ਬੱਸ ਟਰਾਂਸਪੋਰਟਰ ਨੂੰ ਬਾਈਕ ਚਾਲਕ ਨੇ ਮਾਰੀ ਟੱਕਰ, ਮੌਤ
Saturday, Feb 24, 2018 - 07:08 AM (IST)

ਜਲੰਧਰ, (ਮ੍ਰਿਦੁਲ ਸ਼ਰਮਾ)- ਪਰਾਗਪੁਰ ਰੋਡ 'ਤੇ ਦੁਪਹਿਰ 2 ਵਜੇ ਦੇ ਕਰੀਬ ਬੁਲੇਟ 'ਤੇ ਫੁੱਫੜ ਦੇ ਸਸਕਾਰ ਵਿਚ ਜਾ ਰਹੇ ਪੰਜਾਬ ਬੱਸ ਟਰਾਂਸਪੋਰਟ ਦੇ ਮਾਲਕ ਕਮਲਦੀਪ ਸਿੰਘ (40) ਨੂੰ ਸਾਹਮਣਿਓਂ ਤੇਜ਼ ਰਫਤਾਰ ਆ ਰਹੇ ਬਾਈਕ ਚਾਲਕ ਨੇ ਟੱਕਰ ਮਾਰ ਦਿੱਤੀ। ਇਕ ਆਟੋ ਚਾਲਕ ਕਮਲਦੀਪ ਨੂੰ ਨੇੜਲੇ ਹਸਪਤਾਲ ਲੈ ਕੇ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ਵਿਚ ਬਾਈਕ ਸਵਾਰ ਨੌਜਵਾਨ ਵੀ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਪਿੱਛੇ ਆ ਰਹੇ ਉਸ ਦੇ ਦੋਸਤ ਨੇ ਜੌਹਲ ਹਸਪਤਾਲ ਵਿਖੇ ਦਾਖਲ ਕਰਵਾਇਆ। ਹਾਦਸੇ ਤੋਂ ਬਾਅਦ ਸੜਕ 'ਤੇ ਭਾਰੀ ਜਾਮ ਲੱਗ ਗਿਆ। ਮੌਕੇ 'ਤੇ ਪਹੁੰਚੀ ਥਾਣਾ ਰਾਮਾ ਮੰਡੀ ਦੀ ਪੁਲਸ ਨੇ ਮੁਲਜ਼ਮ ਬਾਈਕ ਚਾਲਕ 'ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਦਲਬੀਰ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਕਮਲਦੀਪ ਸਿੰਘ ਕੁੱਕੜ ਪਿੰਡ ਦਾ ਵਸਨੀਕ ਹੈ। ਪਿਤਾ ਮਹਿੰਦਰ ਸਿੰਘ ਸਾਬਕਾ ਸਰਪੰਚ ਹਨ। ਪਰਿਵਾਰ ਦਾ ਇਕਲੌਤਾ ਪੁੱਤਰ ਹੋਣ ਕਾਰਨ ਸਾਰਾ ਕੰਮ ਉਹੀ ਦੇਖਦਾ ਸੀ। ਪਤਨੀ ਪਰਮਜੀਤ ਹਾਊਸ ਵਾਈਫ ਹੈ ਤੇ ਉਸਦਾ 14 ਸਾਲ ਦਾ ਇਕ ਬੇਟਾ ਤੇ ਇਕ ਬੇਟੀ ਹੈ। ਉਹ ਘਰੋਂ ਦੁਪਹਿਰ 2 ਵਜੇ ਦੇ ਕਰੀਬ ਫੁੱਫੜ ਦੇ ਸਸਕਾਰ ਵਿਚ ਸ਼ਾਮਲ ਹੋਣ ਲਈ ਨਿਕਲਿਆ ਸੀ।
ਰਸਤੇ ਵਿਚ ਪਰਾਗਪੁਰ-ਦੀਪ ਨਗਰ ਰੋਡ 'ਤੇ ਸਥਿਤ ਅਹੂਜਾ ਜਨਰਲ ਸਟੋਰ ਦੇ ਬਾਹਰ ਸਾਹਮਣਿਓਂ ਇਕ ਯਾਮਾਹਾ ਬਾਈਕ ਚਾਲਕ ਤੇਜ਼ੀ ਨਾਲ ਆਇਆ ਤੇ ਸਿੱਧਾ ਬੁਲੇਟ ਵਿਚ ਟੱਕਰ ਮਾਰ ਦਿੱਤੀ। ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ ਬਾਈਕ ਚਾਲਕ ਆਪਣੇ ਦੋਸਤਾਂ ਨਾਲ ਰੇਸ ਲਾ ਰਿਹਾ ਸੀ। ਹਾਦਸੇ ਵਿਚ ਉਹ ਖੁਦ ਤਾਂ ਇਕ ਪਾਸੇ ਡਿੱਗ ਪਿਆ ਪਰ ਉਸ ਦੇ ਭਰਾ ਕਮਲਦੀਪ ਸਿੰਘ ਦੇ ਸਿਰ ਵਿਚ ਡੂੰਘੀ ਸੱਟ ਲੱਗ ਗਈ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਓਧਰ ਮੌਕੇ 'ਤੇ ਪਹੁੰਚੇ ਸਬ-ਇੰਸਪੈਕਟਰ ਰਵਿੰਦਰ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਬਾਈਕ ਚਾਲਕ ਲੋਵੇਸ਼ ਪੁੱਤਰ ਬਾਦਲ ਦੀਪ ਨਗਰ ਦਾ ਰਹਿਣ ਵਾਲਾ ਹੈ, ਜਿਸ ਦੀ ਹਾਲਤ ਵੀ ਕਾਫੀ ਗੰਭੀਰ ਹੈ। ਮੁਲਜ਼ਮ ਦੇ ਹੋਸ਼ ਵਿਚ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਕਲੌਤਾ ਪੁੱਤਰ ਸੀ ਕਮਲਦੀਪ
ਚਚੇਰੇ ਭਰਾ ਦਲਬੀਰ ਸਿੰਘ ਨੇ ਦੱਸਿਆ ਕਿ ਮਾਂ ਦੀ 1998 ਵਿਚ ਮੌਤ ਹੋ ਜਾਣ ਤੋਂ ਬਾਅਦ ਕਮਲਦੀਪ ਹੀ ਸਾਰਾ ਕੰਮ ਸੰਭਾਲ ਰਿਹਾ ਸੀ, ਕਿਉਂਕਿ ਪਿਤਾ ਸ਼ੂਗਰ ਦੇ ਮਰੀਜ਼ ਹੋਣ ਕਾਰਨ ਬੀਮਾਰ ਰਹਿੰਦੇ ਹਨ।