ਉਪ ਚੋਣ ਦੇ ਮੱਦੇਨਜ਼ਰ ਅਬਕਾਰੀ ਵਿਭਾਗ ਨੇ ਸ਼ਰਾਬ ਦੇ ਠੇਕੇ ਅਤੇ ਦੁਕਾਨਾਂ ਕੀਤੀਆਂ ਸੀਲ

06/22/2022 1:50:30 PM

ਭਵਾਨੀਗੜ੍ਹ (ਕਾਂਸਲ) - ਲੋਕ ਸਭਾ ਹਲਕਾ ਸੰਗਰੂਰ ਦੀ ਉਪ ਚੋਣ ਨੂੰ ਲੈ ਪ੍ਰਸ਼ਾਸਨ ਵੱਲੋਂ ਇਲਾਕੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਬਣਾਏ ਰੱਖਣ ਲਈ ਸੁਰੱਖਿਆ ਦੇ ਉਚੇਚੇ ਪ੍ਰਬੰਧ ਕੀਤੇ ਗਏ ਹਨ। ਪ੍ਰਸ਼ਾਸਨ ਵਲੋਂ ਲੋਕ ਸਭਾ ਹਲਕਾ ਸੰਗਰੂਰ ਦੀ ਹੱਦ ਅਧੀਨ ਆਉਂਦੇ ਸਥਾਨਕ ਸ਼ਹਿਰ ਅਤੇ ਪਿੰਡਾਂ ਵਿਚਲੇ ਸਾਰੇ ਸ਼ਰਾਬ ਦੇ ਠੇਕਿਆਂ ਨੂੰ ਵੀ ਬੰਦ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਬਕਾਰੀ ਵਿਭਾਗ ਦੇ ਅਧਿਕਾਰੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਬਕਾਰੀ ਐਕਟ 1914 ਦੀ ਧਾਰਾ 54 ਅਧੀਨ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਵਿਭਾਗ ਵੱਲੋਂ ਲੋਕ ਸਭਾ ਦੀ ਉਪ ਚੋਣ ਦੇ ਮੱਦਨਜ਼ਰ 21 ਜੂਨ ਦੀ ਸ਼ਾਮ ਤੋਂ 23 ਜੂਨ ਨੂੰ ਚੋਣ ਪ੍ਰੀਕਿਰਿਆਂ ਦੇ ਪੂਰਾ ਹੋਣ ਤੱਕ ਸ਼ਾਮ 6 ਵਜੇ ਤੱਕ ਲੋਕ ਸਭਾ ਹਲਕਾ ਸੰਗਰੂਰ ਦੀ ਹਦੂਦ ਅੰਦਰ ਆਉਂਦੇ ਸਾਰੇ ਸ਼ਾਰਬ ਦੇ ਠੇਕੇ ਅਤੇ ਦੁਕਾਨਾਂ ਪੂਰਨ ਤੌਰ ’ਤੇ ਬੰਦ ਰਹਿਣਗੀਆਂ। 

ਉਨ੍ਹਾਂ ਦੱਸਿਆ ਕਿ ਇਸ ਹਦੂਦ ਅੰਦਰ ਸਾਰੇ ਹੋਟਲਾਂ, ਰੈਸਟੋਰੈਂਟਾਂ, ਅਹਾਤਿਆਂ ਅਤੇ ਬੀਅਰ ਬਾਰਾਂ ’ਚ ਵੀ ਸ਼ਰਾਬ ਦੀ ਵਿੱਕਰੀ ਅਤੇ ਬੈਠ ਕੇ ਸ਼ਰਾਬ ਪੀਣ ਉਪਰ ਪਾਬੰਦੀ ਲਾਗੂ ਰਹੇਗੀ। ਵਿਭਾਗ ਵੱਲੋਂ ਸਾਰੇ ਠੇਕਿਆਂ ਅਤੇ ਸ਼ਰਾਬ ਦੀਆਂ ਦੁਕਾਨਾਂ ਨੂੰ ਸੀਲ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਜੋ ਕਈ ਵੀ ਠੇਕੇਦਾਰ ਇਨ੍ਹਾਂ ਹੁੱਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਵਿਭਾਗ ਵੱਲੋਂ ਉਸ ਠੇਕੇਦਾਰ ਦਾ ਚਲਾਣ ਕੀਤਾ ਜਾਵੇਗਾ ਅਤੇ ਜੇਕਰ ਚਲਾਣ ਹੋਣ ਦੇ ਬਾਵਜੂਦ ਕੋਈ ਕੁਤਾਹੀ ਕਰਦਾ ਹੈ ਤਾਂ ਉਸ ਦਾ ਲਾਇਸੰਸ ਰੱਦ ਕਰ ਦਿੱਤਾ ਜਾਵੇਗਾ। ਚੋਣ ਦੇ ਮੱਦੇਨਜ਼ਰ ਸ਼ਰਾਬ ਦੇ ਠੇਕੇ ਬੰਦ ਹੋ ਜਾਣ ਕਾਰਨ ਸ਼ਰਾਬ ਪੀਣ ਦੇ ਪਿਆਕੜਾਂ ਨੂੰ ਠੇਕਿਆਂ ਤੋਂ ਵਾਪਿਸ ਪਰਤਨਾ ਪਿਆ। ਸ਼ਰਾਬ ਨਾ ਮਿਲਣ ਕਾਰਨ ਤਰਲੋ ਮੱਛੀ ਹੋ ਰਹੇ ਕਈ ਪਿਆਕੜਾਂ ਨੂੰ ਇੱਧਰ ਉਧਰੋਂ ਸ਼ਰਾਬ ਦੀ ਪ੍ਰਾਪਤੀ ਲਈ ਤਰਲੇ ਮਾਰਦੇ ਵੀ ਦੇਖਿਆਂ ਗਿਆ।
 


rajwinder kaur

Content Editor

Related News