ਕਾਰੋਬਾਰੀਆਂ ਨੂੰ ਤੰਗ ਕਰਨ ਵਾਲੇ ਦਲਾਲਾਂ ਖਿਲਾਫ 4 ਕਾਂਗਰਸੀ ਵਿਧਾਇਕਾਂ ਦੀ ਪਹਿਲ ਕਦਮੀ, ਕੀਤੀ ਇਹ ਮੰਗ
Tuesday, Sep 19, 2017 - 02:52 PM (IST)
ਲੁਧਿਆਣਾ : ਸ਼ਹਿਰ 'ਚ ਕਾਰੋਬਾਰੀ ਵਰਗ ਪਹਿਲਾਂ ਹੀ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਪਰੇਸ਼ਾਨ ਹੋ ਕੇ ਮੁਸ਼ਕਲਾਂ ਨਾਲ ਜੂਝ ਰਿਹਾ ਹੈ। ਇਨ੍ਹਾਂ ਕਾਰੋਬਾਰੀਆਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਚਾਰ ਕਾਂਗਰਸੀ ਵਿਧਾਇਕਾਂ ਸੰਜੇ ਤਲਵਾੜ, ਭਾਰਤ ਭੂਸ਼ਣ, ਸੁਰਿੰਦਰ ਡਾਬਰ ਅਤੇ ਕੁਲਦੀਪ ਸਿੰਘ ਵੈਦ ਨੇ ਜ਼ਿਲਾ ਪੁਲਸ ਕਮਿਸ਼ਨਰ ਨੂੰ ਮਿਲ ਕੇ ਇਸ ਸਭ ਮਾਮਲੇ ਬਾਰੇ ਜਾਣਕਾਰੀ ਦਿੱਤੀ। ਇਨ੍ਹਾਂ ਵਿਧਾਇਕਾਂ ਨੇ ਕਿਹਾ ਕਿ ਸ਼ਹਿਰ 'ਚ ਕੁਝ ਪੁਲਸ ਮੁਲਾਜ਼ਮਾਂ ਨਾਲ ਮਿਲੀ-ਭੁਗਤ ਕਰਕੇ ਕੁਝ ਦਲਾਲ ਲੋਕਲ ਫੈਕਟਰੀਆਂ ਅਤੇ ਕੰਪਨੀਆਂ 'ਚ ਛਾਪੇਮਾਰੀ ਕਰਕੇ ਮੋਟੀ ਰਕਮ ਵਸੂਲ ਰਹੇ ਹਨ ਅਤੇ ਕਾਰੋਬਾਰੀਆਂ ਤੋਂ ਮਹੀਨਾ ਅਤੇ ਹਫਤਾਵਰੀ ਉਗਰਾਹੀ ਵੀ ਮੰਗਦੇ ਹਨ। ਸੰਜੇ ਤਲਵਾੜ ਨੇ ਦੱਸਿਆ ਕਿ ਪੁਲਸ ਕਮਿਸ਼ਨਰ ਆਰ. ਐੱਨ. ਢੋਕੇ ਦੇ ਧਿਆਨ 'ਚ ਲਿਆਂਦਾ ਗਿਆ ਕਿ ਕੁਝ ਵਿਅਕਤੀ ਵੱਖ-ਵੱਖ ਮਲਟੀਨੈਸ਼ਨਲ ਕੰਪਨੀਆਂ ਦੇ ਨੁਮਾਇੰਦੇ ਬਣ ਕੇ ਪੁਲਸ ਥਾਣੇ ਦੇ ਕੁਝ ਅਧਿਕਾਰੀਆਂ ਨਾਲ ਮਿਲ ਕੇ ਛਾਪੇਮਾਰੀ ਕਰਦੇ ਹਨ। ਅਜਿਹੇ ਲੋਕ ਪਹਿਲਾਂ ਕੰਪਨੀ ਦਾ ਸਮਾਨ ਜ਼ਬਤ ਕਰਨ ਅਤੇ ਮਾਮਲਾ ਦਰਜ ਕਰਨ ਦੀ ਧਮਕੀ ਦਿੰਦੇ ਹਨ ਅਤੇ ਫਿਰ ਸੈਟਿੰਗ ਦਾ ਖੇਡ ਖੇਡਦੇ ਹੋਏ ਆਪਣਾ ਕੰਮ ਸ਼ੁਰੂ ਕਰ ਦਿੰਦੇ ਹਨ, ਜਿਸ ਨਾਲ ਭੋਲੇ-ਭਾਲੇ ਲੋਕ ਇਨ੍ਹਾਂ ਦੇ ਖੇਡ 'ਚ ਫਸ ਜਾਂਦੇ ਹਨ। ਇਸ ਪੂਰੇ ਘਟਨਾਕ੍ਰਮ 'ਚ ਕਾਰੋਬਾਰੀਆਂ ਨੂੰ ਵੀ ਜਲੀਲ ਹੋਣਾ ਪੈਂਦਾ ਹੈ, ਜਿਸ ਕਾਰਨ ਉਨ੍ਹਾਂ ਦਾ ਪੰਜਾਬ 'ਚ ਕਾਰੋਬਾਰ ਕਰਨ ਤੋਂ ਮਨ ਖੱਟਾ ਹੋ ਜਾਂਦਾ ਹੈ ਅਤੇ ਇਸੇ ਕਾਰਨ ਪੰਜਾਬ ਸਰਕਾਰ ਅਤੇ ਆਮ ਲੋਕਾਂ ਨੂੰ ਨੁਕਸਾਨ ਝੱਲਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਆਰਥਿਕ ਲੁੱਟ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਜ਼ਰੂਰੀ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
