ਜ਼ਿਮਨੀ ਚੋਣਾਂ ''ਚ ਸੱਤਾ ਧਿਰ ਨੇ ਹਮੇਸ਼ਾ ਹੀ ਮਾਰੀ ਬਾਜ਼ੀ

Thursday, Oct 24, 2019 - 01:09 PM (IST)

ਜ਼ਿਮਨੀ ਚੋਣਾਂ ''ਚ ਸੱਤਾ ਧਿਰ ਨੇ ਹਮੇਸ਼ਾ ਹੀ ਮਾਰੀ ਬਾਜ਼ੀ

ਜਲੰਧਰ (ਵੈੱਬ ਡੈਸਕ) : ਪੰਜਾਬ ਵਿਚ ਹੁਣ ਤੱਕ ਹੋਈਆਂ ਉਪ ਚੋਣਾਂ ਵਿਚ ਸੱਤਾਧਾਰੀ ਪਾਰਟੀ ਦਾ ਦਬਦਬਾ ਰਿਹਾ ਹੈ। ਜਦਕਿ ਸਿਰਫ 1995 ਅਤੇ 1998 ਵਿਚ ਵਿਰੋਧੀ ਧਿਰ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਸੀ। ਆਓ ਤੁਹਾਨੂੰ ਦੱਸਦੇ ਹਾਂ ਪੰਜਾਬ ਵਿਚ 1995 ਤੋਂ ਲੈ ਕੇ 2018 ਤੱਕ ਹੋਈਆਂ ਉਪ ਚੋਣਾਂ ਦਾ ਵੇਰਵਾ :-

1995
ਗਿੱਦੜਬਾਹਾ ਸੀਟ 'ਤੇ 1995 ਵਿਚ ਹੋਈਆਂ ਉਪ ਚੋਣਾਂ ਵਿਚ ਵਿਰੋਧੀ ਧਿਰ ਨੇ ਬਾਜ਼ੀ ਮਾਰੀ ਸੀ। ਮਨਪ੍ਰੀਤ ਸਿੰਘ ਬਾਦਲ ਪਹਿਲੀ ਵਾਰ ਚੋਣ ਮੈਦਾਨ ਵਿਚ ਉਤਰੇ ਸਨ। ਪ੍ਰਦੇਸ਼ ਵਿਚ ਉਦੋਂ ਕਾਂਗਰਸ ਸਰਕਾਰ ਸੀ। ਮਨਪ੍ਰੀਤ ਅਤੇ ਕਾਂਗਰਸ ਦੇ ਦੀਪਕ ਕੁਮਾਰ ਵਿਚ ਸਖਤ ਮੁਕਾਬਲਾ ਹੋਇਆ ਅਤੇ ਮਨਪ੍ਰੀਤ ਜੇਤੂ ਰਹੇ।

1998
ਇਸੇ ਤਰ੍ਹਾਂ 1998 ਵਿਚ ਉਪ ਚੋਣਾਂ ਦਾ ਨਤੀਜਾ ਕੁੱਝ ਵੱਖ ਰਿਹਾ। ਆਦਮਪੁਰ ਵਿਧਾਨ ਸਭਾ ਖੇਤਰ ਦੀਆਂ ਉਪ ਚੋਣਾਂ ਵਿਚ ਕਾਂਗਰਸ ਨੇ ਕੰਵਲਜੀਤ ਲਾਲੀ ਨੇ ਸੱਤਾਧਾਰੀ ਅਕਾਲੀ ਦਲ ਦੇ ਦਲਬੀਰ ਸਿੰਘ ਨੂੰ ਹਾਰ ਦਿੱਤੀ ਸੀ। ਕਾਂਗਰਸ ਨੇ ਉਦੋਂ 31 ਸਾਲ ਬਾਅਦ ਇਹ ਸੀਟ ਜਿੱਤੀ ਸੀ।

2009
ਇਸ ਸਾਲ ਵੀ ਪ੍ਰਦੇਸ਼ ਵਿਚ ਅਕਲੀ ਦਲ-ਭਾਜਪਾ ਦੀ ਸਰਕਾਰ ਸੀ। ਕਾਹਨੂਵਾਨ ਸੀਟ 'ਤੇ ਹੋਈਆਂ ਉਪ ਚੋਣਾਂ ਵਿਚ ਅਕਾਲੀ ਦਲ ਦੇ ਸੇਵਾ ਸਿੰਘ ਸੇਖਵਾਂ ਨੇ ਜਿੱਤ ਹਾਸਲ ਕੀਤੀ। ਉਨ੍ਹਾਂ ਨੇ ਕਾਂਗਰਸ ਦੇ ਫਤਿਹਜੰਗ ਬਾਜਵਾ ਨੂੰ 12 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ।

2012
ਭਾਜਪਾ ਦੇ ਦਸੂਹਾ ਤੋਂ ਵਿਧਾਇਕ ਅਮਰਜੀਤ ਸਿੰਘ ਸ਼ਾਹੀ ਦੇ ਦੇਹਾਂਤ ਤੋਂ ਬਾਅਦ ਉਪ ਚੋਣਾਂ ਹੋਈਆਂ। ਪਾਰਟੀ ਨੇ ਉਨ੍ਹਾਂ ਦੀ ਪਤਨੀ ਸੁਖਜੀਤ ਕੌਰ ਸ਼ਾਹੀ ਨੂੰ ਟਿਕਟ ਦਿੱਤੀ ਅਤੇ ਉਨ੍ਹਾਂ ਨੇ ਕਾਂਗਰਸ ਦੇ ਅਰੁਣ ਡੋਗਰਾ ਨੂੰ 47 ਹਜ਼ਾਰ ਤੋਂ ਵੱਧ ਵੋਟਾਂ ਦੇ ਅੰਤਰ ਨਾਲ ਹਰਾ ਦਿੱਤਾ।

