10 ਹਜ਼ਾਰ ਮਹੀਨੇ 'ਤੇ ਰੱਖੀ ਨੌਕਰਾਣੀ ਤੋਂ ਕਮਾ ਲਏ ਕਰੋੜਾਂ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ
Thursday, Oct 19, 2023 - 01:23 PM (IST)
ਲੁਧਿਆਣਾ (ਗੌਤਮ) : ਘਰੇਲੂ ਕੰਮ ਲਈ ਰੱਖੀ ਨੌਕਰਾਣੀ ਦੇ ਨਾਂ ’ਤੇ ਜੀ. ਐੱਸ. ਟੀ. ਨੰਬਰ ਜਾਰੀ ਕਰਵਾ ਕੇ ਲੁਧਿਆਣਾ ਦੇ ਇਕ ਕਾਰੋਬਾਰੀ ਨੇ ਉਸ ਦੇ ਨਾਂ ’ਤੇ 2 ਮਹੀਨਿਆਂ ’ਚ ਹੀ ਕਰੋੜਾਂ ਰੁਪਏ ਦੀ ਬੋਗਸ ਬਿਲਿੰਗ ਕਰ ਦਿੱਤੀ। ਜੀ. ਐੱਸ. ਟੀ. ਵਿਭਾਗ ਨੇ ਜਦੋਂ ਇਸ ਸਕੈਮ ਨੂੰ ਫੜ੍ਹ ਕੇ ਦਸਤਾਵੇਜ਼ਾਂ ’ਚ ਦਰਜ ਮੋਬਾਇਲ ਨੰਬਰ ’ਤੇ ਕਾਲ ਕੀਤੀ ਤਾਂ ਪਤਾ ਲੱਗਾ ਕਿ ਫਰਮ ਔਰਤ ਦੇ ਨਾਂ ’ਤੇ ਹੈ ਅਤੇ ਕਿਸੇ ਘਰ ’ਚ ਕੰਮ ਕਰਦੀ ਹੈ। ਦੂਜੇ ਪਾਸੇ ਔਰਤ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਕਿ ਉਸ ਦੇ ਨਾਂ ’ਤੇ ਕਰੋੜਾਂ ਦਾ ਕਾਰੋਬਾਰ ਹੋ ਰਿਹਾ ਹੈ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖ਼ਿਸਕ ਗਈ, ਜਦੋਂ ਕਿ ਉਸ ਨੇ ਅਧਿਕਾਰੀਆਂ ਨੂੰ ਜਵਾਬ ਦਿੱਤਾ ਕਿ ਉਸ ਨੂੰ ਮਾਲਕ ਤੋਂ ਸਿਰਫ 10 ਹਜ਼ਾਰ ਰੁਪਏ ਮਹੀਨੇ ਦੇ ਮਿਲਦੇ ਹਨ। ਵਿਭਾਗ ਤੋਂ ਕਾਲ ਆਉਣ ਤੋਂ ਬਾਅਦ ਨੌਕਰਾਣੀ ਨੇ ਆਪਣਾ ਮੋਬਾਇਲ ਵੀ ਬੰਦ ਕਰ ਲਿਆ ਅਤੇ ਅੰਡਰਗਰਾਊਂਡ ਹੋ ਗਈ, ਜਦੋਂਕਿ ਵਿਭਾਗ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ। ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਜੀ. ਐੱਸ. ਟੀ. ਦੀ ਟੀਮ ਨੇ ਵਿਭਾਗ ਦੇ ਡਾਟਾ ਮਾਈਨਿੰਗ ਸਾਫਟਵੇਅਰ ਰਾਹੀਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਕੰਮ ਕਰਦੇ ਹੋਏ 1 ਅਕਤੂਬਰ ਨੂੰ ਇਕ ਟਰੱਕ ਫੜ੍ਹਿਆ ਸੀ, ਜਿਸ ’ਚ 3 ਟਨ ਕਾਪਰ ਵੀ ਭਰਿਆ ਹੋਇਆ ਸੀ।
