96 ਲੱਖ ਦੀ ਧੋਖਾਧੜੀ ਕਰਨ ’ਤੇ 7 ਪ੍ਰਾਪਰਟੀ ਕਾਰੋਬਾਰੀਆਂ ਤੇ ਡੀਲਰਾਂ ’ਤੇ ਪਰਚਾ ਦਰਜ

Saturday, Feb 18, 2023 - 04:43 PM (IST)

96 ਲੱਖ ਦੀ ਧੋਖਾਧੜੀ ਕਰਨ ’ਤੇ 7 ਪ੍ਰਾਪਰਟੀ ਕਾਰੋਬਾਰੀਆਂ ਤੇ ਡੀਲਰਾਂ ’ਤੇ ਪਰਚਾ ਦਰਜ

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਪੁਲਸ ਨੇ 96 ਲੱਖ ਦੀ ਧੋਖਾਧੜੀ ਕਰਨ ’ਤੇ 7 ਪ੍ਰਾਪਰਟੀ ਕਾਰੋਬਾਰੀ ਹਰਮਿੰਦਰ ਸਿੰਘ, ਰਜਿੰਦਰ ਸਿੰਘ ਵਾਸੀ ਮਾਛੀਵਾੜਾ, ਗੁਰਜੀਤ ਸਿੰਘ ਵਾਸੀ ਅਕਾਲਗੜ੍ਹ, ਚੰਦਰ ਮੋਹਨ ਉਰਫ਼ ਸੋਨੂੰ ਵਾਸੀ ਝੱਜੋਵਾਲ (ਹੁਸ਼ਿਆਰਪੁਰ), ਦਿਨੇਸ਼ ਕੁਮਾਰ ਵਾਸੀ ਸੇਲਾ ਖੁਰਦ (ਹੁਸ਼ਿਆਰਪੁਰ), ਅਵਤਾਰ ਸਿੰਘ ਵਾਸੀ ਪਿੰਡ ਕੁੰਬੜਾ ਫ਼ਤਹਿਗੜ੍ਹ ਸਾਹਿਬ, ਰਾਜੇਸ਼ ਕਪਿਲ ਵਾਸੀ ਮਾਛੀਵਾੜਾ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਖਰੜ ਦੇ ਨਿਵਾਸੀ ਰਾਮ ਰਤਨ ਨੇ ਪੁਲਸ ਨੂੰ ਇਕ ਸ਼ਿਕਾਇਤ ਦਰਜ ਕਰਵਾਈ ਕਿ ਉਸਦਾ ਪ੍ਰਾਪਰਟੀ ਡੀਲਰਾਂ ਨੇ ਹਰਮਿੰਦਰ ਸਿੰਘ ਨਾਲ ਪਿੰਡ ਜੰਡਿਆਲਾ, ਤਹਿਸੀਲ ਗੜ੍ਹਸ਼ੰਕਰ ਵਿਖੇ ਇਕ 23 ਏਕੜ ਜ਼ਮੀਨ ਦਾ ਸੌਦਾ ਕਰਵਾਇਆ। ਬਿਆਨਕਰਤਾ ਅਨੁਸਾਰ ਜ਼ਮੀਨ ਦੇ ਬਿਆਨੇ ਵਜੋਂ ਉਸਨੇ ਪਹਿਲੀ ਕਿਸ਼ਤ 13 ਲੱਖ 30 ਹਜ਼ਾਰ ਰੁਪਏ ਦਿੱਤੇ ਅਤੇ ਫਿਰ ਬਾਅਦ ਵਿਚ ਇਨ੍ਹਾਂ ਪ੍ਰਾਪਰਟੀ ਡੀਲਰਾਂ ਦੀ ਮੌਜੂਦਗੀ ਵਿਚ ਜ਼ਮੀਨ ਵੇਚਣ ਵਾਲੇ ਹਰਮਿੰਦਰ ਸਿੰਘ ਨੇ ਵੱਖ-ਵੱਖ ਤਰੀਕਾਂ ’ਤੇ ਕੁੱਲ 94 ਲੱਖ ਰੁਪਏ ਵਸੂਲ ਲਏ। ਇਸ ਤੋਂ ਇਲਾਵਾ 2.50 ਲੱਖ ਰੁਪਏ ਉਧਾਰੇ ਲਏ ਅਤੇ ਕਿਹਾ ਕਿ ਇਹ ਸਾਰੀ ਕੁੱਲ ਰਾਸ਼ੀ 96.50 ਲੱਖ ਰੁਪਏ ਜ਼ਮੀਨ ਦੀ ਰਜਿਸਟਰੀ ਮੌਕੇ ਐਡਜਸਟ ਕਰ ਲਈ ਜਾਵੇਗੀ।

