ਜਲੰਧਰ ਦੇ ਮਸ਼ਹੂਰ ਕਾਰੋਬਾਰੀ ਐੱਫ. ਸੀ. ਅਗਰਵਾਲ ਦੇ ਮਾਲਕ ਰਾਜੀਵ ਅਗਰਵਾਲ ਗ੍ਰਿਫ਼ਤਾਰ

Tuesday, Nov 01, 2022 - 01:08 PM (IST)

ਜਲੰਧਰ ਦੇ ਮਸ਼ਹੂਰ ਕਾਰੋਬਾਰੀ ਐੱਫ. ਸੀ. ਅਗਰਵਾਲ ਦੇ ਮਾਲਕ ਰਾਜੀਵ ਅਗਰਵਾਲ ਗ੍ਰਿਫ਼ਤਾਰ

ਜਲੰਧਰ : ਸ਼ਾਸਤਰੀ ਮਾਰਕਿਟ ਦੀ ਮਸ਼ਹੂਰ ਐੱਫ. ਸੀ. ਅਗਰਵਾਲ ਏਜੰਸੀ ਦੇ ਮਾਲਕ ਰਾਜੀਵ ਅਗਰਵਾਲ ਨੂੰ ਥਾਣਾ-6 ਦੀ ਪੁਲਸ ਨੇ ਘਰੇਲੂ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਪੀੜਤ ਪ੍ਰਵੀਨ ਗੁਪਤਾ ਵਾਸੀ ਮਖੂਦਮਪੁਰਾ ਨੇ ਦੱਸਿਆ ਕਿ ਉਸ ਦੇ ਪੁੱਤਰ ਅਭਿਸ਼ੇਕ ਗੁਪਤਾ ਦਾ ਵਿਆਹ ਜਨਵਰੀ, 2020 ’ਚ ਰਾਜੀਵ ਅਗਰਵਾਲ ਦੀ ਧੀ ਤਾਂਸ਼ੀ ਅਗਰਵਾਲ ਨਾਲ ਹੋਇਆ ਸੀ ਤੇ ਉਸੇ ਸਾਲ ਉਨ੍ਹਾਂ ਦੇ ਘਰ ਇਕ ਪੁੱਤਰ ਹੋਇਆ। 2020 ’ਚ ਕਰਵਾਚੌਥ ਵਾਲੇ ਦਿਨ ਆਪਣੇ ਘਰ ਰੱਖੀ ਧੀ ਨੂੰ ਸੋਨਾ ਪਾਉਣ ਦੇ ਬਹਾਨੇ ਪ੍ਰਵੀਨ ਗੁਪਤਾ ਦੇ ਘਰੋਂ ਰਾਜੀਵ ਅਗਰਵਾਲ 60 ਤੋਲੇ ਸੋਨਾ ਲੈ ਕੇ ਆਇਆ ਸੀ।

ਇਹ ਵੀ ਪੜ੍ਹੋ : ਮੱਥਾ ਟੇਕ ਕੇ ਆ ਰਹੇ ਪਰਿਵਾਰ ਨਾਲ ਰਾਹ 'ਚ ਵਾਪਰੀ ਅਣਹੋਣੀ, ਮਿੰਟਾਂ 'ਚ ਪੈ ਗਿਆ ਚੀਕ-ਚਿਹਾੜਾ (ਵੀਡੀਓ)