ਇਹ ਵੀ ਪੜ੍ਹੋ : ਤੜਕੇ ਸਵੇਰੇ ਸੈਰ ਕਰਨ ਆਏ Retired ਬੈਂਕ ਮੁਲਾਜ਼ਮ ਦਾ ਕਤਲ, ਪੂਰੇ ਇਲਾਕੇ 'ਚ ਫੈਲੀ ਦਹਿਸ਼ਤ
ਵਿਭਾਗ ਨੇ ਕਾਰਵਾਈ ਕਰਦੇ ਹੋਏ ਟਰੱਕ ਦੇ ਮਾਲਕ ਨੂੰ 11.66 ਲੱਖ ਰੁਪਏ ਜੁਰਮਾਨਾ ਕੀਤਾ ਸੀ ਪਰ ਵਿਭਾਗ ਨੇ ਇਸ ਟਰੱਕ ’ਚੋਂ ਬਰਾਮਦ ਬਿੱਲਾਂ ਸਬੰਧੀ ਅਗਲੀ ਜਾਂਚ ਕੀਤੀ ਤਾਂ ਅਧਿਕਾਰੀ ਵੀ ਹੱਕੇ-ਬੱਕੇ ਰਹਿ ਗਏ। ਸਟੇਟ ਇੰਟੈਲੀਜੈਂਸ ਅਤੇ ਪ੍ਰੀਵੈਂਟਿਵ ਯੂਨਿਟ ਵੱਲੋਂ ਡਾਟਾ ਮਾਈਨਿੰਗ ਜ਼ਰੀਏ 15 ਦਿਨ ਦੀ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਇਸ ’ਚ ਲੱਗੇ ਇਕ ਬਿੱਲ ਦਾ ਜੀ. ਐੱਸ. ਟੀ. ਨੰਬਰ ਲੁਧਿਆਣਾ ਦੇ ਕੇ. ਟ੍ਰੇਡਰ ਦੀ ਫਰਮ ਨੇ 28 ਜੂਨ, 2023 ਨੂੰ ਜਾਰੀ ਕਰਵਾਇਆ ਸੀ ਅਤੇ ਇਸ ਫਰਮ ’ਚ ਉਨ੍ਹਾਂ ਨੇ ਨਮਕ, ਮਿਰਚ ਅਤੇ ਚਾਹਪੱਤੀ ਦਾ ਕਾਰੋਬਾਰ ਕਰਨ ਦੀ ਗੱਲ ਕੀਤੀ ਸੀ ਪਰ ਫਰਮ ਵੱਲੋਂ ਕਾਪਰ ਸਕ੍ਰੈਪ ਦੀ ਬਿਲਿੰਗ ਕੀਤੀ ਜਾ ਰਹੀ ਹੈ। ਫਰਮ ਵੱਲੋਂ ਕਾਪਰ ਸਕ੍ਰੈਪ ਦੀ ਬੋਗਸ ਬਿਲਿੰਗ ਕੀਤੀ ਜਾ ਰਹੀ ਹੈ। ਜਾਂਚ ’ਚ ਖ਼ੁਲਾਸਾ ਹੋਇਆ ਕਿ ਕਾਰੋਬਾਰੀ ਨੇ ਆਪਣੀ ਘਰੇਲੂ ਨੌਕਰਾਣੀ ਦੇ ਨਾਂ ’ਤੇ ਫਰਮ ਖੋਲ੍ਹੀ ਹੋਈ ਹੈ ਅਤੇ 2 ਮਹੀਨਿਆਂ ’ਚ ਹੀ ਉਸ ਨੇ 10 ਕਰੋੜ ਰੁਪਏ ਦੀ ਬੋਗਸ ਬਿਲਿੰਗ ਕਰ ਦਿੱਤੀ। ਜਾਂਚ ਤੋਂ ਬਾਅਦ ਪਤਾ ਲੱਗਾ ਕਿ ਜੀ. ਐੱਸ. ਟੀ. ਨੰਬਰ ਰਜਿਸਟ੍ਰੇਸ਼ਨ ਕਰਵਾਉਂਦੇ ਸਮੇਂ ਫਰਮ ਮਾਲਕ ਵੱਲੋਂ ਫਰਜ਼ੀ ਦਸਤਾਵੇਜ਼ਾਂ ਦੀ ਵਰਤੋਂ ਕੀਤੀ ਗਈ ਸੀ। ਇੱਥੋਂ ਤੱਕ ਕਿਰਾਇਆਨਾਮਾ ਵੀ ਪੁਰਾਣੇ ਅਸ਼ਟਾਮਾਂ ’ਤੇ ਲਿਖਵਾ ਕੇ ਜਮ੍ਹਾਂ ਕਰਵਾਇਆ ਗਿਆ ਸੀ, ਜਦੋਂਕਿ ਇਹ ਅਸ਼ਟਾਮ 2022 ’ਚ ਸੂਬਾ ਸਰਕਾਰ ਵੱਲੋਂ ਬੰਦ ਕਰ ਦਿੱਤੇ ਗਏ ਸਨ।
