ਪੰਜਾਬ 'ਚ 2 ਘੰਟੇ ਰਿਹਾ ਸਰਕਾਰੀ ਬੱਸਾਂ ਦਾ ਚੱਕਾ ਜਾਮ, ਲੋਕਾਂ ਨੂੰ ਹੋਈ ਭਾਰੀ ਪਰੇਸ਼ਾਨੀ

12/16/2022 2:19:59 PM

ਲੁਧਿਆਣਾ (ਮੋਹਿਨੀ) : ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਬੱਸ ਅੱਡੇ 'ਤੇ 2 ਘੰਟੇ ਬੱਸਾਂ ਦਾ ਚੱਕਾ ਜਾਮ ਕੀਤਾ। ਇਸ ਦੌਰਾਨ ਕਿਸੇ ਵੀ ਬੱਸ ਨੂੰ ਅੰਦਰ ਜਾਣ ਜਾਂ ਬਾਹਰ ਜਾਣ ਦੀ ਮਨਜ਼ੂਰੀ ਨਹੀਂ ਸੀ। ਯੂਨੀਅਨ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਉਨ੍ਹਾਂ ਦੀਆਂ ਲਟਕਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ, ਜਿਸ ਕਾਰਨ ਉਹ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜਬੂਰ ਹਨ। ਡਿਪੂ ਪ੍ਰਧਾਨ ਸਤਨਾਮ ਸਿੰਘ, ਸ਼ਮਸ਼ੇਰ ਸਿੰਘ, ਗੁਰਪ੍ਰੀਤ ਸਿੰਘ ਨੇ ਕਿਹਾ ਕਿ ਟਰਾਂਸਪੋਰਟ ਵਿਭਾਗ ਅਤੇ ਟਰਾਂਸਪੋਰਟ ਮੰਤਰੀ ਨਾਲ ਹੋਈਆਂ ਮੀਟਿੰਗਾਂ 'ਚ ਅਹਿਮ ਮੁੱਦੇ ਵਿਚਾਰੇ ਗਏ ਸਨ ਪਰ ਉਨ੍ਹਾਂ ਨੂੰ ਲਾਗੂ ਨਹੀਂ ਕੀਤਾ ਗਿਆ।

ਇਹ ਵੀ ਪੜ੍ਹੋ : ਲੁਧਿਆਣਾ 'ਚ ਸਿਲੰਡਰ ਫਟਣ ਕਾਰਨ ਜ਼ਬਰਦਸਤ ਧਮਾਕਾ, ਦੇਖੋ ਹਾਦਸੇ ਦਾ ਮੰਜ਼ਰ ਬਿਆਨ ਕਰਦੀਆਂ ਤਸਵੀਰਾਂ

ਇਸ ਕਾਰਨ ਮੁਲਾਜ਼ਮਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਵੱਲੋਂ ਕੀਤੀਆਂ ਗਈਆਂ ਨਾਜਾਇਜ਼ ਰਿਪੋਰਟਾਂ ਨੂੰ ਜਲਦੀ ਬੰਦ ਕਰਕੇ ਉਨ੍ਹਾਂ ਦੀ ਬਹਾਲੀ ਤੁਰੰਤ ਕੀਤੀ ਜਾਵੇ। ਉਕਤ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਬਿਨਾਂ ਟ੍ਰੇਨਿੰਗ ਦੇ ਡਰਾਈਵਰਾਂ ਦੀ ਭਰਤੀ ਨਾਜਾਇਜ਼ ਹੈ, ਜਿਸ ਨੂੰ ਉਹ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ। 2 ਘੰਟੇ ਚੱਲੀ ਇਸ ਹੜਤਾਲ ਕਾਰਨ ਸਵਾਰੀਆਂ ਨੂੰ ਵੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਬੱਸ ਅੱਡੇ ਤੋਂ ਸਰਕਾਰੀ ਬੱਸਾਂ ਦਾ ਜਾਮ ਲੱਗ ਗਿਆ ਸੀ ਅਤੇ ਬੱਸ ਸਟੈਂਡ ਦੇ ਕਾਊਂਟਰਾਂ ’ਤੇ ਕੋਈ ਵੀ ਬੱਸ ਖੜ੍ਹੀ ਨਹੀਂ ਸੀ।

ਇਹ ਵੀ ਪੜ੍ਹੋ : ਪੰਜਾਬ ਦੀਆਂ 'ਪੰਚਾਇਤਾਂ' ਨੂੰ ਲੈ ਕੇ ਵੱਡੀ ਖ਼ਬਰ, ਇਹ ਹੁਕਮ ਨਾ ਮੰਨੇ ਤਾਂ ਮੁਅੱਤਲ ਹੋਣਗੇ ਸਰਪੰਚ

ਇਸ ਦਾ ਫ਼ਾਇਦਾ ਪ੍ਰਾਈਵੇਟ ਟਰਾਂਸਪੋਰਟ ਚਾਲਕਾਂ ਨੇ ਚੁੱਕਿਆ ਕਿਉਂਕਿ ਉਨ੍ਹਾਂ ਨੇ ਬੱਸ ਅੱਡੇ ਦੇ ਬਾਹਰ ਆਪਣੀਆਂ ਬੱਸਾਂ ਖੜ੍ਹੀਆਂ ਕਰ ਕੇ ਸਵਾਰੀਆਂ ਭਰ ਦਿੱਤੀਆਂ ਅਤੇ ਟ੍ਰੈਫਿਕ ਜਾਮ ਵਰਗੀ ਸਥਿਤੀ ਪੈਦਾ ਕਰ ਦਿੱਤੀ। ਯੂਨੀਅਨ ਆਗੂਆਂ ਨੇ ਕਿਹਾ ਕਿ ਜੇਕਰ ਟਰਾਂਸਪੋਰਟ ਵਿਭਾਗ ਅਤੇ ਪੰਜਾਬ ਸਰਕਾਰ ਨੇ ਇਸ ਪਾਸੇ ਕੋਈ ਧਿਆਨ ਨਾ ਦਿੱਤਾ ਤਾਂ ਉਹ ਆਪਣਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰੱਖਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News