2013
ਮੋਗਾ ਵਿਚ ਜੋਗਿੰਦਰ ਪਾਲ ਜੈਨ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਪਾਰਟੀ ਨੇ ਉਨ੍ਹਾਂ ਨੂੰ ਮੋਗਾ ਸੀਟ ਤੋਂ ਉਮੀਦਵਾਰ ਬਣਾਇਆ ਅਤੇ ਉਹ ਜਿੱਤ ਗਏ। ਜੈਨ ਨੇ ਕਾਂਗਰਸ ਦੇ ਵਿਜੇ ਸਾਥੀ ਨੂੰ ਸਾਢੇ 18 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ।

2014
ਤਲਵੰਡੀ ਸਾਬੋ ਸੀਟ ਤੋਂ ਕਾਂਗਰਸ ਵਿਧਾਇਕ ਜੀਤ ਮੋਹਿੰਦਰ ਸਿੰਘ ਸਿੱਧੂ ਦੇ ਅਕਾਲੀ ਦਲ ਵਿਚ ਸ਼ਾਮਲ ਹੋਣ ਕਾਰਨ ਇਸ ਸੀਟ 'ਤੇ ਉਪ ਚੋਣ ਹੋਈ। ਅਕਾਲੀ ਦਲ ਨੇ ਜੀਤ ਮੋਹਿੰਦਰ ਨੂੰ ਹੀ ਉਮੀਦਵਾਰ ਬਣਾਇਆ ਅਤੇ ਉਨ੍ਹਾਂ ਨੇ ਕਾਂਗਰਸ ਦੇ ਹਰਮਿੰਦਰ ਸਿੰਘ ਜੱਸੀ ਨੂੰ ਕਰੀਬ 46 ਹਜ਼ਾਰ ਵੋਟਾਂ ਨਾਲ ਹਰਾ ਦਿੱਤਾ।

2015
ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਅਰਵਿੰਦ ਖੰਨਾ ਦੇ ਅਸਤੀਫਾ ਦੇਣ 'ਤੇ ਧੂਰੀ ਵਿਧਾਨ ਸਭਾ ਸੀਟ 'ਤੇ ਉਪ ਚੋਣ ਹੋਈ। ਇਸ ਵਿਚ ਅਕਾਲੀ ਦਲ ਦੇ ਗੋਬਿੰਦ ਸਿੰਘ ਲੌਂਗੋਵਾਲ ਨੇ ਜਿੱਤ ਹਾਸਲ ਕੀਤੀ ਅਤੇ ਕਾਂਗਰਸ ਦੇ ਸਿਮਰਪ੍ਰਤਾਪ ਸਿੰਘ ਨੂੰ ਵੱਡੇ ਅੰਤਰ ਨਾਲ ਹਰਾ ਦਿੱਤਾ। ਉਦੋਂ ਵੀ ਪ੍ਰਦੇਸ਼ ਵਿਚ ਬਾਦਲ ਸਰਕਾਰ ਸੀ।

2016
ਕਾਂਗਰਸ ਦੇ ਰਮਨਜੀਤ ਸਿੰਘ ਸਿੱਕੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਅਸਤੀਫਾ ਦੇਣ 'ਤੇ ਖਡੂਰ ਸਾਹਿਬ ਸੀਟ 'ਤੇ ਉਪ ਚੋਣ ਹੋਈ। ਇਸ ਵਿਚ ਅਕਾਲੀ ਦਲ ਦੇ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਜਿੱਤ ਹਾਸਲ ਕੀਤੀ। ਇਹ ਵੱਖ ਗੱਲ ਹੈ ਕਿ ਕਾਂਗਰਸ ਨੇ ਇਸ ਚੋਣ ਦਾ ਬਾਇਕਾਟ ਕਰ ਦਿੱਤਾ ਸੀ। ਉਦੋਂ ਪ੍ਰਦੇਸ਼ ਵਿਚ ਸ਼੍ਰੋਅਦ-ਭਾਜਪਾ ਦੀ ਸਰਕਾਰ ਸੀ

2018
ਸਾਬਕਾ ਕੈਬਨਿਟ ਮੰਤਰੀ ਅਜੀਤ ਸਿੰਘ ਕੋਹਾੜ ਦੇ ਦੇਹਾਂਤ ਤੋਂ ਬਾਅਦ ਸ਼ਾਹਕੋਟ ਸੀਟ 'ਤੇ ਉਪ ਚੋਣ ਹੋਈ। ਅਕਾਲੀ ਦਲ ਦੇ ਉਮੀਦਵਾਰ ਨਾਇਬ ਸਿੰਘ ਕੋਹਾੜ ਨੂੰ ਕਾਂਗਰਸ ਦੇ ਹਰਦੇਵ ਸਿੰਘ ਲਾਡੋ ਸ਼ੇਰੋਵਾਲੀਆ ਨੇ 38 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾ ਦਿੱਤਾ। ਕਾਂਗਰਸ ਨੇ ਇਸ ਸੀਟ 'ਤੇ 21 ਸਾਲ ਬਾਅਦ ਕਬਜ਼ਾ ਕਰਦੇ ਹੋਏ ਅਕਾਲੀ ਦਲ ਦਾ ਕਿਲਾ ਢਾਹ ਦਿੱਤਾ।


author

cherry

Content Editor

Related News