ਇਹ ਵੀ ਪੜ੍ਹੋ : ਘਰਵਾਲੀ 'ਤੇ ਸ਼ੱਕ ਕਰਨ ਵਾਲੇ ਨੇ ਫਿਰ ਖੂਨ ਨਾਲ ਰੰਗੇ ਹੱਥ, ਜਵਾਨ ਪੁੱਤ ਦਾ ਵੀ ਕੀਤਾ ਸੀ ਕਤਲ
ਫਰਮ ਵੱਲੋਂ ਕਿਰਾਇਆਨਾਮਾ 2023 ’ਚ ਤਿਆਰ ਕੀਤਾ ਗਿਆ ਸੀ। ਕਾਰਵਾਈ ਕਰਦੇ ਹੋਏ ਜਦੋਂ ਅਧਿਕਾਰੀਆਂ ਨੇ ਦਸਤਾਵੇਜ਼ਾਂ ’ਚ ਦਰਸਾਈ ਫਰਮ ਦੀ ਮਾਲਕਣ (ਘਰੇਲੂ ਨੌਕਰਾਣੀ) ਨਾਲ ਗੱਲ ਕੀਤੀ ਤਾਂ ਪਤਾ ਲੱਗਾ ਕਿ ਅਸਲ ’ਚ ਉਹ ਬਿਹਾਰ ਤੋਂ ਆਈ ਹੋਈ ਹੈ। ਉਹ ਅਤੇ ਉਸ ਦਾ ਪਤੀ ਲੇਬਰ ਦਾ ਕੰਮ ਕਰਦੇ ਹਨ। ਉਸ ਨੂੰ ਇਸ ਗੱਲ ਦਾ ਕੁੱਝ ਵੀ ਪਤਾ ਨਹੀਂ ਹੈ। ਉਸ ਨੇ ਦੱਸਿਆ ਕਿ ਉਸ ਦੇ ਮਾਲਕ ਨੇ ਪੱਕੇ ਤੌਰ ’ਤੇ ਕੰਮ ’ਤੇ ਰੱਖਣ ਲਈ ਪੁਲਸ ਤੋਂ ਵੈਰੀਫਿਕੇਸ਼ਨ ਕਰਵਾਉਣ ਲਈ ਆਧਾਰ ਕਾਰਡ ਵੀ ਲਿਆ ਸੀ। ਉਸ ਨੇ ਕੁੱਝ ਦਸਤਾਵੇਜ਼ਾਂ ’ਤੇ ਸਾਈਨ ਜ਼ਰੂਰ ਕਰਵਾਏ ਸਨ ਅਤੇ ਉਸ ਦੇ ਬਦਲੇ ਉਸ ਨੂੰ 10 ਹਜ਼ਾਰ ਰੁਪਏ ਦਿੱਤੇ ਸਨ ਅਤੇ ਹਰ ਮਹੀਨੇ 10 ਹਜ਼ਾਰ ਰੁਪਏ ਦੇਣ ਦੀ ਗੱਲ ਕਹੀ ਸੀ। ਜੀ. ਐੱਸ. ਟੀ. ਵਿਭਾਗ ਦੇ ਅਧਿਕਾਰੀਆਂ ਵੱਲੋਂ ਇਸ ਫਰਮ ਵੱਲੋਂ ਕੀਤੀ ਗਈ ਹਰ ਟ੍ਰਾਂਜ਼ੈਕਸ਼ਨ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਹੋਰ ਕਈ ਫਰਮਾਂ ਸਬੰਧੀ ਪਤਾ ਲੱਗਾ ਹੈ, ਜੋ ਇਸ ਫਰਮ ਨਾਲ ਕਾਰੋਬਾਰ ਕਰ ਰਹੀਆਂ ਸਨ। ਅਧਿਕਾਰੀਆਂ ਦਾ ਮੰਨਣਾ ਹੈ ਕਿ ਜਾਂਚ ਦੌਰਾਨ ਵਿਭਾਗ ਨੂੰ ਕਰੋੜਾਂ ਰੁਪਏ ਦਾ ਟੈਕਸ ਅਤੇ ਜੁਰਮਾਨਾ ਆਉਣ ਦੀ ਸੰਭਾਵਨਾ ਹੈ। ਹਾਲ ਦੀ ਘੜੀ ਹੁਣ ਤੱਕ 2 ਹੋਰ ਫਰਮਾਂ ਸਬੰਧੀ ਪਤਾ ਲੱਗਾ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8