ਇਸ ਤੋਂ ਬਾਅਦ ਜਦੋਂ ਪ੍ਰਵੀਨ ਗੁਪਤਾ ਤੇ ਉਸ ਦੇ ਪੁੱਤਰ ਅਭਿਸ਼ੇਕ ਗੁਪਤਾ ਨੇ ਰਾਜੀਵ ਅਗਰਵਾਲ ਨੂੰ ਧੀ ਨੂੰ ਵਾਪਸ ਸਹੁਰੇ ਘਰ ਭੇਜਣ ਲਈ ਕਿਹਾ ਤਾਂ ਉਸ ਨੇ ਪਹਿਲਾਂ ਤਾਂ ਟਾਲ-ਮਟੋਲ ਕਰਨੀ ਸ਼ੁਰੂ ਕਰ ਦਿੱਤੀ। ਬਾਅਦ ’ਚ ਗੁਪਤਾ ਪਰਿਵਾਰ ਖ਼ਿਲਾਫ਼ ਪੁਲਸ ਕੋਲ ਦਾਜ ਲਈ ਤੰਗ-ਪਰੇਸ਼ਾਨ ਕਰਨ ਦੀ ਸ਼ਿਕਾਇਤ ਦਰਜ ਕਰਵਾਈ। ਇਸ ਤੋਂ ਬਾਅਦ ਕਮਿਸ਼ਨਰੇਟ ਪੁਲਸ ਨੇ ਅਭਿਸ਼ੇਕ ਗੁਪਤਾ, ਪ੍ਰਵੀਨ ਗੁਪਤਾ, ਸੁਨੀਤਾ ਗੁਪਤਾ ਖ਼ਿਲਾਫ਼ ਦਾਜ ਦਾ ਪਰਚਾ ਦਰਜ ਕਰ ਲਿਆ ਗਿਆ। ਇਸ ਮਾਮਲੇ ’ਚ ਪ੍ਰਵੀਨ ਗੁਪਤਾ ਤੇ ਸੁਨੀਤਾ ਗੁਪਤਾ ਨੂੰ ਸੈਸ਼ਨ ਕੋਰਟ ਤੋਂ ਅਤੇ ਅਭਿਸ਼ੇਕ ਨੂੰ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਇਸ ਤੋਂ ਬਾਅਦ ਹਾਈਕੋਰਟ ’ਚ ਪ੍ਰਵੀਨ ਗੁਪਤਾ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਸੀ।

ਇਹ ਵੀ ਪੜ੍ਹੋ : ਘੋੜੇ ਰੱਖਣ ਦੇ ਸ਼ੌਕੀਨਾਂ ਲਈ ਚੰਗੀ ਖ਼ਬਰ, ਚੰਡੀਗੜ੍ਹ 'ਚ ਹੋਵੇਗੀ ਘੋੜਿਆਂ ਦੀ ਖੁੱਲ੍ਹੀ ਨਿਲਾਮੀ

ਇਸ ਮਾਮਲੇ 'ਚ ਇੰਪੀਰੀਅਲ ਮੈਨਾਲ ਤੇ ਮੋਦੀ ਰਿਜ਼ੋਰਟ ਵੱਲੋਂ ਲੱਖਾਂ ਰੁਪਏ ਦੇ ਬਿੱਲਾਂ ਨਾਲ ਛੇੜਛਾੜ ਕੀਤੀ ਗਈ ਸੀ, ਜੋ ਕਿ ਰਾਜੀਵ ਅਗਰਵਾਲ, ਜਤਿਨ ਕਾਲੜਾ ਵੱਲੋਂ ਅਦਾਲਤ ’ਚ ਪੇਸ਼ ਕੀਤੇ ਗਏ ਸਨ। ਜਦੋਂ ਇਨ੍ਹਾਂ ਬਿੱਲਾਂ ਦੀ ਜਾਂਚ ਕੀਤੀ ਗਈ ਤਾਂ ਦੋਵਾਂ ਪੈਲੇਸਾਂ ਦੇ ਮਾਲਕਾਂ ਨੇ ਇਨ੍ਹਾਂ ਬਿੱਲਾਂ ਨੂੰ ਝੂਠਾ ਦੱਸਿਆ। ਪੂਰੀ ਜਾਂਚ ਤੋਂ ਬਾਅਦ ਹਾਈਕੋਰਟ ਨੇ ਰਾਜੀਵ ਅਗਰਵਾਲ, ਤਾਂਸ਼ੀ ਅਗਰਵਾਲ ਅਤੇ ਜਤਿਨ ਕਾਲੜਾ ਖ਼ਿਲਾਫ਼ ਸਾਲ 2021 ’ਚ ਕੇਸ ਦਰਜ ਕੀਤਾ ਸੀ। ਹੁਣ ਥਾਣਾ-6 ਦੀ ਪੁਲਸ ਨੇ ਰਾਜੀਵ ਅਗਰਵਾਲ ਨੂੰ ਗ੍ਰਿਫ਼ਤਾਰ ਕਰ ਕੇ ਥਾਣੇ ਦੀ ਹਦੂਦ ’ਚ ਲਿਆਂਦਾ ਹੈ। ਪੁਲਸ ਇਸ ਮਾਮਲੇ ’ਚ ਨਾਮਜ਼ਦ ਤਾਂਸ਼ੀ ਅਗਰਵਾਲ ਤੇ ਜਤਿਨ ਕਾਲੜਾ ਦੀ ਭਾਲ ’ਚ ਛਾਪੇਮਾਰੀ ਕਰ ਰਹੀ ਹੈ। ਇਸ ਗ੍ਰਿਫ਼ਤਾਰੀ ਤੋਂ ਬਾਅਦ ਸ਼ਹਿਰ ’ਚ ਕਈ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News