ਬਿਆਨਕਰਤਾ ਰਾਮ ਰਤਨ ਅਨੁਸਾਰ ਉਸ ਨੂੰ ਬਾਅਦ ਵਿਚ ਪਤਾ ਲੱਗਾ ਕਿ ਹਰਮਿੰਦਰ ਸਿੰਘ ਨੇ ਜੋ ਜ਼ਮੀਨ ਦਾ ਬਿਆਨਾ ਉਸ ਨਾਲ ਕੀਤਾ ਹੈ ਉਸਦੀ ਰਜਿਸਟਰੀ ਪਹਿਲੇ ਮਾਲਕਾਂ ਤੋਂ ਆਪਣੇ ਨਾਮ ਕਰਵਾਈ ਹੀ ਨਹੀਂ ਸਗੋਂ ਉਸ ਨੂੰ ਧੋਖੇ ਵਿਚ ਰੱਖ ਕੇ ਪ੍ਰਾਪਰਟੀ ਡੀਲਰਾਂ ਦੀ ਸਹਾਇਤਾ ਨਾਲ 96.50 ਲੱਖ ਰੁਪਏ ਵਸੂਲ ਲਏ। ਇੱਥੋਂ ਤੱਕ ਜ਼ਮੀਨ ਦੇ ਪਹਿਲੇ ਇਕਰਾਰਨਾਮੇ ਵਿਚ ਇਕ ਪ੍ਰਾਪਰਟੀ ਡੀਲਰ ਨੇ ਆਪਣਾ ਨਾਮ ਰਾਜੇਸ਼ ਕੁਮਾਰ ਵਾਸੀ ਸੈਦਪੁਰ ਦਰਜ ਕੀਤਾ ਜਦਕਿ ਜੋ ਉਸ ਨਾਲ ਜ਼ਮੀਨ ਦਾ ਇਕਰਾਰਨਾਮਾ ਹੋਇਆ ਉਸ ਵਿਚ ਉਸਨੇ ਆਪਣਾ ਰਾਜੇਸ਼ ਕਪਿਲ ਵਾਸੀ ਮਾਛੀਵਾੜਾ ਦਰਜ ਕੀਤਾ ਜਿਸ ਤੋਂ ਉਸਦੀ ਕੀਤੀ ਧੋਖਾਧੜੀ ਸਾਫ਼ ਦਰਜ ਹੁੰਦੀ ਹੈ। ਜ਼ਮੀਨ ਖਰੀਦਣ ਵਾਲੇ ਰਾਮ ਰਤਨ ਅਨੁਸਾਰ ਉਸਨੇ ਜ਼ਮੀਨ ਵੇਚਣ ਵਾਲੇ ਦੇ ਪਿਤਾ ਰਜਿੰਦਰ ਸਿੰਘ ਪਾਸ ਕਈ ਵਾਰ ਪਹੁੰਚ ਕੀਤੀ ਕਿ ਉਸ ਨੂੰ ਜ਼ਮੀਨ ਦੀ ਰਜਿਸਟਰੀ ਕਰਵਾਈ ਜਾਵੇ ਪਰ ਉਸਨੇ ਦੱਸਿਆ ਕਿ ਉਸਦਾ ਲੜਕਾ ਹਰਮਿੰਦਰ ਸਿੰਘ ਕੈਨੇਡਾ ਜਾ ਚੁੱਕਾ ਹੈ ਜਿਸ ਕਾਰਨ ਹੁਣ ਰਜਿਸਟਰੀ ਨਹੀਂ ਹੋ ਸਕਦੀ। 

ਇਸ ਮਾਮਲੇ ਦੀ ਜਾਂਚ ਡੀ. ਐੱਸ. ਪੀ. ਸਮਰਾਲਾ ਵਲੋਂ ਕੀਤੀ ਜਿਨ੍ਹਾਂ ਨੇ ਆਪਣੀ ਪੜਤਾਲ ’ਤੇ ਦੋਵਾਂ ਧਿਰਾਂ ਨੂੰ ਸੁਣਨ ਉਪਰੰਤ ਜੋ ਰਿਪੋਰਟ ਪੇਸ਼ ਕੀਤੀ ਉਸ ਵਿਚ ਜ਼ਮੀਨ ਖਰੀਦਣ ਵਾਲੇ ਰਾਮ ਰਤਨ ਦੇ ਬਿਆਨਾਂ ਦੇ ਅਧਾਰ ’ਤੇ ਜ਼ਮੀਨ ਵੇਚਣ ਵਾਲੇ ਅਤੇ ਪ੍ਰਾਪਰਟੀ ਡੀਲਰਾਂ ਸਮੇਤ ਧੋਖਾਧੜੀ ਦਾ ਮਾਮਲਾ ਦਰਜ ਕਰਨ ਦੇ ਨਿਰਦੇਸ਼ ਦਿੱਤੇ। ਮਾਛੀਵਾੜਾ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਪਰ ਇਸ ਸਬੰਧੀ ਅਜੇ ਕੋਈ ਗ੍ਰਿਫ਼ਤਾਰੀ ਨਹੀਂ ਹੋਈ।   


author

Gurminder Singh

Content Editor

Related News