦੇ 8 ਵਿਧਾਨ ਸਭਾ ਹਲਕਿਆਂ 'ਚ ਭਾਜਪਾ ਦਾ ਕਿਸੇ ਵੀ ਹਲਕੇ 'ਚ ਕਮਲ ਨਹੀਂ ਖਿੜਿਆ। ਕਾਂਗਰਸ ਹੀ ਜੇਤੂ ਰਹੀ ਹੈ।
